2 ਕਿਲੋਮੀਟਰ ਸੜਕ ''ਤੇ 22 ਕਰੋੜ ਖਰਚ ਕਰਨ ਦਾ ਪ੍ਰਸਤਾਵ ਅੱਗੇ ਵਧਿਆ
Wednesday, Feb 07, 2018 - 06:45 AM (IST)
ਜਲੰਧਰ, (ਖੁਰਾਣਾ)- ਸਮਾਰਟ ਸਿਟੀ ਯੋਜਨਾ ਤਹਿਤ ਕੇਂਦਰ ਸਰਕਾਰ ਕੋਲੋਂ ਆਉਣ ਵਾਲੇ ਪੈਸਿਆਂ ਨਾਲ ਜਿਥੇ ਨਗਰ ਨਿਗਮ ਸ਼ਹਿਰ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਤੇ ਸਮਾਰਟ ਬਣਾਉਣ ਦੇ ਕੰਮ ਵਿਚ ਜੁਟ ਗਿਆ ਹੈ, ਉਥੇ ਨਗਰ ਨਿਗਮ ਨੇ ਮਾਡਲ ਟਾਊਨ ਇਲਾਕੇ ਦੀ 2 ਕਿਲੋਮੀਟਰ ਸੜਕ ਨੂੰ ਸਮਾਰਟ ਰੋਡ ਬਣਾਉਣ ਦੇ ਪ੍ਰਸਤਾਵ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਸਮਾਰਟ ਸਿਟੀ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਕੰਸਲਟੈਂਟ ਕੰਪਨੀ ਦੇ ਅਧਿਕਾਰੀਆਂ ਨੇ ਅੱਜ ਮਾਡਲ ਟਾਊਨ ਜਾ ਕੇ ਸਮਾਰਟ ਰੋਡ ਪ੍ਰਾਜੈਕਟ ਬਾਰੇ ਸਰਵੇ ਸ਼ੁਰੂ ਕੀਤਾ। ਟਰੈਫਿਕ ਤੇ ਹੋਰ ਵਿਵਸਥਾਵਾਂ ਨੂੰ ਵੇਖਿਆ।
ਜ਼ਿਕਰਯੋਗ ਹੈ ਕਿ ਇਸ 2 ਕਿਲੋਮੀਟਰ ਸਮਾਰਟ ਰੋਡ ਨੂੰ ਰੀ-ਡਿਜ਼ਾਈਨ ਕਰਨ ਦੇ ਕੰਮ 'ਤੇ 22 ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਹੈ। ਇਸ ਨੂੰ ਲੈ ਕੇ ਸ਼ਹਿਰ ਵਿਚ ਚਰਚਾ ਛਿੜੀ ਹੋਈ ਹੈ ਕਿ ਇਕ ਪਾਸੇ ਜਿਥੇ ਜ਼ਿਆਦਾਤਰ ਜਲੰਧਰ ਵਾਸੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਦੂਜੇ ਪਾਸੇ 2 ਕਿਲੋਮੀਟਰ ਸੜਕ 'ਤੇ 22 ਕਰੋੜ ਰੁਪਏ ਖਰਚ ਕਰਨਾ ਕਿੱਥੋਂ ਤੱਕ ਜਾਇਜ਼ ਹੈ?
ਕੀ-ਕੀ ਹੋਵੇਗਾ ਸਮਾਰਟ ਰੋਡ 'ਚ? : ਸਮਾਰਟ ਸਿਟੀ ਯੋਜਨਾ ਤਹਿਤ ਬਣਾਉਣ ਵਾਲੀ ਸਮਾਰਟ ਰੋਡ ਵਿਚ ਮਾਡਲ ਟਾਊਨ ਮਾਰਕੀਟ ਨੂੰ 'ਨੋ ਵ੍ਹੀਕਲ ਜ਼ੋਨ' ਬਣਾਇਆ ਜਾਵੇਗਾ। ਇਸ ਰੋਡ 'ਤੇ ਸਾਈਕਲ ਟਰੈਕ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਤਹਿਤ ਨਿੱਕੂ ਪਾਰਕ ਨੇੜੇ ਮਲਟੀ-ਲੈਵਲ ਪਾਰਕਿੰਗ ਬਣਾਉਣ ਦੀ ਵੀ ਵਿਵਸਥਾ ਹੈ।
ਅੱਜ ਫਿਰ ਗੱਡੀਆਂ ਨੂੰ ਨਹੀਂ ਮਿਲਿਆ ਤੇਲ : ਇਕ ਪਾਸੇ ਨਿਗਮ 2 ਕਿਲੋਮੀਟਰ ਸੜਕ 'ਤੇ 22 ਕਰੋੜ ਰੁਪਏ ਖਰਚ ਕਰਨ ਦੇ ਸੁਪਨੇ ਸ਼ਹਿਰ ਵਾਸੀਆਂ ਨੂੰ ਵਿਖਾ ਰਿਹਾ ਹੈ, ਉਥੇ ਵਿੱਤੀ ਸੰਕਟ ਨਾਲ ਜੂਝ ਰਹੀਆਂ ਨਿਗਮ ਦੀਆਂ ਗੱਡੀਆਂ ਨੂੰ ਅੱਜ ਵੀ ਡੀਜ਼ਲ ਦੀ ਸਪਲਾਈ ਨਹੀਂ ਹੋ ਸਕੀ ਕਿਉਂਕਿ ਨਿਗਮ ਦੇ ਪੈਟਰੋਲ ਪੰਪ ਵਿਚ ਡੀਜ਼ਲ ਖਤਮ ਹੋ ਗਿਆ ਸੀ। ਇਸ ਕਾਰਨ ਅੱਜ ਬੀ. ਐਂਡ ਆਰ. ਵਿਭਾਗ ਦੀਆਂ ਗੱਡੀਆਂ ਨਹੀਂ ਚੱਲ ਸਕੀਆਂ। ਨਾ ਹੀ ਸ਼ਹਿਰ ਵਿਚ ਪੈਚਵਰਕ ਹੋ ਸਕਿਆ।
