ਤਰੱਕੀਅਾਂ ਰੋਕਣ ਦੇ ਮਾਮਲੇ ’ਚ 2 ਧਡ਼ਿਅਾਂ ’ਚ ਵੰਡੇ ਜੀ. ਐੱਨ. ਡੀ. ਯੂ. ਦੇ ਕਰਮਚਾਰੀ
Friday, Aug 10, 2018 - 01:26 AM (IST)

ਅੰਮ੍ਰਿਤਸਰ, (ਮਮਤਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਨਾਨ-ਟੀਚਿੰਗ ਦੀਆਂ ਪਦਉਨਤੀਆਂ ’ਚ ਤਰੱਕੀ ਨੀਤੀ ’ਤੇ ਲਾਈ ਗਈ ਰੋਕ ਨੂੰ ਲੈ ਕੇ ਨਾਨ-ਟੀਚਿੰਗ ਕਰਮਚਾਰੀ ਹੁਣ 2 ਧਡ਼ਿਆਂਂ ਵਿਚ ਵੰਡੇ ਗਏ ਹਨ। ਇਕ ਪਾਸੇ ਯੁੂਨੀਵਰਸਿਟੀ ਇੰਪਲਾਈਜ਼ ਐਸੋਸੀਏਸ਼ਨ ਜਨਰਲ ਵਰਗ ਦੇ ਪੱਖ ਵਿਚ ਆ ਕੇ ਪਦਉਨਤੀਆਂ ’ਤੇ ਲੱਗੀ ਰੋਕ ਨੂੰ ਹਟਾਉਣ ਲਈ ਰੋਸ ਰੈਲੀਆਂ ਕਰ ਰਹੀ ਹੈ ਤਾਂ ਦੂਜੇ ਪਾਸੇ ਐੱਸ. ਸੀ./ਐੱਸ. ਟੀ. ਇੰਪਲਾਈਜ਼ ਐਸੋਸੀਏਸ਼ਨ ਇਸ ਦੇ ਵਿਰੋਧ ਵਿਚ ਜੀ. ਐੱਨ. ਡੀ. ਯੂ. ਪ੍ਰਬੰਧਕ ਦੇ ਪੱਖ ਵਿਚ ਆ ਕੇ ਰੈਲੀਆਂ ਨੂੰ ਬੇਲੋਡ਼ਾ ਤੇ ਅਡ਼ਚਨ ਦੱਸ ਰਹੀ ਹੈ।
ਇਸ ਸਬੰਧੀ ਅੱਜ ਐੱਸ. ਸੀ./ਐੱਸ. ਟੀ. ਇੰਪਲਾਈਜ਼ ਐਸੋ. ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਮਹਿੰਦਰ ਰਾਜ ਅਗਵਾਈ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਰਜਿਸਟਰਾਰ ਨਾਲ ਹੋਈ, ਜਿਸ ਵਿਚ ਐੱਸ. ਸੀ./ਐੱਸ. ਟੀ. ਨਾਲ ਸਬੰਧਤ ਕਰਮਚਾਰੀਅਾਂ ਦੀਆਂ ਤਰੱਕੀਆਂ ਜੋ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਰੁਕੀਅਾਂ ਪਈਆਂ ਹਨ, ਬਾਰੇ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਚ ਮੌਜੂਦਾ ਕੁਝ ਅਧਿਕਾਰੀ ਤੇ ਨਾਨ-ਟੀਚਿੰਗ ਐਸੋਸੀਏਸ਼ਨ, ਜੋ ਕਿ ਪੰਜਾਬ ਸਰਕਾਰ ਦੇ ਨਿਯਮ ਅਨੁਸਾਰ ਐੱਸ. ਸੀ./ਐੱਸ. ਟੀ. ਵਰਗ ਦੀਆਂ ਤਰੱਕੀਆਂ ’ਚ ਜਾਣਬੁੱਝ ਕੇ ਰੋਡ਼ਾ ਬਣ ਰਹੇ ਹਨ ਅਤੇ ਨਾਜਾਇਜ਼ ਧਰਨਾ ਪ੍ਰਦਰਸ਼ਨ ਕਰ ਕੇ ਯੂਨੀਵਰਸਿਟੀ ਕਰਮਚਾਰੀਅਾਂ ਦੇ ਆਪਸੀ ਭਾਈਚਾਰੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਭਵਿੱਖ ਵਿਚ ਯੂਨੀਵਰਸਿਟੀ ਕਰਮਚਾਰੀ ਭਾਈਚਾਰੇ ਲਈ ਚੰਗੀ ਗੱਲ ਨਹੀਂ ਹੈ।
ਮਹਿੰਦਰ ਰਾਜ ਨੇ ਦੱਸਿਆ ਕਿ ਉਪ ਕੁਲਪਤੀ ਨੇ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਨ੍ਹਾਂ ਤਰੱਕੀਆਂ ਨੂੰ ਅਮਲੀ ਜਾਮਾ ਪਵਾਉਣ ਲਈ ਵਚਨਬੱਧ ਹੈ ਤੇ ਇਸ ਨੂੰ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਐੱਸ. ਸੀ./ਐੱਸ. ਟੀ. ਨਾਲ ਸਬੰਧਤ ਕਰਮਚਾਰੀਆਂ ਦੀਆਂ ਤਰੱਕੀਆਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰੋਸਟਰ ਅਨੁਸਾਰ ਹੀ ਕੀਤੀਆਂ ਜਾਣਗੀਆਂ ਅਤੇ ਇਸ ਵਰਗ ਨਾਲ ਸਬੰਧਤ ਕਿਸੇ ਵੀ ਕਰਮਚਾਰੀ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।