ਜੇਲ੍ਹ ਮੰਤਰੀ ਸੁਪਰ-ਗੈਂਗਸਟਰ ਬਣ ਕੇ ਗੈਂਗਸਟਰਾਂ ਦੀ ਕਰ ਰਿਹੈ ਸਰਪ੍ਰਸਤੀ : ਸੁਖਬੀਰ ਬਾਦਲ

12/05/2019 12:53:04 AM

ਅਬੋਹਰ/ਜਲਾਲਾਬਾਦ,(ਸੇਤੀਆ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਸ ਸੂਬੇ ਦਾ ਜੇਲ੍ਹ ਮੰਤਰੀ 'ਸੁਪਰ ਗੈਂਗਸਟਰ' ਬਣ ਕੇ ਜੇਲ੍ਹਾਂ ਅੰਦਰ ਬੈਠੇ ਗੈਗਸਟਰਾਂ ਦੀ ਸਰਪ੍ਰਸਤੀ ਕਰ ਰਿਹਾ ਹੋਵੇ। ਉਸ ਸੂਬੇ ਅੰਦਰ ਕਿਸੇ ਦੀ ਜਾਨ ਤੇ ਮਾਲ ਸੁਰੱਖਿਅਤ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਜਿੰਨੀ ਮਾੜੀ ਹਾਲਤ ਇਸ ਸਮੇਂ ਹੈ, ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ।

ਅੱਜ ਇੱਥੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਦੌਰੇ 'ਤੇ ਅਕਾਲੀ ਦਲ ਪ੍ਰਧਾਨ ਨੇ ਪਿੰਡ ਬੁਰਜ ਮੁਹਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਇਸ ਲਈ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਰੇ ਵੱਡੇ ਗੈਂਗਸਟਰਾਂ ਨੂੰ ਜੇਲ੍ਹਾਂ ਅੰਦਰ ਮਨਆਈਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਮੌਜ ਨਾਲ ਜੇਲ੍ਹਾਂ ਅੰਦਰ ਬੈਠੇ ਅਪਰਾਧਿਕ ਗਤੀਵਿਧੀਆਂ ਕਰ ਰਹੇ ਹਨ। ਪੁਲਸ ਉਨ੍ਹਾਂ ਖ਼ਿਲਾਫ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੀ ਰਾਖੀ ਕਰ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਾ ਕੀਤੇ ਜਾਣ ਬਾਰੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਰਾਜੋਆਣਾ ਬਾਰੇ ਸਾਡਾ ਸਟੈਂਡ ਬੜਾ ਸਪੱਸ਼ਟ ਹੈ ਕਿ ਉਸ ਦੀ ਸਜ਼ਾ ਮੁਆਫ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲੇਗਾ। ਅਸੀਂ ਬੇਨਤੀ ਕਰਾਂਗੇ ਕਿ ਇਹ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ, ਜਿਸ ਨਾਲ ਸਾਰੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਰਾਜੋਆਣਾ ਬਿਨਾਂ ਪੈਰੋਲ ਤੋਂ 30 ਸਾਲ ਦੇ ਕਰੀਬ ਕੈਦ ਕੱਟ ਚੁੱਕਿਆ ਹੈ। ਇੱਕ ਉਮਰ ਕੈਦ 14-15 ਸਾਲ ਦੀ ਹੁੰਦੀ ਹੈ ਤੇ ਇਸ ਹਿਸਾਬ ਨਾਲ ਰਾਜੋਆਣਾ ਦੋ ਉਮਰ ਕੈਦਾਂ ਕੱਟ ਚੁੱਕਿਆ ਹੈ।

ਕੈਪਟਨ ਸਰਕਾਰ ਵੱਲੋਂ ਕਰਵਾਏ ਜਾ ਰਹੇ 'ਇਨਵੈਸਟ ਪੰਜਾਬ' ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਿਹੋ ਜਿਹੇ ਪੰਜਾਬ ਦੇ ਹਾਲਾਤ ਹਨ, ਇੱਥੇ ਤਾਂ 'ਡਿਸਇਨਵੈਸਟ ਪੰਜਾਬ' ਹੋ ਕੇ ਰਹਿ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਵਿਚ ਕੀ ਹੋ ਰਿਹਾ ਹੈ, ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਦੂਜੇ ਪਾਸੇ ਵਿੱਤ ਮੰਤਰੀ ਨੂੰ ਆਰਥਿਕ ਪ੍ਰਬੰਧ ਚਲਾਉਣ ਦੀ ਕੋਈ ਸਮਝ ਨਹੀਂ ਹੈ ਤਾਂ ਹੀ ਪੰਜਾਬ ਵਿਚ ਵਿੱਤੀ ਐਮਰਜੰਸੀ ਲੱਗਣ ਵਰਗੇ ਹਾਲਾਤ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਅੰਦਰ ਜੀ. ਐਸ. ਟੀ. ਉਗਰਾਹੀ 'ਚ 35 ਫੀਸਦੀ ਵਾਧਾ ਹੋਇਆ ਹੈ, ਜਦਕਿ ਪੰਜਾਬ 'ਚ ਜੀ. ਐਸ. ਟੀ ਉਗਰਾਹੀ 40 ਫੀਸਦੀ ਤੋਂ ਵੱਧ ਘਟ ਗਈ ਹੈ।


Related News