''ਕਸ਼ਮੀਰੀ ਬਹੂ'' ਟਿੱਪਣੀ ਨਾ-ਬਰਦਾਸ਼ਤ ਕਰਨਯੋਗ, ਖੱਟੜ ਨੂੰ ਬਰਖਾਸਤ ਕਰੇ ਭਾਜਪਾ : ''ਆਪ''

08/12/2019 2:04:27 PM

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ 'ਕਸ਼ਮੀਰੀ ਬਹੂ' ਵਾਲੇ ਬਿਆਨ ਨੂੰ ਪੂਰੇ ਦੇਸ਼ ਅਤੇ ਭਾਰਤੀ ਸੰਸਕ੍ਰਿਤੀ ਲਈ ਸ਼ਰਮਨਾਕ ਕਰਾਰ ਦਿੰਦੇ ਹੋਏ ਭਾਜਪਾ ਹਾਈਕਮਾਨ ਤੋਂ ਖੱਟੜ ਨੂੰ ਬਰਖ਼ਾਸਤ ਕਰਨ ਦੀ ਮੰਗ ਰੱਖੀ ਹੈ।

ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੰਨੇ ਉੱਚ-ਅਹੁਦੇ 'ਤੇ ਬੈਠ ਕੇ ਅਜਿਹਾ ਹੋਛਾ ਅਤੇ ਹਲਕਾ ਬਿਆਨ ਨਾ ਕੇਵਲ ਹਰਿਆਣਾ ਦੇ ਮੁੱਖ ਮੰਤਰੀ ਦੇ ਬੌਧਿਕ ਪੱਧਰ ਦੀ ਪੋਲ ਖੋਲ੍ਹਦਾ ਹੈ। ਸਗੋਂ ਪੂਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਿਸੇ ਘੱਟ ਗਿਣਤੀ ਕੌਮ ਪ੍ਰਤੀ ਨਫ਼ਰਤ ਅਤੇ ਫ਼ਿਰਕਾਪ੍ਰਸਤ ਭਾਵਨਾ ਨੂੰ ਉਜਾਗਰ ਕਰਦਾ ਹੈ। ਭਾਰਤੀ ਸੰਵਿਧਾਨਕ, ਸੰਸਕ੍ਰਿਤੀ ਅਤੇ ਸਭਿਆਚਾਰ ਕਿਸੇ ਵੀ ਆਮ-ਖ਼ਾਸ ਨੂੰ ਅਜਿਹੀਆਂ ਬਦਮਿਜ਼ਾਜ ਅਤੇ ਅਭੱਦਰ ਟਿੱਪਣੀਆਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਪਣੀ ਪਾਰਟੀ ਅਤੇ ਪੂਰੇ ਦੇਸ਼ ਨੂੰ ਸਖ਼ਤ ਅਤੇ ਸਾਰਥਿਕ ਸੰਦੇਸ਼ ਦੇਣ ਲਈ ਤੁਰੰਤ ਬਰਖ਼ਾਸਤ ਕਰਨ ਅਤੇ 'ਕਸ਼ਮੀਰੀ ਕੌਮ' ਤੋਂ ਮੁਆਫ਼ੀ ਮੰਗਣ ਕਿਉਂਕਿ ਅਜਿਹੀਆਂ ਬੇਲਗ਼ਾਮ ਭਾਸ਼ਾ ਕੇਵਲ ਖੱਟੜ ਹੀ ਨਹੀਂ ਸਗੋਂ ਭਾਜਪਾ ਦੇ ਹੋਰ ਆਗੂ ਸਮਰਥਕ ਵੀ ਬੋਲ ਰਹੇ ਹਨ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ 'ਕਸ਼ਮੀਰੀ ਕੌਮ' ਕਿਸੇ ਇਕ ਧਰਮ ਜਾਂ ਜਾਤ ਦੀ ਨੁਮਾਇੰਦਗੀ ਨਹੀਂ ਕਰਦੀ, ਕਸ਼ਮੀਰੀ ਕੌਮ ਕਸ਼ਮੀਰੀ ਮੁਸਲਮਾਨਾਂ, ਕਸ਼ਮੀਰੀ ਪੰਡਿਤਾਂ, ਕਸ਼ਮੀਰੀ ਸਿੱਖਾਂ ਅਤੇ ਕਸ਼ਮੀਰੀ ਈਸਾਈਆਂ ਅਤੇ ਜੈਨੀਆਂ-ਬੋਧੀਆਂ ਦੀ ਵੀ ਕੌਮ ਹੈ। ਖੱਟੜ ਅਤੇ ਭਾਜਪਾ ਦੇ ਹੋਰ ਆਗੂਆਂ ਵਲੋਂ 'ਕਸ਼ਮੀਰੀ ਧੀਆਂ-ਭੈਣਾਂ' ਬਾਰੇ ਕੀਤੀਆਂ ਸ਼ਰਮਨਾਕ ਟਿੱਪਣੀਆਂ ਸਮੁੱਚੇ ਨਾਰੀ ਸਮਾਜ ਲਈ ਅਪਮਾਨਜਨਕ ਹਨ।


Anuradha

Content Editor

Related News