ਅਦਾਲਤ ਤੋਂ ਪਰਤ ਰਹੇ 2 ਕੈਦੀ ਪੁਲਸ ਨੂੰ ਚਕਮਾ ਦੇ ਹੋਏ ਫਰਾਰ

01/28/2020 9:19:35 PM

ਤਰਨਤਾਰਨ (ਰਮਨ)— ਮੰਗਲਵਾਰ ਸ਼ਾਮ ਪੇਸ਼ੀ ਭੁੱਗਤਨ ਆਏ 2 ਕੱਚੇ ਕੈਦੀਆਂ ਵਲੋਂ ਚਲਦੀ ਬੱਸ 'ਚੋਂ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕਰਮਚਾਰੀਆਂ ਨੇ ਇਕ ਨੂੰ ਕਾਬੂ ਕਰਨ ਲਿਆ ਹੈ ਦੂਜੇ ਦੀ ਭਾਲ ਸਬੰਧੀ ਛਾਪੇਮਾਰੀ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ, ਏ. ਐੱਸ. ਪੀ ਤੁਸ਼ਾਰ ਗੁਪਤਾ, ਚੌਂਕੀ ਬੱਸ ਸਟੈਂਡ ਦੇ ਇੰਚਾਰਜ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਚੀਮਾਂ ਖੁੱਰਦ ਜਿਸ ਖਿਲਾਫ ਧਾਰਾ 376 ਤਹਿਤ ਥਾਣਾ ਵਲਟੋਹਾ ਵਿਖੇ 2018 'ਚ ਮਾਮਲਾ ਦਰਜ ਹੈ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਬੈਂਕਾ ਜਿਸ ਦੇ ਖਿਲਾਫ 270 ਗ੍ਰਾਮ ਹੈਰੋਇਨ ਦੀ ਬਰਮਾਦਗੀ ਤਹਿਤ ਮਾਮਲਾ ਦਰਜ ਹੈ। ਦੋਵੇਂ ਕੈਦੀ ਪੰਜਾਬ ਪੁਲਸ ਦੀ ਸਰਕਾਰੀ ਬੱਸ 'ਚ ਸਵਾਰ ਹੋ ਕੇ ਮਾਣਯੋਗ ਅਦਾਲਤ ਤੋਂ ਬਾਅਦ ਵਾਪਸ ਅੰਮ੍ਰਿਤਸਰ ਦੀ ਪਤਾਹਪੁਰ ਸਥਿਤ ਜੇਲ੍ਹ ਲਈ ਜਾ ਰਹੇ ਸਨ। ਜਦੋਂ ਬੱਸ ਨਜ਼ਦੀਕ ਪਿੰਡ ਕੱਕਾ ਕੰਡਿਆਲਾ ਵਿਖੇ ਪੁੱਜੀ ਤਾਂ ਬਾਰਿਸ਼ ਤੇਜ਼ ਹੋਣ ਕਾਰਨ ਰੇਲਵੇ ਕਰਾਸਿੰਗ ਵਿਖੇ ਸਪੀਡ ਬ੍ਰੇਕਰ ਅੱਗੇ ਆਉਣ ਕਾਰਨ ਬੱਸ ਹੌਲੀ ਹੋ ਗਈ। ਇਸ ਦੌਰਾਨ ਮੌਕੇ ਦਾ ਲਾਭ ਲੈਂਦੇ ਹੋਏ ਦੋਵਾਂ ਕੈਦੀਆਂ ਨੇ ਬੱਸ 'ਚ ਸੁਰੱਖਿਆ ਲਈ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਧੱਕਾ ਦਿੰਦੇ ਹੋਏ ਬੱਸ ਦਾ ਦਰਵਾਜ਼ਾ ਖੌਲ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਬੱਸ ਨੂੰ ਰੋਕ ਕੇ ਤੁਰੰਤ ਪੁਲਸ ਮੁਲਾਜ਼ਮਾਂ ਨੇ ਫਰਾਰ ਹੋਏ ਦੋਵਾਂ ਕੈਦੀਆਂ 'ਚੋਂ ਗੁਰਪ੍ਰੀਤ ਸਿੰਘ ਗੋਪੀ ਨੂੰ ਕਾਬੂ ਕਰ ਲਿਆ, ਜਦਕਿ ਹਰਪ੍ਰੀਤ ਸਿੰਘ ਹੈਪੀ ਮੌਕੇ 'ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਸ ਸਬੰਧੀ ਡੀ. ਐੱਸ. ਪੀ ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦੋਵਾਂ ਕੈਦੀਆਂ ਖਿਲ਼ਾਫ ਪੁਲਸ ਪਾਰਟੀ 'ਤੇ ਹਮਲਾ ਕਰਨ ਤੇ ਹਿਰਾਸਤ 'ਚੋਂ ਫਰਾਰ ਹੋਣ ਤਹਿਤ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਾਰ ਹੋਏ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਜਿਸ ਤਹਿਤ ਪੁਲਸ ਪਾਰਟੀਆਂ ਵਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਇਨ੍ਹਾਂ ਖਿਲਾਫ ਗਵਾਹੀ ਲਈ ਅਦਾਲਤ ਦੇ ਹੁੱਕਮਾਂ ਤਹਿਤ ਪੇਸ਼ੀ ਲਈ ਲਿਆਂਦਾ ਗਿਆ ਸੀ।


KamalJeet Singh

Content Editor

Related News