ਲੁਧਿਆਣਾ ਸੈਂਟਰਲ ਜੇਲ ''ਚ ਸੁਰੱਖਿਆ ਵਧਾਈ

Wednesday, Jan 03, 2018 - 06:35 AM (IST)

ਲੁਧਿਆਣਾ ਸੈਂਟਰਲ ਜੇਲ ''ਚ ਸੁਰੱਖਿਆ ਵਧਾਈ

ਲੁਧਿਆਣਾ(ਸਿਆਲ)-ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਮਥੁਰਾ ਜੇਲ 'ਚੋਂ ਭੱਜੇ 3 ਕੈਦੀਆਂ ਦੀ ਘਟਨਾ ਦੇ ਬਾਅਦ ਪੰਜਾਬ ਜੇਲ ਵਿਭਾਗ ਨੇ ਪੰਜਾਬ ਦੀਆਂ ਸਾਰੀਆਂ ਜੇਲਾਂ 'ਚ ਸੁਰੱਖਿਆ ਵਿਵਸਥਾ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਲੁਧਿਆਣਾ ਦੀ ਸੈਂਟਰਲ ਜੇਲ 'ਚ ਵੀ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।
ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨੂੰ ਦਿੱਤੇ ਵਾਕੀ-ਟਾਕੀ 
ਤਾਜਪੁਰ ਰੋਡ ਸਥਿਤ ਸੈਂਟਰਲ ਜੇਲ 'ਚ ਪ੍ਰਸ਼ਾਸਨ ਨੇ ਸੁਰੱਖਿਆ ਵਧਾਉਣ ਤੋਂ ਇਲਾਵਾ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਦੇ ਹੱਥਾਂ 'ਚ ਵਾਕੀ-ਟਾਕੀ ਵੀ ਫੜਾ ਦਿੱਤੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਘਟਨਾ ਹੋਣ 'ਤੇ ਤੁਰੰਤ ਇਕ-ਦੂਜੇ ਨਾਲ ਸੰਪਰਕ ਕਰ ਕੇ ਕਾਰਵਾਈ ਕੀਤੀ ਜਾ ਸਕੇ। ਉਥੇ ਜੇਲ ਦੀਆਂ ਬਾਹਰੀ ਕੰਧਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਗਸ਼ਤ ਵੀ ਵਧਾ ਦਿੱਤੀ ਗਈ ਹੈ। ਅੱਜ ਜੇਲ 'ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। 
ਇਸ ਲਈ ਚੁੱਕਿਆ ਕਦਮ  
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਥੁਰਾ ਜੇਲ ਤੋਂ ਕੈਦੀ ਸੰਘਣੀ ਧੁੰਦ ਦੌਰਾਨ ਕੰਧ ਟੱਪ ਕੇ ਭੱਜਣ 'ਚ ਕਾਮਯਾਬ ਹੋ ਗਏ। ਪੰਜਾਬ 'ਚ ਵੀ ਪਿਛਲੇ ਇਕ ਹਫਤੇ ਤੋਂ ਧੁੰਦ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਸਵੇਰੇ-ਸ਼ਾਮ ਤਾਂ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ਜਿਵੇਂ ਰਾਤ ਹੋ ਗਈ ਹੋਵੇ। ਇਸ ਦੌਰਾਨ ਪੰਜਾਬ ਜੇਲ ਵਿਭਾਗ ਇਸ ਤਰ੍ਹਾਂ ਦੀ ਕਿਸੇ ਵੀ ਗਤੀਵਿਧੀ ਨੂੰ ਫੇਸ ਨਹੀਂ ਕਰਨਾ ਚਾਹੁੰਦਾ, ਜਿਸ ਕਾਰਨ ਜੇਲਾਂ 'ਚ ਸੁਰੱਖਿਆ ਸਖ਼ਤ ਕਰਨ ਨੂੰ ਕਿਹਾ ਗਿਆ ਹੈ। 
ਪ੍ਰਤੀਦਿਨ ਹੋਵੇਗੀ ਅਚਾਨਕ ਸਰਚ 
ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਵਿਸ਼ੇਸ਼ ਰਣਨੀਤੀ ਤਹਿਤ ਹਰ ਦਿਨ ਕਿਸੇ ਵੀ ਸਮੇਂ ਅਚਾਨਕ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਡਿਊਟੀ ਨਿਭਾਉਣ ਅਤੇ ਸੁਰੱਖਿਆ ਟਾਵਰਾਂ 'ਤੇ ਮੌਜੂਦ ਰਹਿਣ ਵਾਲੇ ਕਰਮਚਾਰੀਆਂ ਨੂੰ ਸਰਗਰਮ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜੇਲ ਮੁੱਖ ਦੁਆਰ 'ਤੇ ਸਖਤ ਪਹਿਰਾ ਲਾਇਆ ਗਿਆ ਹੈ। ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਣ ਆਉਣ ਵਾਲੇ ਮੁਲਾਕਾਤੀਆਂ ਅਤੇ ਅਦਾਲਤ 'ਚ ਪੇਸ਼ੀ ਭੁਗਤ ਕੇ ਵਾਪਸ ਆਉਣ ਵਾਲੇ ਕੈਦੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ, ਨਾਲ ਹੀ ਕੈਦੀਆਂ ਨੂੰ ਪੇਸ਼ੀ 'ਤੇ ਲਿਜਾਣ ਵਾਲੀ ਪੁਲਸ ਗਾਰਦ ਨੂੰ ਸਰਗਰਮ ਰਹਿਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜੇਲ ਦੀ ਹਰ ਗਤੀਵਿਧੀ 'ਤੇ ਤੀਜੀ ਅੱਖ ਦੀ ਵੀ ਨਜ਼ਰ ਹੈ।


Related News