ਪ੍ਰਸਿੱਧ ਸਾਹਿਤਕਾਰ ਪ੍ਰੋ: ਹੰਸ ਦੇ ਅਕਾਲ ਚਲਾਣੇ 'ਤੇ ਕੈਪਟਨ ਵਲੋਂ ਦੁੱਖ ਦਾ ਪ੍ਰਗਟਾਵਾ
Friday, Jan 17, 2020 - 01:45 PM (IST)
![ਪ੍ਰਸਿੱਧ ਸਾਹਿਤਕਾਰ ਪ੍ਰੋ: ਹੰਸ ਦੇ ਅਕਾਲ ਚਲਾਣੇ 'ਤੇ ਕੈਪਟਨ ਵਲੋਂ ਦੁੱਖ ਦਾ ਪ੍ਰਗਟਾਵਾ](https://static.jagbani.com/multimedia/2020_1image_13_35_113916559q.jpg)
ਜਲੰਧਰ: ਪ੍ਰਸਿੱਧ ਸਾਹਿਤਕਾਰ ਅਤੇ ਇਤਿਹਾਸਕਾਰ ਪ੍ਰੋ: ਸੁਰਜੀਤ ਹੰਸ ਜੀ ਦਾ ਅੱਜ ਲੰਬੀ ਬੀਮਾਰੀ ਦੇ ਚੱਲਦੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸੁਣ ਕੇ ਉਨ੍ਹਾਂ ਨੂੰ ਬੇਹੱਦ ਦੁੱਖ ਲੱਗ ਹੈ ਅਤੇ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਦਿੱਲੀ ਹਮਦਰਦੀ ਪੇਸ਼ ਕਰਦਾ ਹਾਂ ਅਤੇ ਪ੍ਰਰਾਥਨਾ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਦੱਸਣਯੋਗ ਹੈ ਕਿ ਪੰਜਾਬੀ ਦੇ ਉੱਘੇ ਇਤਿਹਾਸਕਾਰ ਤੇ ਪੰਜਾਬੀ ਲੇਖਕ ਪ੍ਰੋ. ਸੁਰਜੀਤ ਹੰਸ ਅੱਜ ਸਵੇਰੇ 6:00 ਵਜੇ ਸਦੀਵੀ ਵਿਛੋੜਾ ਦੇ ਗਏ ਹਨ। ਉਹ 89 ਸਾਲਾਂ ਦੇ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਪ੍ਰੋ. ਸੁਰਜੀਤ ਹੰਸ ਆਪਣੇ ਪਿੱਛੇ ਆਪਣੀ ਧੀ ਨਾਨਕੀ ਹੰਸ ਤੇ ਇੱਕ ਦੋਹਤਰਾ ਛੱਡ ਗਏ ਹਨ। ਪ੍ਰੋ. ਸੁਰਜੀਤ ਹਾਂਸ ਦੀਆਂ 43 ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ।
ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਸਨਮਾਨਿਤ ਪ੍ਰੋ. ਹੰਸ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਪ੍ਰੋ. ਸੁਰਜੀਤ ਹੰਸ ਦੀ ਪੁਸਤਕ 'ਮਿੱਟੀ ਦੀ ਢੇਰੀ' ਬਹੁਤ ਸਲਾਹੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੈਕਸਪੀਅਰ ਦਾ ਸਮੁੱਚਾ ਸਾਹਿਤ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਸ ਲਈ ਸਮੁੱਚੇ ਵਿਸ਼ਵ ਵਿੱਚ ਉਨ੍ਹਾਂ ਦੀ ਸ਼ਲਾਘਾ ਹੋਈ ਸੀ ਤੇ ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ।ਉਨ੍ਹਾਂ ਦੀ ਆਖਰੀ ਰਚਨਾ ਡਾਰਵਵਿਨ ਦੀ ਓਰੀਜਨ ਆਫ ਸਪੀਸੀਜ਼ ਦਾ ਤਰਜਬਾ ਕਰਨਾ ਸੀ। ਸ਼ੈਕਸਪੀਅਰ ਦੀ ਸਾਹਿਤਕ ਕ੍ਰਿਤ 'ਮੈਕਬੈਥ' ਦਾ ਅਨੁਵਾਦ ਪ੍ਰੋ. ਸੁਰਜੀਤ ਹੰਸ ਨੇ 1955 'ਚ ਕੀਤਾ ਸੀ। ਫਿਰ ਉਹ ਇੰਗਲੈਂਡ ਚਲੇ ਗਏ ਸਨ ਤੇ ਉੱਥੇ ਅੱਠ ਸਾਲ ਉਨ੍ਹਾਂ ਹੀਥਰੋ ਹਵਾਈ ਅੱਡੇ ਉੱਤੇ ਇੱਕ ਡਾਕੀਏ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ 'ਚ ਉਨ੍ਹਾਂ ਦੀ ਨਿਯੁਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋ ਗਈ ਸੀ।