ਕੈਪਟਨ ਅਮਰਿੰਦਰ ਸਿੰਘ ਇਕਾਂਤਵਾਸ ''ਚੋਂ ਬਾਹਰ ਆ ਕੇ ਲੋਕਾਂ ਤੇ ਪੰਜਾਬ ਲਈ ਸੋਚਣ: ਬੁੱਧ ਰਾਮ

Friday, Sep 11, 2020 - 02:26 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਹੈ ਕਿ ਪੰਜਾਬ 'ਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨਹੀਂ, ਸਗੋਂ ਇਕ ਮਾਫ਼ੀਆ ਗਿਰੋਹ ਸਰਕਾਰ ਚਲਾ ਰਿਹਾ ਹੈ, ਜਿਸ ਕਰਕੇ ਸੂਬੇ ਦੀ ਆਰਥਿਕ ਹਾਲਤ ਹਰ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹੀ ਮਾਫ਼ੀਆ ਗਿਰੋਹ ਸੂਬੇ ਨੂੰ ਵੇਚ ਕੇ ਆਪਣੀਆਂ ਕਮਾਈਆਂ ਕਰ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਆਮ ਲੋਕ ਇਸ ਮਾਫ਼ੀਆ ਸਰਕਾਰ ਦੇ ਖ਼ਿਲਾਫ਼ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਇਸ ਨਿਕੰਮੀ ਤੇ ਲੋਕ ਵਿਰੋਧੀ ਨੀਤੀਆਂ ਲੈ ਕੇ ਚੱਲਣ ਵਾਲੀ ਅਮਰਿੰਦਰ ਸਿੰਘ ਸਰਕਾਰ ਨੂੰ ਚੱਲਦਾ ਨਹੀਂ ਕੀਤਾ ਜਾ ਸਕਦਾ। ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੂਨ ਮਹੀਨੇ 'ਚ ਸਰਕਾਰ ਦਾ 21 ਫੀਸਦੀ ਮਾਲੀਆ ਘੱਟ ਗਿਆ ਹੈ, ਜਿਸ ਦਾ ਅਸਰ ਪੂਰੇ ਪੰਜਾਬ 'ਤੇ ਪੈਂਦਾ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਭਰ 'ਚ ਲੋਕਾਂ ਦੇ ਕਾਰੋਬਾਰ ਵਪਾਰ 'ਤੇ ਧੰਦੇ ਬੰਦ ਪਏ ਹਨ, ਲੋਕਾਂ ਦੀ ਹਾਲਤ ਭੁੱਖਮਰੀ ਵਰਗੀ ਹੋਈ ਪਈ ਹੈ। ਹਰ ਦਿਨ ਸੂਬੇ ਦੇ ਹਾਲਾਤ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਕਰਵਾਇਆ ਕੋਰੋਨਾ ਟੈਸਟ, ਕੁਝ ਇਸ ਅੰਦਾਜ਼ 'ਚ ਲਈ 'ਚੁਟਕੀ'

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਉਸ ਨੇ ਸੂਬੇ 'ਚ 50 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾਵਾਂ ਬਣਾਈਆਂ ਸਨ ਪਰ   ਉਹ ਸਾਰੀਆਂ ਹੀ ਧਰੀਆਂ ਧਰਾਈਆਂ ਅਤੇ ਕਾਗ਼ਜ਼ਾਂ ਵਿਚ ਹੀ ਰਹਿ ਗਈਆਂ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਲੋਕਾਂ ਦੀ ਜ਼ਮੀਨ ਐਕੁਆਇਰ ਕਰਕੇ ਰੱਖਣ ਦਾ ਕੀ ਫ਼ਾਇਦਾ ਹੋਇਆ। ਜਿਸ ਦਾ ਕਿਸੇ ਨੂੰ ਵੀ ਕੋਈ ਲਾਭ ਤੱਕ ਨਹੀਂ ਮਿਲਿਆ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜਦੋਂ ਸਿਆਸੀ ਲੋਕ ਸਹੂਲਤਾਂ ਦਾ ਪੂਰਾ ਫ਼ਾਇਦਾ ਲੈਂਦੇ ਹਨ ਤਾਂ ਆਮ ਗ਼ਰੀਬ ਲੋਕਾਂ ਦੀ ਸਕੀਮਾਂ, ਸਹੂਲਤਾਂ 'ਤੇ ਕਿਉਂ ਕੱਟ ਲਾਇਆ ਜਾਂਦਾ ਹੈ। ਕਦੇ ਸ਼ਗਨ ਸਕੀਮ, ਕਦੇ ਪੈਨਸ਼ਨਾਂ ਤੇ ਕਦੇ ਹੋਰ ਲਾਭਪਾਤਰੀ ਸਕੀਮਾਂ 'ਤੇ ਇਸ ਤਰ੍ਹਾਂ ਦੇ ਕੱਟ ਲਾ ਕੇ ਗ਼ਰੀਬਾਂ ਤੋਂ ਸਹੂਲਤਾਂ ਖੋਹ ਲਈਆਂ ਜਾਂਦੀਆਂ ਹਨ। ਜਿਸ ਕਰਕੇ ਪੰਜਾਬ ਦੀ ਗ਼ਰੀਬ ਜਨਤਾ ਵੱਡੀ ਗਿਣਤੀ ਵਿਚ ਹਰ ਦਿਨ ਮਿਲਣ ਵਾਲੀਆਂ ਸਹੂਲਤਾਂ ਤੋਂ ਸੱਖਣੀ ਹੁੰਦੀ ਜਾ ਰਹੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਕੈਂਸਰ ਸਕੀਮਾਂ ਵਿਚ ਹਾਲੇ ਤੱਕ ਇਲਾਜ ਨਾ ਮਿਲਣ ਕਰਕੇ ਗ਼ਰੀਬ ਲੋਕਾਂ ਦਾ 280 ਕਰੋੜ ਰੁਪਏ ਬਕਾਇਆ ਖੜ੍ਹਾ ਹੈ, ਜਿਸ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਮਰਿੰਦਰ ਸਿੰਘ ਨਹੀਂ, ਬਲਕਿ ਮਾਫ਼ੀਆ ਗਿਰੋਹ ਦੀ ਇਕ ਸਰਕਾਰ ਚਲਾ ਰਹੀ ਹੈ ਅਤੇ ਸੂਬੇ ਦੇ ਆਰਥਿਕ ਹਾਲਤ ਬੇਹੱਦ ਮਾੜੇ ਬਣਦੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਕਾਂਤਵਾਸ ਤੋਂ ਬਾਹਰ ਆ ਕੇ ਸੂਬੇ ਦੇ ਹਿਤਾਂ ਲਈ ਸੋਚਣਾ ਅਤੇ ਫ਼ਿਕਰ ਕਰਨਾ ਬਣਦਾ ਹੈ। ਜਿਸ ਨਾਲ ਪੰਜਾਬ ਦੀ ਲੀਹੋਂ ਲੱਥੀ ਆਰਥਿਕਤਾ ਨੂੰ ਥੋੜ੍ਹਾ ਸੁਧਾਰਿਆ ਜਾ ਸਕੇ।

ਇਹ ਵੀ ਪੜ੍ਹੋ : ਮਾਂ ਨੇ ਪੁਲਸ ਨੂੰ ਲਾਈ ਆਪਣੇ ਲਾਪਤਾ ਪੁੱਤਰ ਨੂੰ ਲੱਭਣ ਦੀ ਗੁਹਾਰ


Anuradha

Content Editor

Related News