ਪੰਜਾਬ 'ਚ ਰੇਤ ਖੱਡਾਂ ਦੀ 'ਪ੍ਰੋਗਰੈਸਿਵ ਬਿਡਿੰਗ' ਨੂੰ ਜਾਰੀ ਰੱਖਣ ਦਾ ਫੈਸਲਾ

Wednesday, Jun 27, 2018 - 06:40 AM (IST)

ਪੰਜਾਬ 'ਚ ਰੇਤ ਖੱਡਾਂ ਦੀ 'ਪ੍ਰੋਗਰੈਸਿਵ ਬਿਡਿੰਗ' ਨੂੰ ਜਾਰੀ ਰੱਖਣ ਦਾ ਫੈਸਲਾ

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ) - ਮੁੱਖ ਮੰਤਰੀ ਨੇ ਰੇਤ ਖੱਡਾਂ ਦੇ ਠੇਕੇ ਦੇਣ ਲਈ ਪ੍ਰੋਗਰੈਸਿਵ ਬਿਡਿੰਗ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੇ ਨਿਰਦੇਸ਼ ਦਿੰਦਿਆਂ ਮਾਈਨਿੰਗ ਵਿਭਾਗ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮਾਈਨਿੰਗ ਨਿਗਮ ਬਣਾਉਣ ਦੇ ਦਿੱਤੇ ਗਏ ਸੁਝਾਅ 'ਤੇ ਡੂੰਘਾਈ ਨਾਲ ਵਿਚਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਰੇਤ ਖੱਡਾਂ ਦੇ ਮਾਮਲਿਆਂ ਨੂੰ ਲੈ ਕੇ ਅੱਜ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਸਕੱਤਰ ਤੇਜਵੀਰ ਸਿੰਘ, ਐਡਵੋਕੇਟ ਜਨਰਲ ਅਤੁਲ ਨੰਦਾ, ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਜਸਪਾਲ ਸਿੰਘ ਅਤੇ ਸੈਕਟਰੀ ਕੁਮਾਰ ਰਾਹੁਲ ਨੇ ਹਿੱਸਾ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪ੍ਰੋਗਰੈਸਿਵ ਬਿਡਿੰਗ ਨੂੰ ਨਿਲਾਮੀ ਲਈ ਅਪਣਾਏਗੀ, ਜਿਸ ਦੇ ਤਹਿਤ ਵੱਧ ਤੋਂ ਵੱਧ ਪੈਸਾ ਸਰਕਾਰੀ ਖਜ਼ਾਨੇ ਵਿਚ ਆ ਸਕੇ। ਨਵਜੋਤ ਸਿੱਧੂ ਵਲੋਂ ਤੇਲੰਗਾਨਾ ਦੀ ਤਰਜ਼ 'ਤੇ ਮਾਈਨਿੰਗ ਕਾਰਪੋਰੇਸ਼ਨ ਬਣਾਉਣ ਦੇ ਸੁਝਾਅ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜੇ ਫਿਲਹਾਲ ਪ੍ਰੋਗਰੈਸਿਵ ਬਿਡਿੰਗ ਨੀਤੀ ਜਾਰੀ ਰਹੇਗੀ, ਜਿਸ 'ਤੇ ਸੁਪਰੀਮ ਕੋਰਟ ਨੇ ਵੀ ਸਹਿਮਤੀ ਜਤਾਈ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਜੋ ਸੁਝਾਅ ਦਿੱਤੇ ਹਨ, ਵਿਭਾਗ ਉਨ੍ਹਾਂ 'ਤੇ ਵਿਚਾਰ ਕਰੇਗਾ। ਮਾਈਨਿੰਗ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਰੱਖੀ ਜਾਵੇਗੀ।   ਮੁੱਖ ਮੰਤਰੀ ਨੇ ਦੂਜੇ ਪਾਸੇ ਪ੍ਰੋਗਰੈਸਿਵ ਬਿਡਿੰਗ ਨੂੰ ਮੌਜੂਦਾ ਹਾਲਾਤ ਵਿਚ ਨਾਜਾਇਜ਼ ਮਾਈਨਿੰਗ ਨਾਲ ਨਜਿੱਠਣ ਲਈ ਬਿਹਤਰੀਨ ਨੀਤੀ ਕਰਾਰ ਦਿੰਦਿਆਂ ਵਿਭਾਗ ਨੂੰ ਕਿਹਾ ਕਿ ਉਹ ਰੇਤ ਖੱਡਾਂ ਦੀ ਨੀਲਾਮੀ ਲਈ ਰਸਮਾਂ ਪੂਰੀਆਂ ਕਰੇ।


Related News