ਸਰਕਾਰੀ ਸਕੂਲਾਂ ''ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਪ੍ਰੈਕਟੀਕਲ ਕਾਪੀਆਂ ਬੰਦ ਕਰਨ ਦੇ ਹੁਕਮ

Monday, Sep 25, 2017 - 10:02 AM (IST)

ਸਰਕਾਰੀ ਸਕੂਲਾਂ ''ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਪ੍ਰੈਕਟੀਕਲ ਕਾਪੀਆਂ ਬੰਦ ਕਰਨ ਦੇ ਹੁਕਮ


ਜਲਾਲਾਬਾਦ (ਮਿੱਕੀ)- ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣ ਤੇ ਉੱਚਾ ਚੁੱਕਣ ਦੇ ਉਦੇਸ਼ ਪ੍ਰਤੀ ਸਿੱਖਿਆ ਵਿਭਾਗ ਪੰਜਾਬ ਕਾਫੀ ਗੰਭੀਰ ਦਿਖਾਈ ਦੇ ਰਿਹਾ ਹੈ। ਇਸ ਦੀ ਮਿਸਾਲ ਵਿਭਾਗ ਵਲੋਂ ਸਮੇਂ-ਸਮੇਂ 'ਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਬੰਧਾਂ ਵਿਚ ਸੁਧਾਰ ਕਰਨ ਤੋਂ ਲੈ ਕੇ ਵਿਦਿਆਰਥੀਆਂ ਅੰਦਰ ਸਰਕਾਰੀ ਸਕੂਲਾਂ 'ਚ ਪੜ੍ਹਾਈ ਪ੍ਰਤੀ ਦਿਲਚਸਪੀ ਵਧਾਉਣ ਤੱਕ ਜਾਰੀ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਤੋਂ ਮਿਲਦੀ ਹੈ। ਇਸੇ ਤਰ੍ਹਾਂ ਹੀ ਹੁਣ ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 9ਵੀਂ ਜਮਾਤ ਤੱਕ ਲਾਈਆਂ ਗਈਆਂ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰੈਕਟੀਕਲ ਕਾਪੀਆਂ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਤਹਿਤ ਵਿਦਿਆਰਥੀਆਂ ਉਪਰ ਪ੍ਰੈਕਟੀਕਲ ਦੇ ਨਾਂ 'ਤੇ ਪੈ ਰਹੇ ਬੇਲੋੜੇ ਵਿੱਤੀ ਬੋਝ ਨੂੰ ਘਟਾਉਣ ਸਬੰਧੀ ਕਦਮ ਚੁੱਕੇ ਗਏ ਹਨ।

ਪ੍ਰੈਕਟੀਕਲ ਕਾਪੀਆਂ ਸੰਬੰਧੀ ਜਾਰੀ ਕੀਤੇ ਨਿਰਦੇਸ਼
ਦਫਤਰ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਜਾਰੀ ਕੀਤੇ ਪੱਤਰ ਰਾਹੀਂ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਕਿ ਪਤਾ ਹੀ ਹੈ ਕਿ 6ਵੀਂ ਤੋਂ 9ਵੀਂ ਜਮਾਤ ਤੱਕ ਵਿਗਿਆਨ, ਹਿਸਾਬ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ੇ ਵਿਚ ਦਿੱਤੀਆਂ ਗਈਆਂ ਕਿਰਿਆਵਾਂ ਪਾਠਕ੍ਰਮ ਅਨੁਸਾਰ ਕਰਵਾਈਆਂ ਜਾਣੀਆਂ ਹਨ। ਵੇਖਣ ਵਿਚ ਆਇਆ ਹੈ ਕਿ ਸਕੂਲਾਂ 'ਚ ਪਾਠਕ੍ਰਮ ਨਾਲ ਸੰਬੰਧਤ ਕਿਰਿਆਵਾਂ ਕਰਵਾਉਣ ਲਈ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਪ੍ਰੈਕਟੀਕਲ ਕਾਪੀਆਂ ਲਵਾਈਆਂ ਜਾਂਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਉਤੇ ਬੇਲੋੜਾ ਵਿੱਤੀ ਬੋਝ ਪੈਂਦਾ ਹੈ। ਇਸ ਸੰਬੰਧੀ ਹਦਾਇਤ ਕੀਤੀ ਜਾਂਦੀ ਹੈ ਕਿ ਇਹ ਕਿਰਿਆਵਾਂ ਅਧਿਆਪਨ-ਸਿੱਖਣ ਪ੍ਰਕਿਰਿਆ ਦੌਰਾਨ ਕਰਵਾਈਆਂ ਜਾਣ ਅਤੇ ਇਨ੍ਹਾਂ ਲਈ ਕਿਸੇ ਕਿਸਮ ਦੀ ਵੱਖਰੀ ਪ੍ਰੈਕਟੀਕਲ ਬੁੱਕ ਨਾ ਲਾਈ ਜਾਵੇ।


Related News