ਮਾਡਰਨ ਜੇਲ ਫਰੀਦਕੋਟ 'ਚ ਵਿਚਾਰ ਅਧੀਨ ਕੈਦੀ ਨੇ ਕੀਤੀ ਖੁਦਕੁਸ਼ੀ
Saturday, Feb 17, 2018 - 12:57 PM (IST)
ਫਰੀਦਕੋਟ (ਹਾਲੀ) - ਮਾਡਰਨ ਜੇਲ ਫ਼ਰੀਦਕੋਟ 'ਚ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਆਤਮ ਹੱਤਿਆ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫਰੀਦਕੋਟ ਦੀ ਮਾਡਰਨ ਜੇਲ 'ਚ ਵਿਚਾਰ ਅਧੀਨ ਕੈਦੀ ਵੱਲੋਂ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਕੈਦੀ ਫਰੀਦਕੋਟ ਦੀ ਮਾਡਰਨ ਜੇਲ 'ਚ ਬੇਰਕ ਨੰਬਰ ਏ-5 'ਚ ਬੰਦ ਸੀ। ਉਕਤ ਕੈਦੀ ਨੂੰ ਚੋਰੀ ਦੇ ਕੇਸ 'ਚ ਕਾਬੂ ਕੀਤਾ ਗਿਆ ਸੀ। ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਜਦੋਂ ਉਹ ਬਾਥਰੂਮ ਗਿਆ ਤਾਂ ਉਸ ਨੇ ਬਾਥਰੂਮ ਦੀਆਂ ਗਰਿੱਲਾਂ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੈਦੀ ਦੀ ਪਛਾਣ ਰਾਹੁਲ ਕੁਮਾਰ ਬੰਟੀ ਮੁਹੱਲਾ ਜਾਨੀਆ ਤੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਹਵਾਲਾਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
