ਮੋਦੀ ਕੈਬਨਿਟ ਵਿਸਥਾਰ ਦੇ ਤਿੰਨ ਨਿਸ਼ਾਨੇ: ਸੂਬਿਆਂ ਦੀਆਂ ਚੋਣਾਂ ਸਮੇਤ ਇਨ੍ਹਾਂ ਮਸਲਿਆਂ 'ਤੇ ਰਹੇਗਾ ਫੋਕਸ

Thursday, Jul 08, 2021 - 11:36 AM (IST)

ਮੋਦੀ ਕੈਬਨਿਟ ਵਿਸਥਾਰ ਦੇ ਤਿੰਨ ਨਿਸ਼ਾਨੇ: ਸੂਬਿਆਂ ਦੀਆਂ ਚੋਣਾਂ ਸਮੇਤ ਇਨ੍ਹਾਂ ਮਸਲਿਆਂ 'ਤੇ ਰਹੇਗਾ ਫੋਕਸ

ਜਲੰਧਰ (ਨਰੇਸ਼ ਅਰੋੜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੂਜੀ ਪਾਰੀ ਵਿਚ ਮੰਤਰੀ ਮੰਡਲ ਦਾ ਪਹਿਲਾ ਵਿਸਤਾਰ ਕਰਨਗੇ, ਇਹ ਚਰਚਾ ਤਾਂ ਕਈ ਦਿਨਾਂ ਤੋਂ ਚੱਲ ਰਹੀ ਸੀ ਪਰ ਇਹ ਵਿਸਤਾਰ ਅਜਿਹਾ ਹੋਵੇਗਾ, ਇਸ ਦਾ ਸ਼ਾਇਦ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ। ਸਰਕਾਰ ਦੇ ਕਾਰਜਕਾਲ ਦੇ ਲਗਭਗ 2 ਸਾਲ ਪੂਰੇ ਹੋਣ ਤੋਂ ਬਾਅਦ 12 ਮੰਤਰੀਆਂ ਨੂੰ ਹਟਾਉਣ ਦੀ ਨਾ ਤਾਂ ਮੀਡੀਆ ਨੂੰ ਭਿਣਕ ਸੀ ਅਤੇ ਨਾ ਹੀ ਸਰਕਾਰ ਅੰਦਰ ਮੰਤਰੀਆਂ ਤਕ ਨੂੰ ਇਸ ਦੀ ਜਾਣਕਾਰੀ ਸੀ। ਹਾਲਾਂਕਿ ਕੋਰੋਨਾ ਕਾਲ ’ਚ ਸਿਹਤ ਮੰਤਰਾਲਾ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੇ ਨਾਖੁਸ਼ ਹੋਣ ਦੀਆਂ ਖ਼ਬਰਾਂ ਮੀਡੀਆਂ ਵਿਚ ਸਨ ਅਤੇ ਅਨੁਮਾਨ ਲਾਏ ਜਾ ਰਹੇ ਸਨ ਕਿ ਹਰਸ਼ਵਰਧਨ ਨੂੰ ਹਟਾਇਆ ਜਾ ਸਕਦਾ ਹੈ ਪਰ ਹਰਸ਼ਵਰਧਨ ਦੇ ਨਾਲ ਪ੍ਰਕਾਸ਼ ਜਾਵਡੇਕਰ, ਰਵੀਸ਼ੰਕਰ ਪ੍ਰਸਾਦ ਵਰਗੇ ਵੱਡੇ ਚਿਹਰੇ ਸਰਕਾਰ ’ਚੋਂ ਬਾਹਰ ਹੋ ਜਾਣਗੇ, ਇਸ ਦਾ ਕਿਸੇ ਨੂੰ ਪਤਾ ਨਹੀਂ ਸੀ।

ਇਹ ਵੀ ਪੜ੍ਹੋ: ਕਪੂਰਥਲਾ ਪੁਲਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ

ਅਸਲ ’ਚ ਇਸ ਮੰਤਰੀ ਮੰਡਲ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾ ਨਿਸ਼ਾਨਾ ਤਾਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਅਕਸ ਨੂੰ ਲੱਗੇ ਜ਼ਖ਼ਮ ’ਤੇ ਮੱਲ੍ਹਮ ਲਾਉਣ ਦਾ ਹੈ।  ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਿਸ ਤਰ੍ਹਾਂ ਦੇਸ਼ ਬੇਵੱਸ ਨਜ਼ਰ ਆਇਆ, ਉਸ ਨੂੰ ਵੇਖ ਕੇ ਇਹ ਧਾਰਨਾ ਬਣਨ ਲੱਗੀ ਸੀ ਕਿ ਸਥਿਤੀ ਸਰਕਾਰ ਦੇ ਹੱਥਾਂ ’ਚੋਂ ਬਾਹਰ ਹੋ ਰਹੀ ਹੈ ਅਤੇ ਸਰਕਾਰ ਦੇ ਮੰਤਰੀ ਇਸ ਨੂੰ ਸੰਭਾਲ ਨਹੀਂ ਸਕਦੇ। ਇਸ ਲਈ ਸਭ ਤੋਂ ਪਹਿਲਾਂ ਸਰਕਾਰ ਦਾ ਚਿਹਰਾ ਬਦਲ ਕੇ ਲੋਕਾਂ ਦਾ ਗੁੱਸਾ ਘੱਟ ਕਰਨ ਦੀ ਕਵਾਇਦ ਹੋਈ ਹੈ। ਕੋਰੋਨਾ ਦੌਰਾਨ ਜਿਸ ਤਰ੍ਹਾਂ ਦੇਸ਼ ਵਿਚ ਬੇਰੋਜ਼ਗਾਰੀ ਫੈਲੀ ਅਤੇ ਦੇਸ਼ ਦਾ ਮਜ਼ਦੂਰੀ ਮੰਤਰਾਲਾ ਉਸ ’ਤੇ ਕਾਬੂ ਪਾਉਣ ’ਚ ਨਾਕਾਮ ਰਿਹਾ, ਉਸ ਨੂੰ ਵੇਖਦਿਆਂ ਸੰਤੋਸ਼ ਗੰਗਵਾਰ ਦੀ ਛੁੱਟੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੈਬਨਿਟ ਵਿਚ ਕੰਮ ਨਾ ਕਰਨ ਵਾਲੇ ਚਿਹਰਿਆਂ ਨੂੰ ਸਰਕਾਰ ’ਚੋਂ ਹਟਾ ਕੇ ਜਨਤਾ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਰਕਾਰ ਦੀ ਸਾਖ ਦੇ ਪੱਧਰ ’ਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨਗੇ।

ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ

ਮੰਤਰੀ ਮੰਡਲ ਦੇ ਵਿਸਤਾਰ ਪਿੱਛੇ ਦੂਜਾ ਟੀਚਾ ਅਗਲੇ ਸਾਲ ਹੋਣ ਵਾਲੀਆਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹਨ। ਪਹਿਲਾਂ ਉੱਤਰ ਪ੍ਰਦੇਸ਼, ਉੱਤਰਾਂਚਲ, ਪੰਜਾਬ, ਗੋਆ ਤੇ ਮਣੀਪੁਰ ਦੀਆਂ ਚੋਣਾਂ ਹਨ, ਜਦੋਂਕਿ ਇਸ ਤੋਂ ਬਾਅਦ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਹਨ। ਇਸੇ ਨੂੰ ਵੇਖਦਿਆਂ ਉੱਤਰ ਪ੍ਰਦੇਸ਼ ਦੇ ਕੁਲ 7 ਮੰਤਰੀ ਬਣਾਏ ਗਏ ਹਨ ਅਤੇ ਹੁਣ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਮੰਤਰੀਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਚੋਣ ਸੂਬੇ ਮਣੀਪੁਰ ਤੋਂ ਸੰਸਦ ਮੈਂਬਰ ਰਾਜਕੁਮਾਰ ਰੰਜਨ ਸਿੰਘ ਨੂੰ ਮੰਤਰੀ ਬਣਾਇਆ ਗਿਆ ਹੈ। 2023 ਦੇ ਸ਼ੁਰੂ ਵਿਚ ਗੁਜਰਾਤ ’ਚ ਚੋਣਾਂ ਹਨ। ਇਸ ਲਈ ਗੁਜਰਾਤ ਤੋਂ ਮਨਸੁੱਖ ਮੰਡਾਵੀਆ ਤੇ ਪੁਰਸ਼ੋਤਮ ਰੁਪਾਲਾ ਨੂੰ ਵੀ ਮੰਤਰੀ ਬਣਾਇਆ ਗਿਆ ਹੈ।

ਕੈਬਨਿਟ ਫੇਰਬਦਲ ’ਚ ਸਰਕਾਰ ’ਚੋਂ ਬਾਹਰ ਕੀਤੇ ਗਏ ਵੱਡੇ ਚਿਹਰਿਆਂ ਨੂੰ ਹੁਣ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਨ੍ਹਾਂ ਵਿਚੋਂ ਕੁਝ ਨੂੰ ਪਾਰਟੀ ਮੀਡੀਆ ਪੈਨਲ ਵਿਚ ਸ਼ਾਮਲ ਕਰ ਸਕਦੀ ਹੈ। ਅਸਲ ’ਚ ਮੰਤਰੀ ਬਣਨ ਤੋਂ ਪਹਿਲਾਂ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਸਮ੍ਰਿਤੀ ਈਰਾਨੀ ਹਰ ਮਾਮਲੇ ਵਿਚ ਮੀਡੀਆ ’ਚ ਭਾਜਪਾ ਦਾ ਪੱਖ ਰੱਖਦੇ ਸਨ ਅਤੇ ਇਨ੍ਹਾਂ ਦੀ ਭਾਸ਼ਾ ਸ਼ੈਲੀ ਤੇ ਤੱਥਾਂ ’ਤੇ ਮਜ਼ਬੂਤ ਪਕੜ ਰਹਿੰਦੀ ਹੈ ਪਰ ਇਨ੍ਹਾਂ ਦੇ ਸਰਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਟੀ. ਵੀ. ਦੀਆਂ ਡਿਬੇਟਸ ਵਿਚ ਭਾਜਪਾ ਦਾ ਪੱਖ ਕਮਜ਼ੋਰ ਰਿਹਾ ਸੀ। ਹਾਲਾਂਕਿ ਸੰਬਿਤ ਪਾਤਰਾ ਇਹ ਭੂਮਿਕਾ ਨਿਭਾਅ ਰਹੇ ਸਨ ਪਰ ਉਹ ਇਕੱਲੇ ਇਸ ਦੇ ਲਈ ਨਾਕਾਫੀ ਹਨ ਅਤੇ ਹੁਣ ਸਰਕਾਰ ਤੋਂ ਬਾਹਰ ਹੋਏ ਮੰਤਰੀਆਂ ਨੂੰ ਇਸ ਕੰਮ ਵਿਚ ਲਾਇਆ ਜਾ ਸਕਦਾ ਹੈ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਕੰਮ ’ਚ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਕੁਲ ਮਿਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਹੁਣ 78 ਮੰਤਰੀ ਹੋ ਗਏ ਹਨ ਅਤੇ ਸਰਕਾਰ ਹੁਣ ‘ਮੈਕਸੀਮਮ ਗਵਰਨਮੈਂਟ-ਮੈਕਸੀਮਸ ਗਵਰਨੈਂਸ’ ਨਾਲ ਕੰਮ ਕਰੇਗੀ। ਹਾਲਾਂਕਿ ਸਰਕਾਰ ਦਾ ਇਹ ਮੇਕਓਵਰ ਸਿਆਸੀ ਤੌਰ ’ਤੇ ਕਿੰਨਾ ਫਾਇਦੇਮੰਦ ਸਾਬਤ ਹੁੰਦਾ ਹੈ, ਇਹ ਤਾਂ ਸਮਾਂ ਤੈਅ ਕਰੇਗਾ ਪਰ ਮੰਤਰੀ ਮੰਡਲ ਵਿਸਤਾਰ ਰਾਹੀਂ ਪ੍ਰਧਾਨ ਮੰਤਰੀ ਨੇ ਇਹ ਸੁਨੇਹਾ ਤਾਂ ਦੇ ਹੀ ਦਿੱਤਾ ਹੈ ਕਿ ਉਹ ਅਗਲੀ ਪਾਰੀ ਲਈ ਹੁਣੇ ਤੋਂ ਤਿਆਰ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News