ਫਿਲਮੀ ਅੰਦਾਜ਼ ''ਚ ਕੈਦੀ ਨੂੰ ਭਜਾਉਣ ਦੇ ਮਾਮਲੇ ''ਚ ਨਵਾਂ ਮੋੜ, ਏ. ਐੱਸ. ਆਈ. ਤੇ ਹੈੱਡਕਾਂਸਟੇਬਲ ਸਸਪੈਂਡ

06/25/2019 1:55:34 AM

ਤਰਨਤਾਰਨ, (ਰਮਨ)— ਜ਼ਿਲਾ ਲੁਧਿਆਣਾ ਦੀ ਜੇਲ ਵਿਚ ਬੰਦ ਇਕ ਕੈਦੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਲਿਜਾਂਦਿਆਂ ਸਰਹਾਲੀ ਪਿੰਡ ਨੇੜੇ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਢਾਬੇ ਦੇ ਬਾਹਰੋਂ ਉਸ ਦੇ ਸਾਥੀਆਂ ਨੇ ਪੁਲਸ ਨੂੰ ਫਿਲਮੀ ਅੰਦਾਜ਼ ਵਿਚ ਚਕਮਾ ਦੇ ਕੇ ਛੁਡਵਾ ਲਿਆ। ਥਾਣਾ ਸਰਹਾਲੀ ਦੀ ਪੁਲਸ ਨੇ ਦੋ ਪੁਲਸ ਮੁਲਾਜ਼ਮਾਂ ਦੇ ਇਲਾਵਾ 4 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਏ. ਐੱਸ. ਆਈ. ਤੇ ਹੈੱਡਕਾਂਸਟੇਬਲ ਨੂੰ ਵਿਭਾਗ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਗਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਪਿੰਡ ਦਾਸੂਵਾਲ, ਥਾਣਾ ਵਲਟੋਹਾ ਜ਼ਿਲਾ ਤਰਨਤਾਰਨ ਪਿਛਲੇ ਕਾਫੀ ਸਮੇਂ ਲੁਧਿਆਣਾ ਦੀ ਜੇਲ ਵਿਚ ਬੰਦ ਸੀ। ਇਸ ਮੁਲਜ਼ਮ 'ਤੇ ਲਗਭਗ 10 ਅਪਰਾਧਿਕ ਮਾਮਲੇ ਦਰਜ ਹਨ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਗਿਆ ਸੀ। ਮੁਲਜ਼ਮ ਨੂੰ ਏ. ਐੱਸ. ਆਈ. ਅਜਮੇਰ ਸਿੰਘ ਤੇ ਹੈੱਡਕਾਂਸਟੇਬਲ ਸੁਖਵਿੰਦਰ ਸਿੰਘ ਸਰਕਾਰੀ ਗੱਡੀ ਦੀ ਬਜਾਏ ਨਿੱਜੀ ਗੱਡੀ ਵਿਚ ਲੈ ਕੇ ਜਾ ਰਹੇ ਸਨ। ਕੈਦੀ ਵਲੋਂ ਪਹਿਲਾਂ ਤੋਂ ਹੀ ਫਰਾਰ ਹੋਣ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਸੀ, ਜਿਸ ਦੇ ਬਾਰੇ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਪਤਾ ਨਹੀਂ ਸੀ। ਕੈਦੀ ਜਗਬੀਰ ਤੇ ਦੋਵੇਂ ਪੁਲਸ ਮੁਲਾਜ਼ਮ ਸਵੇਰੇ ਅਦਾਲਤ ਵਿਚ ਪੇਸ਼ ਹੋਣ ਦੀ ਬਜਾਏ ਨਕੋਦਰ-ਮੋਗਾ ਵਲੋਂ ਹੁੰਦੇ ਹੋਏ ਮੱਖੂ, ਹਰੀਕੇ ਦੇ ਬਾਅਦ ਸਰਹਾਲੀ ਪਿੰਡ ਨੈਸਨਲ ਹਾਈਵੇ 'ਤੇ ਸਥਿਤ ਇਕ ਢਾਬੇ 'ਤੇ ਪਹੁੰਚ ਗਏ ਤਦ ਕੈਦੀ ਨੇ ਆਪਣੀ ਗੱਡੀ ਨੂੰ ਇਕ ਢਾਬੇ 'ਤੇ ਰੋਕ ਕੇ ਖਾਣ ਪੀਣ ਲਈ ਆਰਡਰ ਦਿੱਤਾ। ਉਨ੍ਹਾਂ ਦਾ ਪਿੱਛਾ ਕਰ ਰਹੀ ਇਕ ਹੋਰ ਕਾਰ, ਜਿਸ ਵਿਚ 2 ਵਿਅਕਤੀ ਸਵਾਰ ਸਨ, ਨੇ ਏ. ਐੱਸ. ਆਈ. ਅਜਮੇਰ ਸਿੰਘ ਤੇ ਹੈੱਡਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਪਿਸਤੌਲ ਵਿਖਾ ਕੇ ਜਗਬੀਰ ਸਿੰਘ ਨੂੰ ਫਿਲਮੀ ਅੰਦਾਜ਼ ਵਿਚ ਛੁਡਵਾ ਲਿਆ ਅਤੇ ਦੋਵਾਂ ਕਾਰਾਂ 'ਤੇ ਸਵਾਰ ਹੋ ਕੇ ਫਰਾਰ ਹੋ ਗਏ।


KamalJeet Singh

Content Editor

Related News