10 ਸਾਲਾ ਬੱਚੀ ਨਾਲ ਪ੍ਰਿੰਸੀਪਲ ਨੇ ਕੀਤੀਆਂ ਗੰਦੀਆਂ ਹਰਕਤਾਂ, ਮਾਂ ਨੇ ਲਾਏ ਪੁਲਸ 'ਤੇ ਗੰਭੀਰ ਦੋਸ਼

03/23/2023 11:55:58 PM

ਲੁਧਿਆਣਾ (ਰਾਜ) : ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਕੈਲਾਸ਼ ਨਗਰ ’ਚ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ 10 ਸਾਲ ਦੀ ਬੱਚੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕੀਤਾ। ਪੀੜਤ ਧਿਰ ਦਾ ਦੋਸ਼ ਹੈ ਕਿ ਮੁਲਜ਼ਮ ’ਤੇ ਕਾਰਵਾਈ ਦੀ ਬਜਾਏ ਪੁਲਸ 2 ਦਿਨਾਂ ਤੋਂ ਵਾਰ-ਵਾਰ ਥਾਣੇ ਬੁਲਾ ਕੇ ਉਨ੍ਹਾਂ ’ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ, ਸਗੋਂ ਮੁਲਜ਼ਮ ਧਿਰ ਦਾ ਸਾਥ ਦੇ ਰਹੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਬੇਟੀਆਂ ਹਨ। ਉਹ ਕੰਮ-ਕਾਜ ਕਰ ਕੇ ਆਪਣਾ ਅਤੇ ਬੇਟੀਆਂ ਦਾ ਪੇਟ ਪਾਲਦੀ ਹੈ। ਉਨ੍ਹਾਂ ਦੇ ਇਲਾਕੇ ’ਚ ਇਕ ਪ੍ਰਾਈਵੇਟ ਸਕੂਲ ਹੈ, ਜਿੱਥੇ ਉਸ ਦੀ ਬੇਟੀ 6ਵੀਂ ਕਲਾਸ ’ਚ ਪੜ੍ਹਦੀ ਹੈ। ਇਸ ਦੇ ਨਾਲ ਹੀ ਉਹ ਸਕੂਲ ’ਚ ਸਾਫ਼-ਸਫ਼ਾਈ ਵੀ ਕਰਦੀ ਹੈ, ਜਿੰਨੇ ਪੈਸੇ ਮਿਲਦੇ ਹਨ, ਉਹ ਉਸ ਨਾਲ ਬੱਚੀ ਦੀ ਸਕੂਲ ਫੀਸ ਭਰ ਦਿੰਦੀ ਹੈ।

ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ ’ਚ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਸਖ਼ਤ ਸੁਰੱਖਿਆ ਹੇਠ ਵੱਖ-ਵੱਖ ਕੋਠੜੀਆਂ ’ਚ ਰੱਖਿਆ

ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਸ਼ਾਮ ਨੂੰ ਸਕੂਲ ਪ੍ਰਿੰਸੀਪਲ ਉਸ ਦੇ ਘਰ ਆਇਆ ਸੀ। ਉਹ ਘਰ ਵਿਚ ਮੌਜੂਦ ਨਹੀਂ ਸੀ। ਉਸ ਦੀਆਂ ਬੇਟੀਆਂ ਘਰ ’ਚ ਸਨ। ਉਸ ਨੇ ਵੱਡੀ ਬੇਟੀ ਨੂੰ ਸਾਫ਼-ਸਫ਼ਾਈ ਲਈ ਬੁਲਾਇਆ ਸੀ। ਇਸ ਲਈ ਉਸ ਦੀ ਬੇਟੀ ਚਲੀ ਗਈ ਸੀ, ਜਿੱਥੇ ਸਕੂਲ ਪ੍ਰਿੰਸੀਪਲ ਨੇ ਉਸ ਦੀ ਬੇਟੀ ਨਾਲ ਗੰਦੀਆਂ ਹਰਕਤਾਂ ਕੀਤੀਆਂ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਯਤਨ ਕੀਤਾ। ਜਦੋਂ ਉਸ ਦੀ ਬੇਟੀ ਰੋਣ ਲੱਗੀ ਤਾਂ ਉਸ ਨੂੰ ਕੁਝ ਪੈਸੇ ਦੇ ਕੇ ਘਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਘਰ ਪੁੱਜਣ ਤੋਂ ਬਾਅਦ ਬੇਟੀ ਨੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠੇ ਕਰ ਕੇ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਲੋਕਾਂ ਨੇ ਸਕੂਲ ਦੇ ਬਾਹਰ ਪੁੱਜ ਕੇ ਹੰਗਾਮਾ ਕਰ ਦਿੱਤਾ। ਪੁਲਸ ਨੂੰ ਸੂਚਨਾ ਦੇਣ ’ਤੇ ਥਾਣਾ ਬਸਤੀ ਜੋਧੇਵਾਲ ਤੋਂ ਪੁਲਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਮੁਲਜ਼ਮ ਵਿਅਕਤੀ ਨੂੰ ਆਪਣੇ ਨਾਲ ਥਾਣੇ ਲੈ ਗਏ।

ਇਹ ਵੀ ਪੜ੍ਹੋ : ਜੰਤਰ-ਮੰਤਰ 'ਤੇ 'ਆਪ' ਦੀ ਰੈਲੀ ਦੌਰਾਨ ਕੇਜਰੀਵਾਲ ਦੇ ਤਿੱਖੇ ਬੋਲ, PM ਮੋਦੀ ਨੂੰ ਲੈ ਕੇ ਕਹੀਆਂ ਇਹ ਗੱਲਾਂ

ਪੀੜਤ ਦੀ ਮਾਂ ਦਾ ਦੋਸ਼ ਹੈ ਕਿ ਘਟਨਾ ਵਾਲੇ ਦਿਨ ਪੁਲਸ ਨੇ ਸਿਰਫ਼ ਸ਼ਿਕਾਇਤ ਲਿਖਣ ’ਚ ਕਈ ਘੰਟੇ ਲਗਾ ਦਿੱਤੇ ਸਨ। ਥਾਣੇ ’ਚ ਮੌਜੂਦ ਪੁਲਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਐੱਸ. ਐੱਚ. ਓ. ਛੁੱਟੀ ’ਤੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸ਼ਿਕਾਇਤ ਲਿਖੀ ਜਾਵੇਗੀ। ਕਈ ਘੰਟੇ ਪੁਲਸ ਨੇ ਉਨ੍ਹਾਂ ਨੂੰ ਥਾਣੇ ਦੇ ਅੰਦਰ ਹੀ ਬਿਠਾਈ ਰੱਖਿਆ। ਫਿਰ ਮੁਹੱਲੇ ਦੇ ਲੋਕਾਂ ਵੱਲੋਂ ਰੋਸ ਜ਼ਾਹਿਰ ਕਰਨ ਤੋਂ ਬਾਅਦ ਜਾ ਕੇ ਉਨ੍ਹਾਂ ਦੀ ਸ਼ਿਕਾਇਤ ਲਿਖੀ ਗਈ। ਪੀੜਤ ਧਿਰ ਦਾ ਦੋਸ਼ ਹੈ ਕਿ ਪੁਲਸ ਨੇ ਮੁਲਜ਼ਮ ਨੂੰ ਉਸੇ ਦਿਨ ਹਿਰਾਸਤ ’ਚ ਲੈ ਲਿਆ ਸੀ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।


Mandeep Singh

Content Editor

Related News