ਪ੍ਰਿੰਸ ਬਾਬਾ ਨਾਲ ਮਿਲ ਕੇ ਵਾਰਦਾਤਾਂ ਕਰਨ ਵਾਲਾ ਅਮਿਤ ਅਤੇ ਉਸ ਦਾ ਸਾਥੀ ਦੁਬਾਰਾ ਰਿਮਾਂਡ ''ਤੇ
Friday, Aug 23, 2019 - 04:16 PM (IST)
ਜਲੰਧਰ (ਵਰੁਣ) : ਐੱਨ. ਆਰ. ਆਈ. ਦੇ ਸਾਲੇ ਕੋਲੋਂ 48 ਲੱਖ ਰੁਪਏ ਲੁੱਟਣ ਵਾਲੇ ਅਮਿਤ ਅਤੇ ਉਸ ਦੇ ਸਾਥੀ ਅਮਨ ਨੂੰ ਸੀ. ਆਈ. ਏ. ਸਟਾਫ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ' ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਉਥੇ ਇਨ੍ਹਾਂ ਦੇ ਤੀਜੇ ਸਾਥੀ ਅਮਨ ਬੁਕ ਨੂੰ ਵੀ ਕਪੂਰਥਲਾ ਰੋਡ ਦੀ ਨਹਿਰੀ ਕਾਲੋਨੀ ਤੋਂ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ, ਜਿਸ ਤੋਂ ਕੁਝ ਨਕਦੀ ਬਰਾਮਦ ਵੀ ਹੋਈ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸੀ. ਆਈ. ਏ. ਸਟਾਫ ਹੁਣ ਅਮਿਤ ਕੋਲੋਂ ਪ੍ਰਿੰਸ ਬਾਬੇ ਦੇ ਨਾਲ ਮਿਲ ਕੇ ਕੀਤੀਆਂ ਵਾਰਦਾਤਾਂ ਨੂੰ ਟ੍ਰੇਸ ਕਰਨ 'ਚ ਜੁਟੀ ਹੈ। 'ਜਗ ਬਾਣੀ' ਨੇ ਵੀਰਵਾਰ ਦੇ ਅੰਕ 'ਚ ਖਬਰ ਛਾਪ ਕੇ ਅਮਿਤ ਅਤੇ ਪ੍ਰਿੰਸ ਬਾਬੇ ਦਾ ਲਿੰਕ ਹੋਣ ਦਾ ਖੁਲਾਸਾ ਕੀਤਾ ਸੀ।
ਸੀ. ਆਈ. ਏ. ਸਟਾਫ ਨੇ ਅਮਿਤ ਕੋਲੋਂ ਪ੍ਰਿੰਸ ਬਾਬੇ ਸਬੰਧੀ ਪੁੱਛਗਿੱਛ ਕੀਤੀ ਤਾਂ ਦੋਵਾਂ ਦੇ ਲਿੰਕ ਦਾ ਪਤਾ ਲੱਗਾ। ਪੁਲਸ ਨੇ ਜੇਲ ਚੌਕ ਦੇ ਰਹਿਣ ਵਾਲੇ ਅਮਿਤ ਅਤੇ ਉਸ ਦੇ ਸਾਥੀ ਅਮਨ ਨੂੰ ਪ੍ਰਿੰਸ ਬਾਬੇ ਦੇ ਨਾਲ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਪੁੱਛਗਿੱਛ ਕਰਨ ਲਈ ਦੁਬਾਰਾ 2 ਦਿਨ ਦੇ ਰਿਮਾਂਡ 'ਤੇ ਲਿਆ ਹੈ। ਸੀ. ਆਈ. ਏ. ਸਟਾਫ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਉਹ ਪ੍ਰਿੰਸ ਬਾਬੇ ਨੂੰ ਵੀ ਜੇਲ ਤੋਂ ਪ੍ਰੋਡਕਸ਼ਨ 'ਤੇ ਲਿਆ ਕੇ ਪੁੱਛਗਿੱਛ ਕਰਨਗੇ। ਦੱਸਣਯੋਗ ਹੈ ਕਿ ਸੀ. ਆਈ.ਏ. ਸਟਾਫ ਦੀ ਪੁਲਸ ਨੇ ਅਮਿਤ ਅਤੇ ਅਮਨ ਨਾਂ ਦੇ ਦੋ ਨੌਜਵਾਨਾਂ ਨੂੰ ਗੁਲਾਬ ਦੇਵੀ ਰੋਡ 'ਤੇ ਹੋਈ 48 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਦੋਵਾਂ ਕੋਲੋਂ ਪੁਲਸ ਨੇ 31 ਲੱਖ ਰੁਪਏ ਬਰਾਮਦ ਕੀਤੇ ਸਨ।