ਆਸਟ੍ਰੇਲੀਆਈ ਕੰਪਨੀ ਨੇ ਮੰਨਿਆ, ਗਲਤੀ ਨਾਲ ਛਪੀ ਗਈ ''ਸ੍ਰੀ ਦਰਬਾਰ ਸਾਹਿਬ'' ਦੀ ਤਸਵੀਰ, ਮੰਗੀ ਮੁਆਫੀ
Saturday, Jul 22, 2017 - 04:57 PM (IST)
ਅੰਮ੍ਰਿਤਸਰ : ਆਸਟ੍ਰੇਲੀਆ ਦੀ ਮੀਟ ਕੰਪਨੀ 'ਕਰੀ ਮਾਸਟਰ' ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਆਪਣੇ ਪੈਕਿੰਗ ਵਾਲੇ ਡੱਬੇ 'ਤੇ ਛਾਪਣ ਸਬੰਧੀ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਗਤ ਤੋਂ ਮੁਆਫੀ ਮੰਗ ਲਈ ਹੈ। ਇਸ ਬਾਰੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਸਟ੍ਰੇਲੀਆ ਦੀ ਮੀਟ ਕੰਪਨੀ ਵਲੋਂ ਪੈਕਿੰਗ ਵਾਲੇ ਡੱਬੇ 'ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੇ ਜਾਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਜਾਣ-ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਅਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਕੋਝੀਆਂ ਹਰਕਤਾਂ ਸਮਾਜ 'ਚ ਫੁੱਟ ਪਾਉਣ ਵਾਲੀਆਂ ਕਾਰਵਾਈਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਕੰਪਨੀ ਨੂੰ ਪੱਤਰ ਲਿਖ ਕੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਹਟਾਉਣ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਸੀ, ਜਿਸ ਦਾ ਜਵਾਬ ਈਮੇਲ ਰਾਹੀਂ ਦਿੰਦਿਆਂ ਮੀਟ ਕੰਪਨੀ 'ਕਰੀ ਮਾਸਟਰ' ਦੇ ਮਾਲਕ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲੋਂ ਇਹ ਤਸਵੀਰ ਗਲਤੀ ਨਾਲ ਪੈਕਿੰਗ ਵਾਲੇ ਡੱਬੇ 'ਤੇ ਛਪ ਗਈ ਸੀ, ਜਿਸ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਅਤੇ ਬਾਜ਼ਾਰ 'ਚ ਗਏ ਡੱਬਿਆਂ ਨੂੰ ਵਾਪਸ ਵੀ ਮੰਗਵਾ ਲਿਆ ਗਿਆ ਹੈ। ਸੁਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਕੋਲੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨਅਤੇ ਆਪਣੀ ਗਲਤੀ ਲਈ ਸੋਸ਼ਲ ਮੀਡੀਆ 'ਤੇ ਜਨਤਕ ਤੌਰ 'ਤੇ ਉਹ ਮੁਆਫੀ ਵੀ ਮੰਗਣਗੇ।
