ਰੂਪਨਗਰ ਦੀ ਜੇਲ ਦੇ ਗੁਰਦੁਆਰਾ ਸਾਹਿਬ 'ਚ ਹਵਾਲਾਤੀ ਵੱਲੋਂ ਖੁਦਕੁਸ਼ੀ (ਵੀਡੀਓ)
Saturday, Oct 19, 2019 - 05:51 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ ਦੀ ਜੇਲ 'ਚੋਂ ਇਕ ਹਵਾਲਾਤੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਦੀ ਪਛਾਣ ਗੁਰਸਿੱਖ ਅਮਨਦੀਪ ਸਿੰਘ ਵਜੋਂ ਹੋਈ ਹੈ। ਅਮਨਦੀਪ ਸਿੰਘ ਲਾਡੀ ਪੁੱਤਰ ਦਲਬੀਰ ਸਿੰਘ ਖਡੂਰ ਸਾਹਿਬ ਤਰਨਤਾਰਨ ਦਾ ਰਹਿਣ ਵਾਲਾ ਸੀ। ਜੇਲ ਤੋਂ ਮਿਲੀ
ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਜੇਲ ਦੇ ਗੁਰਦੁਆਰਾ ਸਾਹਿਬ 'ਚ ਪਾਠ ਕਰਨ ਦੀ ਡਿਊਟੀ ਨਿਭਾਅ ਰਿਹਾ ਸੀ ਕਿ ਇਸੇ ਦੌਰਾਨ ਉਸ ਨੇ ਗੁਰਦੁਆਰਾ ਸਾਹਿਬ ਦੇ ਕਮਰੇ 'ਚ ਪੱਖੇ ਨਾਲ ਲਟਕ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਅਮਨਦੀਪ ਸਿੰਘ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਰੂਪਨਗਰ ਜੇਲ 'ਚ ਬੰਦ ਸੀ। ਤੁਹਾਨੂੰ ਦੱਸ ਦੇਈਏ ਕਿ ਅਮਨਦੀਪ ਸਿੰਘ ਖਿਲਾਫ ਐੱਸ. ਟੀ. ਐੱਫ. ਮੋਹਾਲੀ ਫੇਜ਼-4 ਪੁਲਸ ਨੇ 8 ਸਤੰਬਰ 2019 ਨੂੰ ਹੈਰੋਇਨ ਦੀ ਰਿਕਵਰੀ ਦੇ ਦੋਸ਼ 'ਚ ਮੁਕੱਦਮਾ ਦਰਜ ਕਰ ਰੱਖਿਆ ਹੈ। ਐੱਸ. ਐੱਮ. ਓ. ਤਰਸੇਮ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਡਿਪਰੈਸ਼ਨ 'ਚ ਸੀ, ਜਿਸ ਦੇ ਚਲਦਿਆਂ ਉਸ ਨੇ ਖੁਦਕੁਸ਼ੀ ਕਰ ਲਈ ਹੈ। ਜੇਲ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।