ਪ੍ਰਾਪਰਟੀ ਟੈਕਸ : ਨਗਰ ਨਿਗਮ ਦੇ ਸਾਹਮਣੇ 9 ਦਿਨਾਂ ''ਚ 36 ਕਰੋੜ ਇਕੱਠੇ ਕਰਨ ਦੀ ਚੁਣੌਤੀ
Saturday, Mar 24, 2018 - 06:12 AM (IST)

ਲੁਧਿਆਣਾ(ਹਿਤੇਸ਼)-ਮੌਜੂਦਾ ਵਿੱਤੀ ਸਾਲ ਖਤਮ ਹੋਣ ਮਤਲਬ ਕਿ 31 ਮਾਰਚ ਆਉਣ ਵਿਚ ਸਿਰਫ 9 ਦਿਨ ਬਾਕੀ ਰਹਿ ਗਏ ਹਨ ਅਤੇ ਨਗਰ ਨਿਗਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਾਪਰਟੀ ਟੈਕਸ ਦੇ 36 ਕਰੋੜ ਇਕੱਠੇ ਕਰਨ ਦੀ ਚੁਣੌਤੀ ਹੈ, ਕਿਉਂਕਿ ਸਰਕਾਰ ਨੇ ਨਗਰ ਨਿਗਮ ਨੂੰ ਇਸ ਸਾਲ ਵਿਚ ਪ੍ਰਾਪਰਟੀ ਟੈਕਸ ਦੇ 100 ਕਰੋੜ ਇਕੱਠੇ ਕਰਨ ਦਾ ਟਾਰਗੈੱਟ ਦਿੱਤਾ ਹੋਇਆ ਹੈ ਅਤੇ ਹੁਣ ਤੱਕ ਸਿਰਫ 64 ਕਰੋੜ ਹੀ ਇਕੱਠੇ ਹੋਏ ਹਨ । ਹੁਣ ਵੇਖਣਾ ਹੈ ਕਿ ਬਾਕੀ ਰਹਿੰਦੇ ਟਾਰਗੈੱਟ ਨੂੰ ਹਾਸਲ ਕਰਨ ਵਿਚ ਨਗਰ ਨਿਗਮ ਦੇ ਅਫਸਰਾਂ ਨੂੰ ਕਿੰਨੀ ਸਫਲਤਾ ਹਾਸਲ ਹੁੰਦੀ ਹੈ । ਦੂਸੇ ਪਾਸੇ ਬਜਟ ਟਾਰਗੈੱਟ ਰਿਵਾਈਜ਼ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ, ਕਿਉਂਕਿ ਨਗਰ ਨਿਗਮ ਨੇ ਪਿਛਲੇ ਸਾਲ ਪ੍ਰਾਪਰਟੀ ਟੈਕਸ ਦਾ 80 ਕਰੋੜ ਦੀ ਆਮਦਨੀ ਦਾ ਟਾਰਗੈੱਟ ਰੱਖਿਆ ਸੀ, ਜਿਸ ਨੂੰ ਸਰਕਾਰ ਨੇ ਵਧਾ ਕੇ 100 ਕਰੋੜ ਕਰ ਦਿੱਤਾ ਗਿਆ ਸੀ, ਜਿਸ ਨੂੰ ਪੂਰਾ ਕਰਨ ਦੇ ਪ੍ਰਤੀ ਅਧਿਕਾਰੀਆਂ ਨੇ ਪਹਿਲਾਂ ਕੋਈ ਗੰਭੀਰਤਾ ਨਹੀਂ ਵਿਖਾਈ ਅਤੇ ਹੁਣ ਕੁੱਝ ਦਿਨ ਬਾਕੀ ਰਹਿਣ ਉੱਤੇ ਬਜਟ ਟਾਰਗੈੱਟ ਨੂੰ ਰਿਵਾਈਜ਼ ਕਰ ਕੇ 70 ਕਰੋੜ ਕਰਨ ਦੀ ਸਿਫਾਰਿਸ਼ ਸਰਕਾਰ ਨੂੰ ਭੇਜੀ ਗਈ ਹੈ ।
ਪੈਨਲਟੀ ਖਤਮ ਕਰ ਕੇ ਰਿਬੇਟ ਮਿਲਣ ਦੇ ਫੈਸਲੇ ਤੋਂ ਵਧੀ ਆਸ, ਸਿੱਧੂ ਦੇ ਐਲਾਨ ਸਬੰਧੀ ਆਦੇਸ਼ਾਂ ਦਾ ਇੰਤਜ਼ਾਰ
ਸਰਕਾਰ ਵੱਲੋਂ ਬਾਕੀ ਪ੍ਰਾਪਰਟੀ ਟੈਕਸ ਵਸੂਲਣ ਲਈ ਜੋ ਵਿਆਜ-ਪੈਨਲਟੀ ਮੁਆਫੀ ਦੀ ਸਕੀਮ ਲਾਗੂ ਕੀਤੀ ਸੀ, ਉਸ ਦੇ ਦੂਜੇ ਪੜਾਅ ਵਿਚ ਹੁਣ ਰਿਬੇਟ ਖਤਮ ਕਰ ਕੇ 10 ਫੀਸਦੀ ਪੈਨਲਟੀ ਲਈ ਜਾ ਰਹੀ ਸੀ, ਜਿਸ ਵਿਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਰਾਹਤ ਦੇਣ ਦਾ ਫੈਸਲਾ ਕੀਤਾ ਹੈ । ਜਿਸ ਦੇ ਮੁਤਾਬਕ 31 ਮਾਰਚ ਤੱਕ ਬਾਕੀ ਪ੍ਰਾਪਰਟੀ ਜਮ੍ਹਾ ਕਰਵਾਉਣ ਵਾਲਿਆਂ ਨੂੰ ਪੈਨਲਟੀ ਮੁਆਫ ਕਰਨ ਸਮੇਤ ਰਿਬੇਟ ਵੀ ਮਿਲੇਗੀ । ਹਾਲਾਂਕਿ ਸਿੱਧੂ ਦੇ ਐਲਾਨ ਨਾਲ ਜੁੜੇ ਰਸਮੀ ਆਦੇਸ਼ ਜਾਰੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ।
ਰੈਗੂਲਰ ਰਿਟਰਨ ਨਾ ਭਰਨ ਵਾਲਿਆਂ ਵੱਲ 20 ਕਰੋੜ ਹੁਣ ਵੀ ਬਾਕੀ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ 'ਤੇ ਕਾਰਵਾਈ ਲਈ 2013 ਦੀਆਂ ਰਿਟਰਨਾਂ ਨੂੰ ਆਧਾਰ ਬਣਾਇਆ ਜਾਂਦਾ ਹੈ, ਜਿਸ ਵਿਚ ਇਕ ਵਾਰ, ਕਦੇ ਨਹੀਂ ਜਾਂ ਰੈਗੂਲਰ ਰਿਟਰਨ ਜਮ੍ਹਾ ਨਾ ਕਰਵਾਉਣ ਵਾਲਿਆਂ ਨੂੰ ਨੋਟਿਸ ਭੇਜੇ ਜਾ ਰਹੇ ਹਨ । ਜਿਨ੍ਹਾਂ ਵੱਲ ਬਾਕੀ ਖੜ੍ਹੀ ਰਾਸ਼ੀ ਦਾ ਅੰਕੜਾ ਲਗਭਗ 20 ਕਰੋੜ ਦੱਸਿਆ ਜਾਂਦਾ ਹੈ ।
5 ਹਜ਼ਾਰ ਤੋਂ ਜ਼ਿਆਦਾ ਦੇ ਦੇਣਦਾਰਾਂ ਨੂੰ ਇੰਸਪੈਕਟਰ ਕਰਨਗੇ ਫੋਨ
ਨਗਰ ਨਿਗਮ ਨੇ ਵੈਸੇ ਤਾਂ ਸਟਾਫ ਨੂੰ ਵੱਡੇ ਡਿਫਾਲਟਰਾਂ ਨੂੰ ਆਪਣੇ ਆਪ ਵਿਜ਼ਿਟ ਕਰਨ ਲਈ ਕਿਹਾ ਹੋਇਆ ਹੈ ਪਰ 5 ਹਜ਼ਾਰ ਤੱਕ ਦੇ ਬਾਕੀ ਟੈਕਸ ਨਾਲ ਸਬੰਧਤ ਲੋਕਾਂ ਨੂੰ ਇੰਸਪੈਕਟਰਾਂ ਦੁਆਰਾ ਫੋਨ ਕੀਤਾ ਜਾਵੇਗਾ । ਜੇਕਰ ਉਹ ਟੈਕਸ ਜਮ੍ਹਾ ਕਰਵਾਉਣ ਲਈ ਰਾਜ਼ੀ ਹੋ ਗਏ ਤਾਂ ਵਸੂਲੀ ਲਈ ਸਟਾਫ ਉਨ੍ਹਾਂ ਦੇ ਕੋਲ ਵੀ ਜਾਵੇਗਾ ।
ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆਂ ਰੱਦ
ਪ੍ਰਾਪਰਟੀ ਟੈਕਸ ਨਾਲ ਜੁੜਿਆ ਬਜਟ ਟਾਰਗੈੱਟ ਪੂਰਾ ਕਰਨ ਲਈ ਸ਼ਨੀਵਾਰ ਨੂੰ ਵੀ ਦਫਤਰ ਖੁੱਲ੍ਹੇ ਰੱਖਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ ਪਰ ਹੁਣ ਸਰਕਾਰੀ ਛੁੱਟੀ 'ਤੇ ਵੀ ਮੁਲਾਜ਼ਮਾਂ ਨੂੰ ਡਿਊਟੀ ਕਰਨੀ ਹੋਵੇਗੀ । ਜਿਸ ਵਿਚ ਮਹਾਵੀਰ ਜੈਅੰਤੀ ਅਤੇ ਗੁਡ ਫਰਾਈਡੇ ਦੀਆਂ ਛੁੱਟੀਆਂ ਵੀ ਸ਼ਾਮਲ ਹਨ । ਜਿਸ ਦਿਨ ਪ੍ਰਾਪਰਟੀ ਟੈਕਸ ਵਸੂਲਣ ਲਈ ਸਹੂਲਤ ਸੈਂਟਰ ਖੁੱਲ੍ਹੇ ਰਹਿਣਗੇ ।
ਵਿਆਜ ਮੁਆਫੀ ਦੇ ਦੌਰ ਵਿਚ ਆਏ 15 ਕਰੋੜ
* 16.10.17 ਤੋਂ 15.1.18 ਤਕ ਵਿਆਜ-ਪੈਨਲਟੀ ਮੁਆਫੀ ਦੇ ਨਾਲ ਸੀ 10 ਫੀਸਦੀ ਰਿਬੇਟ
* ਨਿਗਮ ਨੇ ਇਕੱਠਾ ਕੀਤਾ 11 ਕਰੋੜ ਦਾ ਬਕਾਇਆ ਪ੍ਰਾਪਰਟੀ ਟੈਕਸ
* 2013 ਦੇ ਬਾਅਦ ਰੈਗੂਲਰ ਰਿਟਰਨ ਨਹੀਂ ਭਰਨ ਵਾਲਿਆਂ ਤੋਂ ਆਏ 7 ਕਰੋੜ
* 2017-18 ਦੀਆਂ ਰਿਟਰਨਾਂ ਦੇ ਰੂਪ ਵਿਚ ਇਕੱਠੇ ਹੋਏ 4 ਕਰੋੜ
* 30 ਸਤੰਬਰ 2017 ਦੇ ਬਾਅਦ ਖਤਮ ਹੋ ਚੁੱਕੀ ਸੀ ਰਿਬੇਟ
* 16 ਜਨਵਰੀ 2018 ਤੋਂ 15 ਅਪ੍ਰੈਲ 2018 ਤੱਕ ਚੱਲੇਗਾ ਸਕੀਮ ਦਾ ਦੂਜਾ ਦੌਰ
* ਵਿਆਜ ਮੁਆਫੀ ਦੇ ਬਾਵਜੂਦ 10 ਫੀਸਦੀ ਰਿਬੇਟ ਬੰਦ ਕਰ ਕੇ ਲੱਗ ਰਹੀ ਹੈ ਪੈਨਲਟੀ
* ਹੁਣ ਤੱਕ 4.5 ਕਰੋੜ, ਅੱਧੇ ਪੁਰਾਣੇ ਅਤੇ ਅੱਧੇ ਮੌਜੂਦਾ ਵਿੱਤੀ ਸਾਲ ਦੇ ਬਾਕੀ