ਪੰਜਾਬ 'ਚ ਕੈਦੀਆਂ ਨੂੰ ਜੇਲ੍ਹ 'ਚ ਮਿਲੇਗਾ ਜੀਵਨ ਸਾਥੀ ਦਾ ਪਿਆਰ, ਜਾਣੋ 'ਜੇਲ੍ਹ ਯਾਤਰਾ' ਦੇ ਨਿਯਮ

04/09/2023 8:33:02 AM

ਚੰਡੀਗੜ੍ਹ (ਹਰੀਸ਼ਚੰਦਰ)- ਪੰਜਾਬ ’ਚ ਕੈਦੀਆਂ ਨੂੰ ਵਿਆਹੁਤਾ ਸਬੰਧ ਬਣਾਉਣ ਲਈ ਜੀਵਨ ਸਾਥੀ ਨੂੰ ਜੇਲ੍ਹ ’ਚ ਮਿਲਣ ਦੀ ਸਤੰਬਰ ਵਿਚ ਦਿੱਤੀ ਗਈ ਇਜਾਜ਼ਤ ਤੋਂ ਬਾਅਦ ਸੈਂਕੜੇ ਅਰਜ਼ੀਆਂ ਜੇਲ੍ਹ ਵਿਭਾਗ ਨੂੰ ਮਿਲ ਚੁੱਕੀਆਂ ਹਨ। ਇਸ ‘ਜੇਲ੍ਹ ਯਾਤਰਾ’ ਦੇ ਬਣਾਏ ਨਿਯਮਾਂ ਮੁਤਾਬਕ ਚੰਗਾ ਵਤੀਰਾ ਵਿਖਾਉਣ ’ਤੇ ਕੈਦੀ 2 ਮਹੀਨਿਆਂ ਵਿਚ ਇਕ ਵਾਰ 2 ਘੰਟਿਆਂ ਲਈ ਆਪਣੇ ਜੀਵਨ ਸਾਥੀ ਨੂੰ ਮਿਲ ਸਕਦੇ ਹਨ। ਹੁਣ ਤਕ ਲਗਭਗ 1,000 ਕੈਦੀਆਂ ਨੂੰ ਇਸ ਮਕਸਦ ਨਾਲ ਮਿਲਣ ਲਈ ਉਨ੍ਹਾਂ ਦੇ ਜੀਵਨ ਸਾਥੀ ਜੇਲ੍ਹ ਵਿਚ ਆ ਚੁੱਕੇ ਹਨ। ਉਂਝ ਪੰਜਾਬ ਅਜਿਹਾ ਇਕੋ-ਇਕ ਸੂਬਾ ਨਹੀਂ ਜਿੱਥੇ ਕੈਦੀ ਆਪਣੇ ਜੀਵਨ ਸਾਥੀ ਨੂੰ ਮਿਲ ਸਕਦੇ ਹਨ। ਜੇਲ੍ਹ ਵਿਚ ਚੰਗਾ ਵਤੀਰਾ ਕਰਨ ਵਾਲੇ ਕੈਦੀਆਂ ਨੂੰ ਮਹਾਰਾਸ਼ਟਰ ਵਿਚ ਆਪਣੇ ਪਰਿਵਾਰਾਂ ਨਾਲ ਖੁੱਲ੍ਹੀਆਂ ਜੇਲ੍ਹਾਂ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਕਈ ਸੂਬਿਆਂ ਵਿਚ ਅਦਾਲਤਾਂ ਕੈਦੀਆਂ ਨੂੰ ਵੰਸ਼ ਵਧਾਉਣ ਅਤੇ ਵਿਆਹੁਤਾ ਰਿਸ਼ਤਾ ਬਣਾਈ ਰੱਖਣ ਲਈ ਛੁੱਟੀ ਦੀ ਇਜਾਜ਼ਤ ਦੇ ਚੁੱਕੀਆਂ ਹਨ। ਜੇਲ੍ਹ ਵਿਚ ਹੀ ਕੈਦੀਆਂ ਦੇ ਜੀਵਨ ਸਾਥੀ ਨੂੰ ਮਿਲਣ ਦੀ ਯੋਜਨਾ 6 ਮਹੀਨੇ ਪਹਿਲਾਂ ਸ਼ੁਰੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਜ਼ਰੂਰ ਬਣ ਗਿਆ ਹੈ।

ਮੈਡੀਕਲ ਸਰਟੀਫਿਕੇਟ ਜ਼ਰੂਰੀ

ਜੇਲ੍ਹ ’ਚ ਕੈਦੀ ਨਾਲ ਸਬੰਧ ਬਣਾਉਣ ਲਈ ਆਉਣ ਵਾਲੇ ਜੀਵਨ ਸਾਥੀ ਨੂੰ ਆਪਣੇ ਨਾਲ ਸਰਕਾਰੀ ਹਸਪਤਾਲ ਦਾ ਮੈਡੀਕਲ ਸਰਟੀਫਿਕੇਟ ਲਿਆਉਣਾ ਜ਼ਰੂਰੀ ਹੈ ਪਰ ਇਹ ਇਕ ਹਫਤੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਇਸ ਸਰਟੀਫਿਕੇਟ ਵਿਚ ਸਪਸ਼ਟ ਹੋਣਾ ਚਾਹੀਦਾ ਹੈ ਕਿ ਵਿਜ਼ੀਟਰ ਕੋਵਿਡ, ਐੱਚ. ਆਈ. ਵੀ., ਟੀ. ਬੀ. ਜਾਂ ਸੈਕਸ ਸਬੰਧੀ ਬੀਮਾਰੀ ਤੋਂ ਪੀੜਤ ਨਹੀਂ ਹੈ। ਸਬੂਤ ਦੇ ਤੌਰ ’ਤੇ ਕੈਦੀ ਨਾਲ ਜੁੜਿਆ ਆਧਾਰ ਕਾਰਡ ਜਾਂ ਮੈਰਿਜ ਸਰਟੀਫਿਕੇਟ ਜੀਵਨ ਸਾਥੀ ਪੇਸ਼ ਕਰਦੇ ਹਨ, ਤਾਂ ਹੀ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸ਼ੁਰੂ ਵਿਚ ਇਸ ਯੋਜਨਾ ਨੂੰ ਕੈਦੀਆਂ ਨੇ ਹੱਥੋਂ-ਹੱਥ ਲਿਆ ਸੀ ਪਰ ਬਾਅਦ ’ਚ ਇਸ ਵਿਚ ਕਮੀ ਆਉਣ ਲੱਗੀ। ਇਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਇਹ ਯੋਜਨਾ ਬੰਦ ਨਹੀਂ ਕੀਤੀ ਪਰ ਕੈਦੀਆਂ ਦੇ ਜੀਵਨ ਸਾਥੀ ਜ਼ਰੂਰੀ ਟੈਸਟ ਕਰਵਾਉਣ ਤੋਂ ਝਿਜਕਦੇ ਹਨ। ਇਹ ਲੋਕ ਐੱਚ. ਆਈ. ਵੀ. ਤੇ ਸੈਕਸ ਇਨਫੈਕਸ਼ਨ ਵਰਗੇ ਟੈਸਟ ਤੋਂ ਬਚਣਾ ਚਾਹੁੰਦੇ ਹਨ। ਦੂਜੇ ਪਾਸੇ ਸਰਕਾਰ ਤੇ ਜੇਲ੍ਹ ਵਿਭਾਗ ਇਨ੍ਹਾਂ ਟੈਸਟਾਂ ਸਬੰਧੀ ਕੋਈ ਢਿੱਲ ਦੇਣ ਨੂੰ ਤਿਆਰ ਨਹੀਂ।

ਇਨ੍ਹਾਂ ਦੇ ਮਿਲਨ ’ਚ ਫਿਲਹਾਲ ਰੋੜਾ

ਗੈਂਗਸਟਰ ਤੇ ਅੱਤਵਾਦੀ, ਕਮਰਸ਼ੀਅਲ ਗਿਣਤੀ ’ਚ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਨਾਲ ਫੜੇ ਗਏ ਵਿਅਕਤੀ, ਬਾਲ ਸ਼ੋਸ਼ਣ, ਜਿਨਸੀ ਅਪਰਾਧ ਤੇ ਘਰੇਲੂ ਹਿੰਸਾ ਵਰਗੇ ਮਾਮਲਿਆਂ ਦੇ ਦੋਸ਼ੀ, ਟੀ. ਬੀ., ਐੱਚ. ਆਈ. ਵੀ. ਜਾਂ ਏਡਜ਼ ਤੋਂ ਪੀੜਤ ਕੈਦੀ ਅਤੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜੇਲ੍ਹ ਵਿਚ ਸੌਂਪਿਆ ਗਿਆ ਕੰਮ ਕਰਨ ’ਚ 3 ਮਹੀਨੇ ਤੋਂ ਕੁਤਾਹੀ ਕਰਨ ਵਾਲੇ ਕੈਦੀਆਂ ਅਤੇ ਜੇਲ੍ਹ ਸੁਪਰਡੈਂਟ ਦੀ ਰਿਪੋਰਟ ’ਚ ਜਿਨ੍ਹਾਂ ਦਾ ਵਤੀਰਾ ਸਹੀ ਨਹੀਂ ਵੇਖਿਆ ਗਿਆ, ਉਨ੍ਹਾਂ ਨੂੰ ਵੀ ਜੀਵਨ ਸਾਥੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।

ਕਈ ਮੁਲਕਾਂ ’ਚ ਹੈ ਜੇਲ੍ਹ ’ਚ ਸਬੰਧ ਬਣਾਉਣ ਦੀ ਇਜਾਜ਼ਤ

ਕੈਨੇਡਾ, ਜਰਮਨੀ, ਫਰਾਂਸ, ਰੂਸ, ਸਪੇਨ ਤੇ ਡੈਨਮਾਰਕ ਵਰਗੇ ਕਈ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਜੀਵਨ ਸਾਥੀ ਨਾਲ ਸਬੰਧ ਬਣਾਉਣ ਦੀ ਇਜਾਜ਼ਤ ਹੈ। ਬ੍ਰਾਜ਼ੀਲ ਵਿਚ ਤਾਂ ਸਮਲਿੰਗੀ ਸਾਥੀ ਨਾਲ ਵੀ ਸਬੰਧ ਬਣਾਉਣ ਦੀ ਕਾਨੂੰਨੀ ਤੌਰ ’ਤੇ ਇਜਾਜ਼ਤ ਹੈ ਪਰ ਭਾਰਤ ’ਚ ਅਜਿਹਾ ਨਹੀਂ। ਕੈਦੀ ਜੀਵਨ ਸਾਥੀ ਜਾਂ ਕਿਸੇ ਹੋਰ ਵਿਜ਼ੀਟਰ ਨੂੰ ਮਿਲ ਤਾਂ ਸਕਦੇ ਹਨ ਪਰ ਜੇਲ੍ਹ ਦੇ ਕੰਪਲੈਕਸ ਵਿਚ ਸਰੀਰਕ ਸੰਪਰਕ ਨਹੀਂ ਕਰ ਸਕਦੇ। ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਇਸ ਯੋਜਨਾ ’ਚ ਉਨ੍ਹਾਂ ਕੈਦੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਲੰਮੇ ਸਮੇਂ ਤੋਂ ਬਿਨਾਂ ਪੈਰੋਲ ਦੇ ਹੀ ਜੇਲ੍ਹਾਂ ਵਿਚ ਬੰਦ ਹਨ। ਜਿਸ ਕੈਦੀ ਨੂੰ ਜਲਦ ਪੈਰੋਲ ਮਿਲਣ ਵਾਲੀ ਹੋਵੇ, ਉਸ ਨੂੰ ਫਿਲਹਾਲ ਇਹ ਸਹੂਲਤ ਨਹੀਂ ਮਿਲ ਰਹੀ। ਚੰਗੇ ਵਤੀਰੇ ਵਾਲੇ ਅੰਡਰ ਟ੍ਰਾਇਲ ਕੈਦੀ ਵੀ ਇਸ ਸਹੂਲਤ ਦਾ ਲਾਭ ਲੈ ਰਹੇ ਹਨ।


DIsha

Content Editor

Related News