PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ
Monday, Feb 14, 2022 - 03:08 PM (IST)
ਜਲੰਧਰ (ਸੁਧੀਰ, ਸੋਨੂੰ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਚੱਪੇ-ਚੱਪੇ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਦੇ ਕਈ ਅਧਿਕਾਰੀ ਪਹੁੰਚ ਚੁੱਕੇ ਹਨ। ਇਸ ਦੌਰਾਨ ਪੀ. ਏ. ਪੀ. ਦੇ ਆਲੇ-ਦੁਆਲੇ ਕਈ ਰਸਤੇ ਸੀਲ ਕਰ ਦਿੱਤੇ ਗਏ ਹਨ। 14 ਫਰਵਰੀ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਲਈ ਜਲੰਧਰ ਦੀ ਪੀ. ਏ. ਪੀ. ਗਰਾਊਂਡ ’ਚ ਪਹੁੰਚ ਰਹੇ ਹਨ।
ਇਸੇ ਕਾਰਨ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਮਿਸ਼ਨਰੇਟ ਪੁਲਸ ਦੇ ਕਈ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨਾਲ ਸੁਰੱਖਿਆ ਪ੍ਰਬੰਧਾਂ ਲਈ ਪੀ. ਏ. ਪੀ. ਦਾ ਐਤਵਾਰ ਦੌਰਾ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ। ਸਰਕਾਰੀ ਮੁਲਾਜ਼ਮਾਂ ਦੀ ਵੀ ਚੈਕਿੰਗ ਕਰਕੇ ਉਨ੍ਹਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ ਅਤੇ ਸਿਰਫ਼ ਮੋਬਾਇਲ ਫ਼ੋਨ ਹੀ ਅੰਦਰ ਲੈ ਕੇ ਜਾਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ
ਉਥੇ ਹੀ, ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਦੇ ਡੀ. ਜੀ. ਪੀ. ਸਮੇਤ ਪੰਜਾਬ ਪੁਲਸ ਦੇ ਕਈ ਵੱਡੇ ਅਧਿਕਾਰੀ ਵੀ ਭਾਰੀ ਪੁਲਸ ਫ਼ੋਰਸ ਸਮੇਤ ਸ਼ਹਿਰ ’ਚ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਦੀ ਰੈਲੀ ਲਈ ਦੂਜੇ ਸੂਬਿਆਂ ਤੋਂ ਵੀ ਪੁਲਸ ਫ਼ੋਰਸ ਨੂੰ ਬੁਲਾਇਆ ਗਿਆ ਹੈ, ਜਿਸ ਵਿਚ ਪੈਰਾਮਿਲਟਰੀ, ਸੀ. ਆਰ. ਪੀ. ਐੱਫ਼. ਅਤੇ ਬੀ. ਐੱਸ. ਐੱਫ਼. ਦੇ ਜਵਾਨਾਂ ਅਤੇ ਕਮਾਂਡੋ ਦਸਤੇ ਨੂੰ ਕਈ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ 14 ਫਰਵਰੀ ਨੂੰ ਆਦਮਪੁਰ ਦੇ ਏਅਰਪੋਰਟ ’ਤੇ ਲੈਂਡ ਕਰਨਗੇ। ਸੁਰੱਖਿਆ ਦੇ ਮੱਦੇਨਜ਼ਰ ਆਦਮਪੁਰ ਤੋਂ ਪੀ. ਏ. ਪੀ. ਤਕ ਹੈਲੀਕਾਪਟਰ ’ਚ ਬੈਠ ਕੇ ਕਈ ਸੁਰੱਖਿਆ ਅਧਿਕਾਰੀਆਂ ਵੱਲੋਂ ਰਿਹਰਸਲ ਵੀ ਕੀਤੀ ਗਈ। ਕਮਿਸ਼ਨਰੇਟ ਪੁਲਸ ਅਤੇ ਦਿਹਾਤੀ ਪੁਲਸ ਦੇ ਜਵਾਨਾਂ ਨੂੰ ਆਦਮਪੁਰ ਤੋਂ ਲੈ ਕੇ ਰੈਲੀ ਵਾਲੇ ਸਥਾਨ ਤਕ ਸੁਰੱਖਿਆ ਦੇ ਮੱਦੇਨਜ਼ਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ
ਰੈਲੀ ਕਾਰਨ ਟਰੈਫਿਕ ਨੂੰ ਕੀਤਾ ਡਾਇਵਰਟ
ਪੀ. ਏ. ਪੀ. ’ਚ ਪ੍ਰਧਾਨ ਮੰਤਰੀ ਦੀ ਆਮਦ ਕਾਰਨ ਸਾਰਾ ਟਰੈਫਿਕ ਰੂਟ ਵੀ ਡਾਇਵਰਟ ਕੀਤਾ ਗਿਆ ਹੈ ਅਤੇ ਚਾਰੋਂ ਪਾਸਿਓਂ ਪੀ. ਏ. ਪੀ. ਗਰਾਊਂਡ ’ਚ ਭਾਰੀ ਮਾਤਰਾ ’ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੀ. ਏ. ਪੀ. ਗਰਾਊਂਡ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲੁਆਏ ਜਾ ਰਹੇ ਹਨ।
ਸ਼ਹਿਰ ਦੇ ਵਿਚਕਾਰ ਸਾਰੇ ਪੀ. ਸੀ. ਆਰ. ਕਰਮਚਾਰੀਆਂ ਨੂੰ ਸ਼ਹਿਰ ’ਚ 24 ਘੰਟੇ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਡੀ. ਜੀ. ਪੀ. ਅਤੇ ਕਈ ਹੋਰ ਸੀਨੀਅਰ ਅਧਿਕਾਰੀ ਅਤੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦਿਨ-ਰਾਤ ਸਖਤ ਮਿਹਨਤ ਨਾਲ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ: ਜਲੰਧਰ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਮੇਨ ਹਾਈਵੇਅ ਸਣੇ 3 ਦਿਨ ਬੰਦ ਮਿਲਣਗੇ ਕਈ ਰਸਤੇ
ਇਹ ਵੀ ਪੜ੍ਹੋ: ਕੋਟਕਪੂਰਾ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ’ਤੇ ਕੀਤੇ ਵੱਡੇ ਸ਼ਬਦੀ ਹਮਲੇ, ਕੈਪਟਨ ਵੀ ਨਿਸ਼ਾਨੇ ’ਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ