ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਣਪ ਨਾਲ ਪੰਜਾਬ 'ਚ ਇਕ ਅਣਹੋਣੀ ਘਟਨਾ ਟਲੀ
Friday, Jan 14, 2022 - 01:08 PM (IST)
ਜਲੰਧਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਜਨਵਰੀ ਦਾ ਦੌਰਾ ਭਾਵੇਂ ਰੱਦ ਹੋ ਗਿਆ ਪਰ ਉਹ ਜਾਂਦੇ-ਜਾਂਦੇ ਪੰਜਾਬ ਨੂੰ ਕੁਝ ਦੇ ਹੀ ਗਏ। ਸੂਬਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਉੱਚਿਤ ਵਿਵਸਥਾ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਰਸਤਾ ਰੋਕਣਾ 2 ਅਜਿਹੇ ਮਹੱਤਵਪੂਰਨ ਕਾਰਨ ਹਨ, ਜਿਸ ਕਰਕੇ ਇਹ ਦੌਰਾ ਰੱਦ ਕਰਨਾ ਪਿਆ। ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਅਤੇ ਗ੍ਰਹਿ ਮੰਤਰਾਲੇ ਨੇ ਅਸੁਰੱਖਿਅਤ ਮਾਹੌਲ ਵਿਚ ਦੌਰਾ ਰੱਦ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਇਸ ਫੇਰੀ ਤੋਂ ਪੰਜਾਬ ਲਾਭ ਉਠਾਉਣ ਤੋਂ ਵਾਂਝਾ ਰਹਿ ਗਿਆ।
ਕੁਝ ਸਿਆਸੀ ਵਿਸ਼ਲੇਸ਼ਕ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਰੱਦ ਹੋਣਾ ਪੰਜਾਬ ਲਈ ਹਾਲਾਤ ਅਨੁਸਾਰ ਠੀਕ ਮੰਨਦੇ ਹਨ। ਉਨ੍ਹਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਐੱਸ. ਪੀ. ਜੀ. ਵੱਲੋਂ ਜੇਕਰ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਹਲਕੇ ਜਾਂ ਭਾਰੀ ਬਲ ਦੀ ਵਰਤੋਂ ਕੀਤੀ ਜਾਂਦੀ ਤਾਂ ਇਸ ਦੇ ਨਤੀਜੇ ਕਿੰਨੇ ਗੰਭੀਰ ਹੋ ਸਕਦੇ ਸਨ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਪ੍ਰਧਾਨ ਮੰਤਰੀ ਦਫ਼ਤਰ ਦੀ ਸਿਆਣਪ ਨਾਲ ਵਿਰੋਧੀ ਪਾਰਟੀਆਂ ਨੂੰ ਭਾਜਪਾ ਅਤੇ ਕੇਂਦਰ ਸਰਕਾਰ ’ਤੇ ਸ਼ਬਦੀ ਹਮਲੇ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮੱਦੇਨਜ਼ਰ ਰੱਖਦਿਆਂ ‘ਰਾਸ਼ਟਰ ਸਰਬ-ਉੱਚ’ ਦੀ ਵਿਚਾਰਧਾਰਾ ਨੂੰ ਪਹਿਲ ਦਿੰਦਿਆਂ ਪ੍ਰਧਾਨ ਮੰਤਰੀ ਦਾ ਰੱਦ ਦੌਰਾ ਦੇਸ਼ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਪ੍ਰਮੁੱਖਤਾ ਦੇਣ ਵੱਲ ਇਸ਼ਾਰਾ ਕਰਦਾ ਹੈ। ਭਾਵੇਂ ਰੈਲੀ ਰੱਦ ਹੋਣ ਦਾ ਭਾਜਪਾ ਨੂੰ ਕੁਝ ਸਮੇਂ ਲਈ ਸਿਆਸੀ ਨੁਕਸਾਨ ਜ਼ਰੂਰ ਹੋਵੇਗਾ ਪਰ ਭਾਜਪਾ ਦੇ ਇਸ ਨੁਕਸਾਨ ਨਾਲ ਪ੍ਰਧਾਨ ਮੰਤਰੀ ਇਕ ਵਾਰ ਫਿਰ ਪੰਜਾਬ ’ਤੇ ਅਹਿਸਾਨ ਕਰ ਗਏ, ਅਜਿਹਾ ਕਈ ਸਿਆਸੀ ਪੰਡਿਤਾਂ ਦਾ ਮੰਨਣਾ ਹੈ।
ਇਹ ਵੀ ਪੜ੍ਹੋ: CM ਚੰਨੀ ਨੇ ਸੁਰੱਖਿਆ ’ਚ ਕੁਤਾਹੀ ਲਈ PM ਮੋਦੀ ਤੋਂ ਸ਼ਾਇਰਾਨਾ ਅੰਦਾਜ਼ 'ਚ ਮੰਗੀ ਮੁਆਫ਼ੀ
ਪੰਜਾਬ ਉਸ ਦਿਨ ਇਕ ਵੱਡੀ ਅਣਹੋਣੀ ਘਟਨਾ ਤੋਂ ਪ੍ਰਧਾਨ ਮੰਤਰੀ ਦੀ ਸਿਆਣਪ ਨਾਲ ਬਚ ਗਿਆ। ਦਿੱਲੀ ਪਰਤਦਿਆਂ ਹੀ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ‘ਰਾਸ਼ਟਰੀ ਵੀਰ ਬਾਲ ਦਿਵਸ’ ਐਲਾਨਦਿਆਂ ਹਰ ਸਾਲ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦਾ ਫ਼ੈਸਲਾ ਲਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਦਿਆਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕ ਧੋਬੀ ਪਟਕਾ ਦੇ ਦਿੱਤਾ ਸੀ। ਅਜੇ ਕੁਝ ਦਿਨ ਪਹਿਲਾਂ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਕੇਂਦਰ ਸਰਕਾਰ ਨੇ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਰੋਪ ਵੇਅ ਬਣਾਉਣ ਦਾ ਫ਼ੈਸਲਾ ਲਿਆ ਸੀ।
ਅਫ਼ਗਾਨਿਸਤਾਨ ਵਿਚ ਤਖ਼ਤਾ ਪਲਟ ਦੌਰਾਨ 500 ਤੋਂ ਵੱਧ ਸਿੱਖ ਸ਼ਰਨਾਰਥੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਅਤੇ ਮਾਣ-ਮਰਿਆਦਾ ਨਾਲ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਹੀ ਭਾਰਤ ਲਿਆਂਦੇ ਗਏ। 7 ਸਾਲ ਤੋਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਪ੍ਰਤੀ ਆਪਣਾ ਸਤਿਕਾਰ ਅਤੇ ਹਮਦਰਦੀ ਵਿਖਾਉਂਦਿਆਂ ਕਈ ਮਹੱਤਵਪੂਰਨ ਫ਼ੈਸਲੇ ਲਏ। 1984 ਦੇ ਦਿੱਲੀ ਦੰਗਿਆਂ ਦੀ ਜਾਂਚ ਲਈ ਐੱਸ. ਆਈ. ਟੀ. ਬਣਾ ਕੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਕਰਨਾ, ਪੀੜਤਾਂ ਨੂੰ 5-5 ਲੱਖ ਦੀ ਸਹਾਇਤਾ ਰਾਸ਼ੀ ਅਤੇ ਪੁਨਰਵਾਸ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨਾ, ਸਿੱਖਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਕਾਲੀ ਸੂਚੀ ਨੂੰ ਖ਼ਤਮ ਕਰਨਾ ਵੀ ਕੇਂਦਰ ਸਰਕਾਰ ਦੇ ਉਹ ਕੰਮ ਹਨ, ਜਿਹੜੇ ਸਿੱਖ ਭਾਈਚਾਰੇ ਨੂੰ ਗਲੇ ਲਾਉਣ ਲਈ ਕੀਤੇ ਗਏ। ਕਾਲੀ ਸੂਚੀ ਖ਼ਤਮ ਹੋਣ ਨਾਲ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਓ. ਸੀ. ਆਈ. ਕਾਰਡ ਅਤੇ ਭਾਰਤੀ ਵੀਜ਼ਾ ਲੈਣ ਵਿਚ ਸਹਾਇਤਾ ਮਿਲੀ ਅਤੇ ਕਈ ਵਰ੍ਹਿਆਂ ਤੋਂ ਪੰਜਾਬ ਮੁੜਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਮੁੜ ਆਪਣੇ ਪੂਰਵਜ਼ਾਂ ਦੀ ਧਰਤੀ ’ਤੇ ਪੈਰ ਪਾਉਣ ਵਿਚ ਕਾਮਯਾਬ ਹੋਏ।
ਇਹ ਵੀ ਪੜ੍ਹੋ: ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਅਰਦਾਸ ਹਰ ਸਿੱਖ ਰੋਜ਼ਾਨਾ ਕਰਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਕਰਤਾਰਪੁਰ ਕਾਰੀਡੋਰ ਬਣਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਸਥਿਤ ਕਰਤਾਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦਾ ਸੁਫ਼ਨਾ ਸਾਕਾਰ ਹੋਇਆ। ਸਿੱਖਾਂ ਦੇ ਸਰਬ-ਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਐੱਫ਼. ਸੀ. ਆਈ. ਏ. ਰਜਿਸਟਰੇਸ਼ਨ ਨੂੰ ਮਨਜ਼ੂਰੀ ਮਿਲਣ ਨਾਲ ਸ੍ਰੀ ਹਰਿਮੰਦਰ ਸਾਹਿਬ ਲਈ ਆਪਣੀ ਭੇਟਾ ਦੇਣ ਵਾਲਿਆਂ ਨੂੰ ਸਹੂਲਤ ਮਿਲੀ।
ਸਿੱਖ ਸੰਗਤ ਦੀ ਮੰਗ ’ਤੇ ਵਿਚਾਰ ਉਪਰੰਤ ਹੀ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ 24 ਘੰਟੇ ਚੱਲਣ ਵਾਲੇ ਲੰਗਰ ਤੋਂ ਜੀ. ਐੱਸ. ਟੀ. ਹਟਾਉਣ ਦਾ ਫ਼ੈਸਲਾ ਲਿਆ। ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਰਕਿਟ ਟਰੇਨ ਚਲਾਉਣਾ, ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਲਈ 20 ਕਰੋੜ ਰੁਪਏ ਖਰਚਣੇ, 14 ਅਗਸਤ ਨੂੰ ਬਟਵਾਰੇ ਦੀ ਯਾਦਗਾਰ ਮਨਾਉਣਾ, ਉਨ੍ਹਾਂ ਪੰਜਾਬੀ ਲੋਕਾਂ ਪ੍ਰਤੀ ਕੇਂਦਰ ਸਰਕਾਰ ਦੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਹਿੰਦ-ਪਾਕਿ ਵੰਡ ਦਾ ਸੰਤਾਪ ਹੰਢਾਇਆ। ਪਵਿੱਤਰ ਗੁਰਧਾਮਾਂ ਨੂੰ ਸੜਕੀ ਅਤੇ ਹਵਾਈ ਮਾਰਗ ਰਾਹੀਂ ਆਪਸ ਵਿਚ ਜੋੜਨਾ, ਅੰਮ੍ਰਿਤਸਰ ਤੋਂ ਨਾਂਦੇੜ ਲਈ ਹਵਾਈ ਉਡਾਨ, ਅੰਮ੍ਰਿਤਸਰ ਨੂੰ ਹਿਰਦੇ ਪ੍ਰਾਜੈਕਟ ਵਿਚ ਸ਼ਾਮਲ ਕਰਕੇ ਇਸ ਦੇ ਸੁੰਦਰੀਕਰਨ ਲਈ 64 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨੀ ਕੇਂਦਰ ਸਰਕਾਰ ਦੇ ਉਹ ਮਹੱਤਵਪੂਰਨ ਕੰਮ ਹਨ, ਜਿਹੜੇ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਹੋਏ ਕੋਰੋਨਾ ਪਾਜ਼ੇਟਿਵ
ਪ੍ਰਧਾਨ ਮੰਤਰੀ ਵੱਲੋਂ 5 ਜਨਵਰੀ ਨੂੰ 45 ਹਜ਼ਾਰ ਕਰੋੜ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਨੂੰ ਰੋਕਣ ਦੀ ਸਾਜ਼ਿਸ਼ ਹੋਣ ਦੀਆਂ ਖ਼ਬਰਾਂ ਵੀ ਹੁਣ ਸਾਹਮਣੇ ਆ ਰਹੀਆਂ ਹਨ। ਪੰਜਾਬ ਦਾ ਇਕ ਵੱਡਾ ਹਿੱਸਾ ਫੇਰੀ ਰੱਦ ਹੋਣ ਲਈ ਜ਼ਿੰਮੇਵਾਰ ਕਿਤੇ ਨਾ ਕਿਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਮੰਨਦਾ ਹੈ, ਜਿਹੜੀਆਂ ਪ੍ਰਧਾਨ ਮੰਤਰੀ ਦੀ ਰੈਲੀ ਅਤੇ ਫੇਰੀ ਨੂੰ ਰੱਦ ਕਰਨਾ ਚਾਹੁੰਦੀਆਂ ਸਨ।
ਪ੍ਰਧਾਨ ਮੰਤਰੀ ਦੀ ਫੇਰੀ ਰੱਦ ਹੋਣ ਨਾਲ ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ, ਫਿਰੋਜ਼ਪੁਰ ਵਿਖੇ ਪੀ. ਜੀ. ਆਈ. ਸੈਟੇਲਾਈਟ ਹਸਪਤਾਲ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਮੈਡੀਕਲ ਕਾਲਜ ਅਤੇ ਅਨੇਕ ਹੋਰ ਯੋਜਨਾਵਾਂ ਅਤੇ ਕੇਂਦਰ ਸਰਕਾਰ ਦਾ ਆਰਥਿਕ ਪੈਕੇਜ ਰਾਜਨੀਤੀ ਦੀ ਭੇਟ ਚੜ੍ਹ ਗਏ। ਲੰਘੇ ਸੱਤ ਵਰ੍ਹਿਆਂ ਵਿਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਅਤੇ ਪੰਜਾਬ ਪ੍ਰਤੀ ਹਾਂਪੱਖੀ ਦ੍ਰਿਸ਼ਟੀਕੋਣ ਅਪਣਾਇਆ ਪਰ ਪ੍ਰਧਾਨ ਮੰਤਰੀ ਅਤੇ ਪੰਜਾਬ ਵਿਚਕਾਰ ਨਫ਼ਰਤ ਅਤੇ ਗੁੰਮਰਾਹ ਕਰਨ ਵਾਲੀ ਅਜਿਹੀ ਕੰਧ ਉਸਾਰੀ ਗਈ ਹੈ, ਜਿਸ ਨੂੰ ਡੇਗਣਾ ਪੰਜਾਬ ਦੇ ਹਿੱਤ ਵਿਚ ਹੋ ਸਕਦਾ ਹੈ। ਇਹ ਕੰਧ ਢਹਿ ਜਾਣ ਨਾਲ ਪੰਜਾਬ ਆਰਥਿਕ ਪੱਖੋਂ ਖ਼ੁਸ਼ਹਾਲ ਹੋਣ ਦੇ ਨਾਲ-ਨਾਲ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਜੋਗਾ ਵੀ ਹੋ ਸਕਦਾ ਹੈ। -ਹਰਦੀਪ ਸਿੰਘ (ਅੰਮ੍ਰਿਤਸਰ)
ਇਹ ਵੀ ਪੜ੍ਹੋ: ਜਨਤਾ ਤੈਅ ਕਰੇਗੀ ‘ਆਪ’ ਦਾ CM ਚਿਹਰਾ, ਕੇਜਰੀਵਾਲ ਨੇ ਜਾਰੀ ਕੀਤਾ ਮੋਬਾਇਲ ਨੰਬਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ