ਕੈਦੀ ਦੀ ਪਿੱਠ ’ਤੇ ਅੱਤਵਾਦੀ ਲਿਖਣ ’ਤੇ ਪੰਥਕ ਜਥੇਬੰਦੀਆਂ ਨੇ ਜੇਲ ਅੱਗੇ ਦਿੱਤਾ ਧਰਨਾ
Monday, Nov 08, 2021 - 04:17 PM (IST)

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਬਰਨਾਲਾ ਜੇਲ ’ਚ ਕੈਦੀ ਕਰਮਜੀਤ ਸਿੰਘ ’ਤੇ ਅੱਤਵਾਦੀ ਸ਼ਬਦ ਲਿਖਣ ’ਤੇ ਪੰਜਾਬ ਕਿਰਤੀ ਮਜ਼ਦੂਰ ਯੂਨੀਅਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਬਰਨਾਲਾ ਜੇਲ ਅੱਗੇ ਧਰਨਾ ਲਾਇਆ ਗਿਆ ਅਤੇ ਜੇਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਕਦੇ ਵੀ ਵੱਖਵਾਦੀ ਨਹੀਂ ਹੋ ਸਕਦੀ। ਜੇਲ ਪ੍ਰਸ਼ਾਸਨ ਨੇ ਕੈਦੀ ਕਰਮਜੀਤ ਸਿੰਘ ਨਾਲ ਧੱਕਾ ਕੀਤਾ ਅਤੇ ਉਸਦੀ ਪਿੱਠ ’ਤੇ ਗਰਮ ਸੂਇਆਂ ਨਾਲ ਅੱਤਵਾਦੀ ਸ਼ਬਦ ਲਿੱਖ ਦਿੱਤਾ। ਜਿਸ ਕਾਰਨ ਪੰਥਕ ਜਥੇਬੰਦੀਆਂ ’ਚ ਭਾਰੀ ਰੋਸ ਹੈ। ਜੇਕਰ ਦੋਸ਼ੀ ਅਧਿਕਾਰੀਆਂ ਨੂੰ ਜਲਦੀ ਸਜ਼ਾ ਨਾ ਦਿੱਤੀ ਗਈ ਤਾਂ ਹਮਖਿਆਲੀ ਪੰਥਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਕਰਨ ਸਿੰਘ, ਕੁਲਦੀਪ ਸਿੰਘ ਉਗੋਕੇ, ਜਰਨੈਲ ਸਿੰਘ ਭਦੌੜ, ਕਾਲਾ ਸਿੰਘ ਤੇ ਦਰਸ਼ਨ ਸਿੰਘ ਮੰਡੇਰ ਆਦਿ ਵੀ ਹਾਜ਼ਰ ਸਨ।
ਕਰਮਜੀਤ ਸਿੰਘ ਦਾ ਪਿਛਲਾ ਰਿਕਾਰਡ ਖਰਾਬ, ਪਹਿਲਾਂ ਵੀ ਕਈ ਜੇਲਾਂ ’ਚ ਖੜ੍ਹਾ ਕੀਤਾ ਫਸਾਦ : ਜੇਲ੍ਹਰ
ਇਸ ਸਬੰਧੀ ਬਰਨਾਲਾ ਜੇਲ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਕੈਦੀ ਕਰਮਜੀਤ ਸਿੰਘ ਦਾ ਪਿਛਲਾ ਰਿਕਾਰਡ ਵੀ ਖਰਾਬ ਹੈ। ਉਸਨੇ ਪਹਿਲਾਂ ਵੀ ਕਈ ਜੇਲਾਂ ’ਚ ਫਸਾਦ ਖੜ੍ਹਾ ਕੀਤਾ ਹੈ। ਜਿਸ ਕਾਰਨ ਉਸਨੂੰ ਪੰਜਾਬ ਦੀਆਂ ਕਈ ਜੇਲਾਂ ਵਿਚ ਸ਼ਿਫਟ ਕੀਤਾ ਗਿਆ ਹੈ। ਉਸ ਖ਼ਿਲਾਫ਼ ਕਤਲ, ਇਰਾਦਾ ਕਤਲ ਅਤੇ ਹੋਰ ਕਈ ਮਾਮਲੇ ਦਰਜ ਹਨ। ਬਾਕੀ ਇਸ ਮਾਮਲੇ ਦੀ ਨਿਆਂਇਕ ਜਾਂਚ ਅਤੇ ਵਿਭਾਗੀ ਜਾਂਚ ਵੀ ਜਾਰੀ ਹੈ। ਸਾਰਾ ਸੱਚ ਸਾਹਮਣੇ ਆ ਜਾਵੇਗਾ। ਜੇਲ ਪ੍ਰਸ਼ਾਸਨ ’ਤੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਰਾਸਰ ਝੂਠੇ ਹਨ।