ਮਨੋਰੰਜਨ ਦੇ ਨਾਂ ’ਤੇ ਹੋ ਰਿਹਾ ਨਸ਼ਿਆਂ ਦਾ ਪ੍ਰਚਾਰ, ਖ਼ਾਤਮੇ 'ਚ ਪੈ ਰਹੀ ਪੰਜਾਬ ਦੀ ਜਵਾਨੀ

12/23/2022 6:22:35 PM

ਸੁਲਤਾਨਪੁਰ ਲੋਧੀ (ਧੀਰ)-ਪੰਜਾਬ ਦੀ ਧਰਤੀ, ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ’ਤੇ ਹੁਣ ਨਸ਼ਿਆਂ ਦੇ ਦਰਿਆ ਵਗਣ ਲੱਗ ਪਏ ਹਨ। ਆਏ ਦਿਨ ਨਸ਼ਿਆਂ ਦੀ ਤਸਕਰੀ ਰੋਕਣ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੀ ਲਗਾਮ ਕੱਸਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਨਸ਼ਿਆਂ ਦਾ ਦਰਿਆ ਸਾਡੀ ਨੌਜਵਾਨੀ ਨੂੰ ਰੋੜ੍ਹ ਕੇ ਖ਼ਾਤਮੇ ਵੱਲ ਲਿਜਾ ਰਿਹਾ ਹੈ। ਨਸ਼ਿਆਂ ਨਾਲ ਜੁੜੇ ਤਸਕਰਾਂ ਨੂੰ ਫੜ ਕੇ ਨਸ਼ਿਆਂ ਦੀ ਵੱਡੀ ਖੇਪ ਫੜਨ ਦੇ ਦਾਅਵੇ ਦੀਆਂ ਖ਼ਬਰਾਂ ਨਿੱਤ ਦਿਨ ਅਖਬਾਰੀ ਸੁਰਖੀਆਂ ਬਣਦੀਆਂ ਹਨ, ਬਹੁਤ ਸਾਰੇ ਨਸ਼ਾ ਸਮੱਗਲਰ ਫੜੇ ਜਾਣ ਦੇ ਬਾਵਜੂਦ ਵੀ ਨਸ਼ਿਆਂ ਦੇ ਕੋਹੜ ਤੋਂ ਮੁਕਤੀ ਨਹੀਂ, ਇਸ ਪਿੱਛੇ ਕਿਹੜੇ ਕਾਰਨ ਹਨ? ਨਸ਼ਿਆਂ ਦੀ ਰੋਕਥਾਮ ਲਈ ਠੋਸ ਯਤਨਾ ਦੀ ਹਾਲੇ ਵੀ ਉਡੀਕ ਹੀ ਬਣੀ ਹੋਈ ਹੈ।

ਅੱਜ ਜਿੱਥੇ ਨਸ਼ਿਆਂ ਦੀ ਸਮੱਗਲਿੰਗ ਨਾਲ ਜੁੜੇ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਲਈ ਠੋਸ ਉਪਰਾਲੇ ਕਰਨ ਦੀ ਲੋਡ਼ ਹੈ, ਉਥੇ ਹੀ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸਾਜ਼ਿਸ਼ੀ ਧਿਰਾਂ ਨੂੰ ਨੰਗਾ ਕਰਨ ਦੀ ਲੋੜ ਹੈ। ਅੱਜ ਟੀ. ਵੀ. ’ਤੇ ਫਿਲਮਾਂ ਦੇ ਪ੍ਰਭਾਵ ਹੇਠ ਆ ਕੇ ਨਵੀਂ ਪੀੜ੍ਹੀ ਨਸ਼ਿਆਂ ਦੀ ਦਲਦਲ ’ਚ ਧਸਦੀ ਜਾ ਰਹੀ ਮੈਂ ਹੈ। ਕੀ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜ ਕੇ ਜੇਲ੍ਹਾਂ ’ਚ ਡੱਕਣ ਨਾਲ ਨਸ਼ਿਆਂ ਦਾ ਕਾਰਬਾਰ ਰੁਕ ਸਕੇਗਾ? ਨਹੀਂ, ਇਹ ਸਭ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਅਸੀਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੀਆਂ ਸਾਰੀਆਂ ਸਾਜਿਸ਼ੀ ਧਿਰਾਂ ਦੀ ਪਹਿਚਾਣ ਨਹੀਂ ਕਰ ਲੈਂਦੇ। ਸਾਡੀ ਬਦਕਿਸਮਤੀ ਹੈ ਕਿ ਅਸੀਂ ਨਸ਼ਿਆਂ ਦੇ ਘਰ-ਘਰ ਹੁੰਦੇ ਪ੍ਰਚਾਰ ਬਾਰੇ ਹਾਲੇ ਤੱਕ ਵੀ ਅਣਜਾਣ ਹਾਂ। ਸਾਡੀਆਂ shiਅੱਖਾਂ ਨਿੱਤ ਦਿਨ ਟੈਲੀਵਿਜਨਾਂ ’ਤੇ ਹੱਥਾਂ ’ਚ ਸ਼ਰਾਬ ਦੀਆਂ ਬੋਤਲਾਂ ’ਚੋਂ ਪੈਗ ਲਾਉਣ ਦੇ ਦ੍ਰਿਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਨਜ਼ਾਰੇ ਨਾਲ ਵੇਖਦੀਆਂ ਹਨ। ਟੀ. ਵੀ ’ਤੇ ਅਜਿਹੇ ਦ੍ਰਿਸ਼ ਆਮ ਦੇਖੇ ਜਾ ਸਕਦੇ ਹਨ ਪ੍ਰੰਤੂ ਅਸੀਂ ਪੂਰੇ ਪਰਿਵਾਰ ਸਮੇਤ ਮੂਕ ਦਰਸਕ ਬਣ ਕੇ ਦੇਖਦੇ ਰਹਿੰਦੇ ਹਾਂ।

ਇਹ ਵੀ ਪੜ੍ਹੋ : ਚਿੰਤਾਜਨਕ: ਹਾਇਰ ਐਜੂਕੇਸ਼ਨ ਦਾ ਬਜਟ 38,350 ਕਰੋੜ ਰੁਪਏ, ਵਿਦੇਸ਼ ’ਚ ਪੜ੍ਹਾਈ ’ਤੇ ਖ਼ਰਚੇ 64,211 ਕਰੋੜ ਰੁਪਏ

ਬੇਸ਼ੱਕ ਅੱਜ ਦਾ ਨੌਜਵਾਨ ਵਰਗ ਫ਼ਿਲਮਾਂ ’ਤੇ ਟੀ. ਵੀ. ਦੀ ਗਲੈਮਰ ਦੇ ਮਾਰੂ ਪ੍ਰਭਾਵ ਹੇਠ ਹੈ। ਪੱਛਮੀ ਮੁਲਕਾਂ ਦੀ ਦੇਖਾ-ਦੇਖੀ ਉਹ ਕੁਝ ਕਰ ਰਿਹਾ, ਜਿਸ ਨਾਲ ਸਾਡੇ ਸੱਭਿਆਚਾਰ ਦਾ ਦੂਰ-ਦੂਰ ਤੱਕ ਵੀ ਵਾਹ-ਵਾਸਤਾ ਨਹੀਂ। ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਸਵਾਲ ਦਾ ਜਵਾਬ ਹੈ ਸਾਡੇ ਅੱਜ ਦੇ ਫਿਲਮੀ ਹੀਰੋ ਤੇ ਪੰਜਾਬੀ ਗਾਇਕ। ਪੰਜਾਬੀ ਫਿਲਮਾਂ ਦੀ ਚਰਚਾ ਕਰੀਏ ਤਾਂ ਅਜੋਕੀਆਂ ਪੰਜਾਬੀ ਫ਼ਿਲਮਾਂ ’ਚ ਨਸ਼ਿਆਂ ਵਰਗੇ ਗੰਭੀਰ ਮੁੱਦੇ ਗਾਇਬ ਹਨ, ਦੋ ਸਾਲ ਪਹਿਲਾਂ ਇੱਕ ਮਸ਼ਹੂਰ ਗਾਇਕ ਤੇ ਅਦਾਕਾਰ ਨੇ ਨਾਨਕਸਰ ਦੀ ਧਰਤੀ ’ਤੇ ਪ੍ਰੈਸ ਵਾਰਤਾ ਦੌਰਾਨ ਨਸ਼ਿਆਂ ’ਤੇ ਇੱਕ ਫਿਲਮ ਬਣਾਉਣ ਦੀ ਗੋਲ ਕੀਤੀ ਸੀ, ਅਜੇ ਤੱਕ ਫਿਲਮ ਦੇ ਬਣਨ ਦੀ ਉੱਘ-ਸੁੱਘ ਨਹੀਂ।

ਅੱਜ ਬਹੁਤ ਸਾਰੇ ਗੀਤਾਂ ’ਚ ਸ਼ਰਾਬ ਤੇ ਹੋਰਨਾਂ ਨਸ਼ਿਆਂ ਨੂੰ ਕੀਤਾ ਜਾ ਰਿਹੈ ਪ੍ਰਫੁਲਿਤ
ਪੰਜਾਬੀ ਫ਼ਿਲਮਾਂ ਨੂੰ ਛੱਡ ਕੇ ਜੇਕਰ ਗੱਲ ਅਜੋਕੇ ਗੀਤ-ਸੰਗੀਤ ਦੀ ਕਰੀਏ ਤਾਂ ਅੱਜ ਦੇ ਗਾਇਕਾਂ ਨੇ ਕਰਜ਼ੇ ਦੇ ਬੋਝ ਥੱਲੇ ਆਏ ਕਿਸਾਨ ਨੂੰ ਲਲਕਾਰੇ ਮਾਰਦਾ ਵਿਖਾ ਕੇ ਨਵੀਂ ਪੀੜ੍ਹੀ ’ਤੇ ਇਸ ਤਰ੍ਹਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕਿ ਦਹੀਂ, ਦੁੱਧ ਤੇ ਮੱਖਣਾ ਦੇ ਸ਼ੌਕੀਨ ਮੁੰਡੇ ਗਾਇਕ ਤੇ ਮਾਡਲ ਮੁੰਡਿਆਂ ਦੇ ਅਦਾਕਾਰੀ ਪ੍ਰਭਾਵ ਨਾਲ ਨਸੇ ਦੇ ਸ਼ੌਕੀਨ ਹੋ ਗਏ। ਕਈ ਗਾਇਕ ਤੇ ਗੀਤਕਾਰਾਂ ਬਾਰੇ ਤਾਂ ਦੰਦ ਕਥਾ ਸੀ ਕਿ ਉਹ ਲਿਖਣ-ਗਾਉਣ ਵੇਲੇ ਕੌੜੇ ਪਾਣੀ ਦਾ ਘੁੱਟ ਪੀਤੇ ਬਿਨਾਂ ਸਟੇਜ ’ਤੇ ਨਹੀਂ ਚੜ੍ਹਦੇ।
ਬਦਕਿਸਮਤੀ ਕਿ ਨਸ਼ਿਆਂ ਦੇ ਪ੍ਰਭਾਵ ਵਾਲੇ ਗੀਤ ਲਿਖਦੇ ਗਾਉਂਦੇ ਸਾਡੇ ਸੱਭਿਆਚਾਰ ਦੇ ਇਹ ਮਾਣਮੱਤੇ ਕਲਾਕਾਰ ਖੁਦ ਨਸ਼ਿਆਂ ਦੀ ਲੜ ਲਾ ਬੈਠੇ। ਇਥੋਂ ਤੱਕ ਕਿ ਕਈਆਂ ਦੇ ਘਰ ਵੀ ਤਬਾਹ ਹੋ ਗਏ ਪੁੱਤ ਨਸ਼ਿਆਂ ਦੇ ਮਾਰ ਪ੍ਰਭਾਵਾਂ ਤੋਂ ਸਿਖਿਆ ਲੈ ਕੇ ਇਨ੍ਹਾਂ ਤੋਂ ਬਚਣ ਦੀ ਬਜਾਏ ਸਾਡੀ ਨਵੀਂ ਪੀੜ੍ਹੀ ਦੇ ਗਾਇਕ ਵੀਰ ਇਨ੍ਹਾਂ ਹੀ ਰਾਹਾਂ ’ਤੇ ਤੁਰਨ ਲਈ ਕਾਹਲ ਪੈ ਰਹੇ ਨੇ। ਟੀ. ਵੀ. ਚੈਨਲਾਂ ’ਤੇ ਚੱਲਦੇ ਅੱਜ ਬਹੁਤ ਸਾਰੇ ਗੀਤਾਂ ’ਚ ਸ਼ਰਾਬ ਅਤੇ ਹੋਰਨਾਂ ਨਸ਼ਿਆਂ ’ਚ ਟੁੱਨ ਹੋਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਨਸ਼ੇ ਦੇ ਸਰੂਰ ਨਜ਼ਾਰੇ ਲੈਣ ਦੇ ਢੰਗ-ਤਰੀਕੇ ਦੱਸਣ ਵਾਲੇ ਨਸ਼ੇ ਦੇ ਇਨ੍ਹਾਂ ਪ੍ਰਚਾਰਕਾਂ ਨੂੰ ਕਦੇ ਕਿਸੇ ਸੰਸਥਾ ਨੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਇਨ੍ਹਾਂ ਗੀਤਾਂ ਤੋਂ ਨਹੀਂ ਵਰਜਿਆ ਕਿਉਂ?

ਇਹ ਵੀ ਪੜ੍ਹੋ :  ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫੜੇ ਗਏ ਦੋਸ਼ੀਆਂ ਨੂੰ ਲੈ ਕੇ ਪੰਜਾਬ DGP ਗੌਰਵ ਯਾਦਵ ਦਾ ਹੁਣ ਤੱਕ ਦਾ ਵੱਡਾ ਖ਼ੁਲਾਸਾ

ਇਹ ਵੀ ਹੈ ਹੈਰਾਨੀ ਵਾਲੀ ਗੱਲ
ਹੈਰਾਨੀ ਦੀ ਗੱਲ ਹੈ ਕਿ ਅੱਜ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਅਖਬਾਰੀ ਬਿਆਨਬਾਜ਼ੀ ਤੋਂ ਸਿਵਾਏ ਕੱਖ ਨਹੀਂ ਹੋ ਰਿਹਾ। ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਨਸ਼ਿਆਂ ਦੇ ਪ੍ਰਚਾਰ ’ਚ ਜੁਟੀਆਂ ਉਨ੍ਹਾਂ ਸਾਜ਼ਿਸ਼ੀ ਧਿਰਾਂ ਨੂੰ ਕੌਣ ਪਛਾਣੂ, ਜਿਹਡ਼ੀਆਂ ਸੰਗੀਤ ਤੇ ਸੱਭਿਆਚਾਰ ਦੇ ਨਾਮ ਹੇਠ ਨਸ਼ਿਆਂ ਦੇ ਮਿੱਠੇ ਜ਼ਹਿਰ ਦੀ ਗੋਲੀ ਲੈਣ ਲਈ ਪ੍ਰੇਰਿਤ ਕਰਦੀਆਂ ਹਨ। ਟੈਲੀਵਿਜ਼ਨ ਇਕ ਅਜਿਹਾ ਸੰਚਾਰ ਸਾਧਨ ਹੈ, ਜਿਸ ਨਾਲ ਜੁਡ਼ਿਆ ਦਰਸ਼ਕ ਵਰਗ ਇਸ ’ਤੇ ਚੱਲਦੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕਦਾ।
ਬੇਸ਼ੱਕ ਇਨ੍ਹਾਂ ਚੈਨਲਾਂ ’ਤੇ ਚੱਲਣ ਵਾਲੇ ਗੀਤਾਂ ਨੂੰ ਵੇਖਣ-ਸੁਣਨ ਵਾਲੇ ਵਰਗ ’ਚੋਂ ਬਹੁ ਗਿਣਤੀ ਸਾਡੀ ਨਵੀਂ ਪਨੀਰੀ ਦੀ ਹੈ, ਉਹ ਵੀ ਜਿਸ ਨੇ ਆਪਣਾ ਭਵਿੱਖ ਤੈਅ ਕਰਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਜੇਕਰ ਭਵਿੱਖ ਦੇ ਵਾਰਸ ਸਹੀ ਰਾਹਾਂ ਤੋਂ ਥਿਰਕ ਕੇ ਦਿਸਾਹੀਣਤਾ ਦੇ ਰਾਹ ਤੁਰਨ ਲੱਗ ਜਾਣਗੇ ਤਾਂ ਜਮਾਨੇ ਦਾ ਹਸ਼ਰ ਸਾਡੇ ਸਾਹਮਣੇ ਹੈ। ਸਾਡੇ ਪੁਰਾਣੇ ਅਤੇ ਨਵੇਂ ਗਾਇਕ ਵੀਰਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਬੇਰੋਜ਼ਗਾਰੀ, ਗਰੀਬੀ ਅਤੇ ਭੁੱਖਮਰੀ ਨੂੰ ਹੰਢਾਉਣ ਦੇ ਬਾਵਜੂਦ ਨਵੀਂ ਪਨੀਰੀ ਨਸ਼ਿਆਂ ਦੇ ਦਰਿਆ ’ਚ ਡੁੱਬਕੀਆਂ ਲਾ ਰਹੀ ਹੈ। ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦੀ ਲਗਾਮ ਕੱਸਣ ਦੀ ਗੱਲ ਤਾਂ ਕੀਤੀ ਜਾਂਦੀ ਹੈ ਪ੍ਰੰਤੂ ਸੰਗੀਤ ਦੇ ਨਾਂਅ ਹੇਠ ਨਸ਼ਿਆਂ ਦੇ ਇਨ੍ਹਾਂ ਪ੍ਰਚਾਰਕਾਂ ਦੀ ਪਛਾਣ ਕੌਣ ਕਰੂ? ਇਹ ਬੜਾ ਗੰਭੀਰ ਅਤੇ ਚਿੰਤਾ ਦਾ ਮੁੱਦਾ ਹੈ। ਅੱਜ ਜਿੱਥੇ ਨਸ਼ਾ ਸਮੱਲਗਰਾਂ ਨਾਲ ਜੁੜੀਆਂ ਰਾਜਸੀ ਸ਼ਕਤੀਆਂ ਦੀਆਂ ਕਰਤੂਤਾਂ ਨੂੰ ਨਜਰ ਕਰਨ ਦੇ ਨਾਲ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸਾਰੀਆਂ ਸਾਜਿਸ਼ੀ ਧਿਰਾਂ ਨੂੰ ਪਛਾਣ ਕੇ ਲੋਕਾਂ ਦੇ ਸਾਹਮਣੇ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਜੇਲ੍ਹ 'ਚੋਂ ਬਾਹਰ ਆਉਣਗੇ ਨਵਜੋਤ ਸਿੱਧੂ, ਮੋਦੀ ਸਰਕਾਰ ਦੀ ਵਿਸ਼ੇਸ਼ ਗਾਈਡ ਲਾਈਨ ਬਣੇਗੀ ਮਦਦਗਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News