ਨਿਜੀ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਇਲਾਜ ਕਰ ਰਹੇ ਸਟਾਫ ਦੀ ਰਿਪੋਰਟ ਆਈ ਨੈਗੇਟਿਵ

Tuesday, Apr 14, 2020 - 07:49 PM (IST)

ਜਲੰਧਰ: ਸ਼ਹਿਰ ਦੀ ਨਿਜੀ ਯੂਨੀਵਰਸਿਟੀ 'ਚ ਕੋਰੋਨਾ ਪਾਜ਼ੇਟਿਵ ਪਾਈ ਗਈ ਵਿਦਿਆਰਥਣ ਸਿਵਲ ਹਸਪਤਾਲ 'ਚ ਦਾਖਲ ਹੈ। ਉਥੇ ਹੀ ਇਸ ਮਾਮਲੇ 'ਚ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਿ ਜਿਸ ਮੈਡੀਕਲ ਸਟਾਫ ਨੇ ਵਿਦਿਆਰਥਣ ਦਾ ਇਲਾਜ ਕਰ ਉਸ ਨੂੰ ਕੋਰੋਨਾ ਪਾਜ਼ੇਟਿਵ ਐਲਾਨਿਆ ਸੀ। ਉਨ੍ਹਾਂ ਸਾਰਿਆਂ ਦੇ ਕੋਰੋਨਾ ਸੈਂਪਲ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ ਮੈਸ ਵਰਕਰ ਜਿਸ ਦੀ ਕੱਲ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ, ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਉਕਤ ਵਿਦਿਆਰਥਣ ਮਹਾਰਾਸ਼ਟਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਨਿਜੀ ਯੂਨੀਵਰਸਿਟੀ 'ਚ ਬੈਚਲਰ ਆਫ ਫਿਜਿਓਥਰੈਪੀ ਦੀ ਪੜਾਈ ਕਰ ਰਹੀ ਹੈ। ਵਿਦਿਆਰਥਣ ਯੂਨੀਵਰਸਿਟੀ ਦੇ ਹੋਸਟਲ 'ਚ ਰਹੀ ਸੀ ਅਤੇ ਇਸ ਦੌਰਾਨ ਸਿਹਤ ਵਿਭਾਗ ਵਲੋਂ ਰੂਟੀਨ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਜੋ ਜਿਹੜੇ ਵਿਦਿਆਰਥੀ ਘਰ ਨਹੀਂ ਜਾ ਸਕੇ, ਉਨ੍ਹਾਂ ਦੀ ਰੂਟੀਨ ਜਾਂਚ ਹੁੰਦੀ ਰਹੇ, ਅਤੇ ਚੈਕਿੰਗ ਦੌਰਾਨ ਹੀ ਉਕਤ ਲੜਕੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।       

ਸੰਪਰਕ 'ਚ ਰਹੇ 250 ਵਿਅਕਤੀ ਹੋਮ ਕੁਆਰੰਟਾਈਨ
ਜ਼ਿਲੇ ਦੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਹੋਸਟਲ ਨੂੰ ਸ਼ਨੀਵਾਰ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ ਤੇ 250 ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਰਾਂ ਸਰਗਰਮ ਹੈ ਤੇ ਕਿਸੇ ਨੂੰ ਵੀ ਕੋਈ ਮੁਸੀਬਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਸਿਰਫ ਇਸ ਪ੍ਰਤੀ ਸੁਚੇਤ ਤੇ ਘਰ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਖਾਂਸੀ, ਜ਼ੁਕਾਮ ਜਾਂ ਹੋਰ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਇਸ ਦਾ ਮੁਆਇਨਾ ਕੀਤਾ ਜਾ ਸਕੇ।


Deepak Kumar

Content Editor

Related News