ਪਲਾਟਾਂ ''ਤੇ NOC ਦੀ ਸ਼ਰਤ ਲਾਗੂ ਹੋਣ ਕਾਰਨ ਪ੍ਰਾਪਰਟੀ ਡੀਲਰਾਂ ਦੀ ਦੀਵਾਲੀ ਰਹੀ ਫਿੱਕੀ

Wednesday, Nov 03, 2021 - 02:30 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਚ ਪ੍ਰਾਪਰਟੀ ਦਾ ਕਾਰੋਬਾਰ ਪਹਿਲਾਂ ਹੀ ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹਾ ਹੈ। ਹੁਣ ਸਰਕਾਰ ਵੱਲੋਂ ਅਣ-ਅਧਿਕਾਰਿਤ ਕਾਲੋਨੀਆਂ ’ਤੇ ਐੱਨ. ਓ. ਸੀ. ਦੀ ਸ਼ਰਤ ਲਾਗੂ ਹੋਣ ਕਾਰਨ ਖ਼ਰੀਦੋ-ਫ਼ਰੋਖ਼ਤ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ, ਜਿਸ ਕਾਰਨ ਪ੍ਰਾਪਰਟੀ ਡੀਲਰਾਂ ਦੀ ਦੀਵਾਲੀ ਇਸ ਵਾਰ ਫਿੱਕੀ ਰਹੀ। ਅੱਜ ਮਾਛੀਵਾੜਾ ਵਿਖੇ ਪ੍ਰਾਪਰਟੀ ਡੀਲਰਾਂ ਦੀ ਇੱਕ ਮੀਟਿੰਗ ਭੁਪਿੰਦਰ ਸਿੰਘ ਰਾਠੌਰ ਤੇ ਦਵਿੰਦਰ ਸਿੰਘ ਬਵੇਜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਭੁਪਿੰਦਰ ਸਿੰਘ ਰਾਠੌਰ ਤੇ ਦਵਿੰਦਰ ਸਿੰਘ ਬਵੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਧਦੀ ਮਹਿੰਗਾਈ ਕਾਰਨ ਪਹਿਲਾਂ ਹੀ ਪ੍ਰਾਪਰਟੀ ਦਾ ਕਾਰੋਬਾਰ ਫਿੱਕਾ ਚੱਲ ਰਿਹਾ ਹੈ ਪਰ ਕੁੱਝ ਮਹੀਨੇ ਪਹਿਲਾਂ ਮਾਲ ਵਿਭਾਗ ਵੱਲੋਂ ਐੱਨ. ਓ. ਸੀ. ਤੋਂ ਬਿਨ੍ਹਾਂ ਪਲਾਟਾਂ ਦੀ ਰਜਿਸਟਰੀ ਬੰਦ ਕਰ ਦਿੱਤੀ ਹੈ। ਇਸ ਕਾਰਨ ਇਹ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਤਾਂ ਪਲਾਟਾਂ ’ਤੇ ਐੱਨ. ਓ. ਸੀ. ਦੀ ਸ਼ਰਤ ਹਟਾਵੇ ਅਤੇ ਦੂਜਾ ਪਲਾਟਾਂ ਨੂੰ ਰੈਗੂਲਰ ਕਰਨ ਦੀ ਸਰਲ ਨੀਤੀ ਅਪਣਾਏ। ਉਨ੍ਹਾਂ ਕਿਹਾ ਕਿ ਪਲਾਟਾਂ ਨੂੰ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ’ਚ ਧੱਕੇ ਖਾਣੇ ਪੈ ਰਹੇ ਹਨ ਅਤੇ ਜੇਕਰ ਸਰਕਾਰ ਰਜਿਸਟਰੀ ਕਰਨ ਮੌਕੇ ਹੀ ਮਾਲ ਵਿਭਾਗ ਨੂੰ ਪਲਾਟ ਰੈਗੂਲਰ ਦੀ ਫੀਸ ਲੈਣ ਦਾ ਅਧਿਕਾਰ ਦੇ ਦੇਵੇ ਤਾਂ ਉਸ ਨਾਲ ਜਿੱਥੇ ਸਰਕਾਰੀ ਖ਼ਜਾਨਾ ਭਰੇਗਾ, ਉੱਥੇ ਲੋਕਾਂ ਨੂੰ ਪਰੇਸ਼ਾਨੀ ਵੀ ਨਹੀਂ ਆਵੇਗੀ।

ਰਾਠੌਰ ਤੇ ਬਵੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਪ੍ਰਾਪਰਟੀ ਕਾਰੋਬਾਰ ਨੂੰ ਹੁਲਾਰਾ ਦੇਣ ਅਤੇ ਹਰੇਕ ਵਰਗ ਨੂੰ ਰਾਹਤ ਦੇਣ ਲਈ ਤੁਰੰਤ ਐੱਨ. ਓ. ਸੀ. ਦੀ ਸ਼ਰਤ ਹਟਾਵੇ। ਇਸ ਮੌਕੇ ਸਰਪੰਚ ਛਿੰਦਰਪਾਲ ਹਿਯਾਤਪੁਰ, ਸਰਪੰਚ ਸੁਖਦੀਪ ਸਿੰਘ ਸੋਨੀ, ਸੁੱਖੀ ਸ਼ਰਮਾ, ਕੌਂਸਲਰ ਗੁਰਨਾਮ ਸਿੰਘ ਖਾਲਸਾ, ਸੈਂਡੀ ਸੋਢੀ, ਨੰਬਰਦਾਰ ਹਰਮਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਨੂਰਪੁਰ, ਮਹਿੰਦਰ ਸਿੰਘ, ਹਰੀ ਚੰਦ, ਸਾਬਕਾ ਸਰਪੰਚ ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਸੈਂਸੋਵਾਲ, ਦਰਸ਼ਨ ਸਿੰਘ, ਅਮਰੀਕ ਸਿੰਘ ਕੜਿਆਣਾ, ਰੌਸ਼ਨ ਸਿੰਘ ਸੈਂਸੋਵਾਲ, ਸੰਤੋਖ ਸਿੰਘ ਮੰਡ ਦੌਲਤਪੁਰ, ਅਵਤਾਰ ਸਿੰਘ, ਜਰਨੈਲ ਸਿੰਘ ਉਧੋਵਾਲ ਵੀ ਮੌਜੂਦ ਸਨ।
 


Babita

Content Editor

Related News