ਜੇਲ ''ਚ ਕੈਦੀ ਵੇਚਦਾ ਸੀ ਨਸ਼ਾ, ਨਾਟਕੀ ਢੰਗ ਨਾਲ ਲਿਆ ਸ਼ਿਕੰਜੇ ''ਚ

06/02/2019 9:51:45 PM

ਲੁਧਿਆਣਾ (ਸਿਆਲ)— ਜੇਲ ਅਧਿਕਾਰੀਆਂ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਬੈਰਕਾਂ, ਸੈੱਲ ਬਲਾਕਾਂ ਵਿਚ ਮੋਬਾਇਲ, ਨਸ਼ਾ ਅਤੇ ਹੋਰ ਕਿਸਮ ਦਾ ਪਾਬੰਦੀਸ਼ੁਦਾ ਸਾਮਾਨ ਰੋਜ਼ਾਨਾ ਮਿਲਣ ਦਾ ਸਿਲਸਿਲਾ ਜਾਰੀ ਹੈ। ਬੇਸ਼ੱਕ ਜੇਲ ਡਿਓਢੀ 'ਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਤੋਂ ਇਲਾਵਾ ਆਉਣ ਵਾਲੇ ਹਰ ਕੈਦੀ ਦੀ ਤਲਾਸ਼ੀ ਅਤੇ ਉਸ ਦੇ ਨਾਲ ਲਿਆਉਣ ਵਾਲੇ ਸਾਮਾਨ ਦੀ ਜਾਂਚ ਲਈ ਐਕਸ-ਰੇ ਬੈਗਿੰਗ ਮਸ਼ੀਨ ਚੈਕਿੰਗ ਸਿਸਮਟ ਵੀ ਕਮਜ਼ੋਰ ਸਾਬਤ ਹੋ ਰਿਹਾ ਹੈ। ਇਕ ਕੈਦੀ ਖਿਲਾਫ ਕੇਸ ਦੀ ਜਾਂਚ ਅਜੇ ਚੱਲ ਰਹੀ ਸੀ ਕਿ ਇਕ ਕੈਦੀ ਦੀ ਨਿਸ਼ਾਨਦੇਹੀ 'ਤੇ ਕੰਧ ਦੇ ਅੰਦਰ ਲੁਕੋਈ ਹੈਰੋਇਨ ਅਤੇ ਇਕ ਮੋਬਾਇਲ ਸਿਮ ਕਾਰਡ ਸਮੇਤ ਬਰਾਮਦ ਕੀਤਾ ਹੈ।

ਯੋਜਨਾ ਤਹਿਤ ਕੈਦੀ ਰੰਗੇ ਹੱਥੀਂ ਫੜਿਆ
ਜੇਲ ਪ੍ਰਸ਼ਾਸਨ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਕੈਦੀ ਰੁਪਇਆਂ ਦੇ ਲਾਲਚ ਵਿਚ ਨਸ਼ੇ ਦਾ ਲੈਣ-ਦੇਣ ਕਰ ਕੇ ਕੈਦੀਆਂ ਨੂੰ ਨਸ਼ੇੜੀ ਬਣਾ ਰਿਹਾ ਹੈ। ਜੇਲ ਅਧਿਕਾਰੀਆਂ ਨੇ ਇਕ ਯੋਜਨਾ ਤਹਿਤ ਇਕ ਕੈਦੀ ਨੂੰ ਵਿਸ਼ਵਾਸ ਵਿਚ ਲੈ ਕੇ ਇਕ ਹਜ਼ਾਰ ਰੁਪਏ ਦੇ ਕੇ ਉਕਤ ਕੈਦੀ ਕੋਲੋਂ ਨਸ਼ੇ ਵਾਲੀ ਚੀਜ਼ ਲਿਆਉਣ ਲਈ ਭੇਜ ਦਿੱਤਾ। ਥੋੜ੍ਹੇ ਸਮੇਂ ਬਾਅਦ ਵਿਸ਼ਵਾਸਪਾਤਰ ਕੈਦੀ ਨਸ਼ੇ ਵਾਲਾ ਪਦਾਰਥ ਲੈ ਆਇਆ। ਜੇਲ ਅਧਿਕਾਰੀਆਂ ਨੇ ਸੁਪਰਡੈਂਟ ਤਰਲੋਚਨ ਸਿੰਘ ਦੀ ਅਗਵਾਈ ਵਿਚ ਸਰਚ ਟੀਮ ਦਾ ਗਠਨ ਕਰ ਦਿੱਤਾ। ਜਦੋਂ ਸਰਚ ਟੀਮ ਨੇ ਸਵੇਰੇ 8.30 ਵਜੇ ਸੈੱਲ ਬਲਾਕ ਦੀ ਚਾਰ ਨੰਬਰ ਚੱਕੀ ਵਿਚ ਜਾ ਕੇ ਕੈਦੀ ਦੀ ਨਿਸ਼ਾਨਦੇਹੀ 'ਤੇ ਕੰਧ ਤੋੜਨੀ ਸ਼ੁਰੂ ਕੀਤੀ ਤਾਂ ਹੈੱਡ ਵਾਰਡਨ ਮੱਖਣ ਸਿੰਘ, ਵਾਰਡਨ ਕੰਵਲਜੀਤ ਸਿੰਘ ਨੇ 15 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਸਿਮ ਕਾਰਡ ਸਮੇਤ ਬਰਾਮਦ ਕਰ ਲਿਆ।

ਮਿਲੀਭੁਗਤ ਤੋਂ ਬਿਨਾਂ ਪਾਬੰਦੀਸ਼ੁਦਾ ਸਾਮਾਨ ਪੁੱਜਣਾ ਅਸੰਭਵ
ਕੈਦੀ ਤੋਂ ਸਖਤੀ ਨਾਲ ਕੀਤੀ ਪੁੱਛÎਗਿੱਛ ਦੌਰਾਨ ਮੁਲਾਜ਼ਮਾਂ ਦੀ ਸ਼ਮੂਲੀਅਤ ਉਜਾਗਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਿਨਾਂ ਕਿਸੇ ਮਿਲੀਭੁਗਤ ਤੋਂ ਜੇਲ ਦੇ ਅੰਦਰ ਮੋਬਾਇਲ, ਨਸ਼ਾ ਅਤੇ ਹੋਰ ਕਿਸਮ ਦਾ ਪਾਬੰਦੀਸ਼ੁਦਾ ਸਾਮਾਨ ਪੁੱਜਣਾ ਅਸੰਭਵ ਹੈ।

ਬਖਸ਼ੀਖਾਨੇ 'ਚ ਲਗਦੀ ਹੈ ਸੰਨ੍ਹ
ਸੂਤਰ ਦੱਸਦੇ ਹਨ ਕਿ ਪੇਸ਼ੀ 'ਤੇ ਜਾਣ ਵਾਲੇ ਕੈਦੀਆਂ ਨੂੰ ਬਖਸ਼ੀਖਾਨੇ ਵਿਚ ਸਖਤ ਸੁਰੱਖਿਆ ਵਿਚ ਰੱਖਿਆ ਜਾਂਦਾ ਹੈ ਪਰ ਇਨ੍ਹਾਂ ਕੈਦੀਆਂ ਦੇ ਆਕਾ ਕੋਈ ਸੰਨ੍ਹ ਲਾ ਕੇ ਉਨ੍ਹਾਂ ਨੂੰ ਨਸ਼ਾ ਅਤੇ ਹੋਰ ਤਰ੍ਹਾਂ ਦਾ ਪਾਬੰਦੀਸ਼ੁਦਾ ਸਾਮਾਨ ਦੇਣ ਵਿਚ ਸਫਲ ਹੋ ਜਾਂਦੇ ਹਨ ਅਤੇ ਅਜਿਹੇ ਕੈਦੀ ਗੁਪਤ ਅੰਗਾਂ ਵਿਚ ਲੁਕੋ ਕੇ ਜੇਲ 'ਚ ਲੈ ਆਉਂਦੇ ਹਨ ਅਤੇ ਪੈਸੇ ਦੇ ਲਾਲਚ ਵਿਚ ਮੂੰਹ ਮੰਗੀ ਕੀਮਤ 'ਤੇ ਕੈਦੀਆਂ ਨੂੰ ਦਿੰਦੇ ਹਨ।

ਕੇਸ ਦੀ ਜਾਂਚ ਐੱਸ. ਆਈ. ਟੀ. ਨੂੰ ਸੌਂਪੀ ਜਾਵੇਗੀ : ਸੁਪਰਡੈਂਟ
ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਮਹੰਤ ਸੁਬੀਰ ਮੁਹੰਮਦ ਤੋਂ 15 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਸਿਮ ਕਾਰਡ ਸਮੇਤ ਬਰਾਮਦ ਹੋਣ ਦਾ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ. ਤਹਿਤ ਜੇਲ ਵਿਚ ਸਜ਼ਾ ਭੁਗਤ ਰਿਹਾ ਹੈ। ਇਸ ਕੇਸ ਦੀ ਜਾਂਚ ਐੱਸ.ਆਈ.ਟੀ. ਨੂੰ ਸੌਂਪੀ ਜਾਵੇਗੀ ਅਤੇ ਕੈਦੀ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਜਾ ਕੇ ਪੁੱਛਗਿੱਛ ਕਰੇਗੀ, ਜਿਸ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Baljit Singh

Content Editor

Related News