ਲੁਧਿਆਣਾ ਦੀ ਕੇਂਦਰੀ ਜੇਲ ''ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
Thursday, Sep 19, 2019 - 08:50 PM (IST)
ਲੁਧਿਆਣਾ, (ਸਿਆਲ)— ਤਾਜਪੁਰ ਰੋਡ ਦੀ ਕੇਂਦਰੀ ਜੇਲ 'ਚ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਬੰਦ ਹਵਾਲਾਤੀ ਰਾਹੁਲ ਕੁਮਰ ਨੇ ਸ਼ੱਕੀ ਹਾਲਾਤਾਂ 'ਚ ਬੈਰਕ ਦੇ ਬਾਥਰੂਮ 'ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਬੈਰਕ ਦਾ ਤਾਲਾ ਖੁੱਲ੍ਹਣ ਤੋਂ ਪਹਿਲਾਂ ਹਵਾਲਾਤੀ ਦੀ ਹੋ ਚੁੱਕੀ ਸੀ ਮੌਤ
ਥਾਣਾ ਮੋਤੀ ਨਗਰ 'ਚ ਰਾਹੁਲ ਕੁਮਾਰ 'ਤੇ 8 ਮਾਰਚ 2019 ਨੂੰ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੋਣ 'ਤੇ 11 ਮਾਰਚ 2019 ਨੂੰ ਬਤੌਰ ਹਵਾਲਾਤੀ ਜੇਲ 'ਚ ਆਇਆ ਸੀ, ਜਿਸ ਦੀ ਗਿਣਤੀ ਐੱਨ. ਬੀ. ਦੀ ਬੈਰਕ ਨੰ. 3 'ਚ ਸੀ। ਵੀਰਵਾਰ ਸਵੇਰੇ 5.40 ਵਜੇ ਬੈਰਕ ਖੁੱਲ੍ਹਣ ਤੋਂ ਪਹਿਲਾਂ ਜੇਲ ਦੇ ਮੰਦਰ 'ਚ ਪੁਜਾਰੀ ਵਜੋਂ ਸੇਵਾ ਕਰ ਰਿਹਾ ਬੰਦੀ ਬਾਥਰੂਮ 'ਚ ਨਹਾਉਣ ਗਿਆ ਤੇ ਉਕਤ ਹਵਾਲਾਤੀ ਨੂੰ ਲੋਹੇ ਦੀ ਗਰਿੱਲ ਨਾਲ ਪਰਨੇ ਦੇ ਸਹਾਰੇ ਲਟਕਦਾ ਹੋਇਆ ਦੇਖ ਕੇ ਬਾਹਰ ਆ ਕੇ ਰੌਲਾ ਪਾ ਦਿੱਤਾ, ਜਿਸ ਕਾਰਨ ਬੈਰਕ ਦੇ ਹੋਰਨਾਂ ਬੰਦੀਆਂ ਨੇ ਹਵਾਲਾਤੀ ਨੂੰ ਗਰਿੱਲ ਤੋਂ ਥੱਲੇ ਉਤਾਰ ਕੇ ਡਿਊਟੀ 'ਤੇ ਤਾਇਨਾਤ ਵਾਰਡਨ ਨਾਹਰ ਸਿੰਘ, ਪੋਕਸੋ ਮੁਲਾਜ਼ਮ ਰਮੇਸ਼ ਸਿੰਘ ਨੂੰ ਬੈਰਕ ਦਾ ਤਾਲਾ ਜਲਦ ਖੁੱਲ੍ਹਵਾਉਣ ਲਈ ਤੁਰੰਤ ਸੂਚਿਤ ਕੀਤਾ। ਮੌਕੇ 'ਤੇ ਉਕਤ ਮੁਲਾਜ਼ਮਾਂ ਦੇ ਪੁੱਜਣ 'ਤੇ ਹਵਾਲਾਤੀ ਨੂੰ ਜੇਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੈਡੀਕਲ ਅਧਿਕਾਰੀ ਮਹੀਪ ਸਿੰਘ ਨੇ ਚੈੱਕਅਪ ਕਰਨ ਉਪਰੰਤ ਉਕਤ ਹਵਾਲਾਤੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਜੇਲ ਦੇ ਸੁਪਰਡੈਂਟ ਅਤੇ ਫੈਕਟਰੀ ਡਿਪਟੀ ਮੌਕੇ 'ਤੇ ਪੁੱਜ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ।
ਮਾਮਲਾ ਦਰਜ ਹੋਣ 'ਤੇ ਡਿਪਰੈਸ਼ਨ 'ਚ ਰਹਿੰਦਾ ਸੀ ਪਤੀ : ਪਤਨੀ
ਸਿਵਲ ਹਸਪਤਾਲ 'ਚ ਮ੍ਰਿਤਕ ਹਵਾਲਾਤੀ ਰਾਹੁਲ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਵਾਲਿਆਂ ਦੇ ਨਾਲ ਪੁੱਜੀ ਉਸ ਦੀ ਪਤਨੀ ਨੇ ਦੱਸਿਆ ਕਿ ਮੌਤ ਦੀ ਸੂਚਨਾ ਜੇਲ ਪ੍ਰਸ਼ਾਸਨ ਵੱਲੋਂ 7 ਵਜੇ ਦਿੱਤੀ ਗਈ। ਉਸ ਦੀ ਪਤਨੀ ਨੇ ਦੱਸਿਆ ਕਿ 10-15 ਦਿਨ ਪਹਿਲਾਂ ਜੇਲ 'ਚ ਬੰਦ ਪਤੀ ਨਾਲ ਮੁਲਾਕਾਤ ਕਰਨ ਗਈ ਸੀ ਅਤੇ ਗੱਲਬਾਤ ਕਰਨ 'ਤੇ ਰਾਹੁਲ ਕੁਮਾਰ ਇਕ ਗੱਲ ਨੂੰ ਵਾਰ-ਵਾਰ ਰਿਪੀਟ ਕਰ ਰਿਹਾ ਸੀ ਕਿ ਮੈਨੂੰ ਨਸ਼ੇ ਦੇ ਝੂਠੇ ਕੇਸ 'ਚ ਫਸਾਇਆ ਗਿਆ ਹੈ, ਜਿਸ ਕਾਰਨ ਸਮਾਜ 'ਚ ਮੇਰੀ ਸਾਖ ਕਮਜ਼ੋਰ ਹੋ ਗਈ ਹੈ ਅਤੇ ਮੈਂ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਹਾਂ। ਇਸ ਲਈ ਇਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਦਾ ਮੈਨੂੰ ਕੋਈ ਹੱਕ ਨਹੀਂ। ਉਸ ਦੀ ਪਤਨੀ ਨੇ ਦੱਸਿਆ ਕਿ ਚੰਗੀ ਸਿੱਖਿਆ ਲੈਣ ਵਾਲੇ ਪਤੀ ਨੂੰ ਕਾਫੀ ਸਮਝਾਉਣ ਦੇ ਬਾਵਜੂਦ ਉਹ ਡਿਪ੍ਰੈਸ਼ਨ 'ਚ ਆ ਚੁੱਕਾ ਸੀ, ਜਿਸ ਕਾਰਨ ਉਹ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜਬੂਰ ਹੋਇਆ।
ਘਟਨਾ ਦੀ ਜੁਡੀਸ਼ੀਅਲ ਜਾਂਚ ਹੋਵੇਗੀ
ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਘਟਨਾ ਦੀ ਜੁਡੀਸ਼ੀਅਲ ਜਾਂਚ ਹੋਵੇਗੀ। ਮ੍ਰਿਤਕ ਹਵਾਲਾਤੀ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਸਤੀਸ਼ ਕੁਮਾਰ ਦੀ ਹਾਜ਼ਰੀ 'ਚ ਡਾਕਟਰਾਂ ਦੇ ਇਕ ਬੋਰਡ ਵੱਲੋਂ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਣਾਂ ਦਾ ਪਤਾ ਲਗ ਸਕੇਗਾ।