16 ਹਫਤਿਆਂ ਦੀ ਹੱਦ ਤੋਂ ਬਾਅਦ ਵੀ ਦਿੱਤੀ ਜਾ ਸਕੇਗੀ ਕੈਦੀਆਂ ਨੂੰ ਆਰਜ਼ੀ ਪੈਰੋਲ ਆਗਿਆ: ਰੰਧਾਵਾ

Sunday, May 17, 2020 - 08:49 PM (IST)

ਚੰਡੀਗੜ੍ਹ, (ਰਮਨਜੀਤ)- ਕੋਵਿਡ-19 ਸੰਕਟ ਦੇ ਕਾਰਣ ਸੂਬੇ ਦੀਆਂ ਜੇਲਾਂ ’ਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਰੱਖਣ ਦੇ ਟੀਚੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਚੰਗੇ ਵਿਵਹਾਰ ਕੈਦੀ (ਆਰਜ਼ੀ ਰਿਹਾਈ) ਸੋਧ ਆਰਡੀਨੈਂਸ, 2020 ਜਾਰੀ ਕੀਤਾ। ਇਹ ਖੁਲਾਸਾ ਕਰਦਿਆਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਰੰਧਾਵਾ ਨੇ ਕਿਹਾ ਕਿ ਇਸ ਆਰਡੀਨੈਂਸ ਦੇ ਜਾਰੀ ਹੋਣ ਨਾਲ ਕੈਦੀਆਂ ਨੂੰ ਇਕ ਕੈਲੰਡਰ ਸਾਲ 'ਚ ਆਰਜ਼ੀ ਪੈਰੋਲ ਲਈ 16 ਹਫਤਿਆਂ ਦੀ ਵੱਧ ਤੋਂ ਵੱਧ ਹੱਦ ਤੋਂ ਬਾਅਦ ਵੀ ਆਗਿਆ ਦਿੱਤੀ ਜਾ ਸਕੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲਾਂ 'ਚ ਕੈਦੀਆਂ ਦੀ ਸਮਾਜਿਕ ਵਿੱਥ ਦਾ ਖਿਆਲ ਰੱਖਣ ਲਈ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਰੱਖਣ ਲਈ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਨੂੰ ਬਰਕਰਾਰ ਰੱਖ ਸਕਣ।

ਰੰਧਾਵਾ ਨੇ ਦੱਸਿਆ ਕਿ ਕੋਵਿਡ ਸੰਕਟ ਦੀ ਸ਼ੁਰੂਆਤ ’ਚ ਪੰਜਾਬ ਸਰਕਾਰ ਨੇ ਕੁਝ ਕੈਦੀਆਂ ਨੂੰ ਆਰਜ਼ੀ ਪੈਰੋਲ ਦਿੱਤੀ ਸੀ ਤਾਂ ਜੋ ਜ਼ੇਲਾਂ 'ਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਚੱਲਦਿਆਂ ਹੁਣ ਇਸ ਆਰਡੀਨੈਂਸ ਨੂੰ ਲਿਆਉਣ ਨਾਲ ਕੈਦੀਆਂ ਨੂੰ ਇਕ ਕੈਲੰਡਰ ਸਾਲ ’ਚ ਆਰਜ਼ੀ ਪੈਰੋਲ ਲਈ 16 ਹਫਤਿਆਂ ਦੀ ਵੱਧ ਤੋਂ ਵੱਧ ਹੱਦ ਤੋਂ ਬਾਅਦ ਵੀ ਆਗਿਆ ਦਿੱਤੀ ਜਾ ਸਕੇਗੀ। ਜੇਲ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਆਰਡੀਨੈਂਸ ਤਹਿਤ ਹਰ ਤਿਮਾਹੀ ਆਧਾਰ 'ਤੇ ਆਰਜ਼ੀ ਰਿਹਾਈ ਦੀ ਸ਼ਰਤ ਵੀ ਮੁਆਫ਼ ਕਰ ਦਿੱਤੀ ਹੈ।


Bharat Thapa

Content Editor

Related News