ਪੰਜਾਬ ਦੇ ਇਕ ਦਿਨਾ ਦੌਰੇ ਦੌਰਾਨ ਬਠਿੰਡਾ ਪਹੁੰਚੇ PM ਮੋਦੀ, ਫਿਰੋਜ਼ਪੁਰ ਲਈ ਹੋਏ ਰਵਾਨਾ
Wednesday, Jan 05, 2022 - 11:41 AM (IST)
ਬਠਿੰਡਾ (ਵਿਜੇ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਪਹੁੰਚ ਗਏ ਹਨ। ਪੀ.ਐੱਮ. ਮੋਦੀ ਜਦੋਂ ਬਠਿੰਡਾ ਏਅਰਪੋਰਟ ਪਹੁੰਚੇ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਖੜ੍ਹੇ ਦਿਖਾਈ ਦਿੱਤੇ। ਇਸ ਤੋਂ ਬਾਅਦ ਪੀ.ਐੱਮ. ਮੋਦੀ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਅੱਜ ਯਾਨੀ ਬੁੱਧਵਾਰ ਨੂੰ ਪੀ.ਐੱਮ. ਮੋਦੀ ਫਿਰੋਜ਼ਪੁਰ ’ਚ ਬਣੇ ਰਹੇ ਪੀ.ਜੀ.ਆਈ. ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਅੱਜ ਪੰਜਾਬ ਆਉਣਗੇ। ਪੀ. ਐੱਮ. ਓ. ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 1 ਵਜੇ ਦੇ ਕਰੀਬ 42,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਦੱਸ ਦੇਈਏ ਕਿ ਇਨ੍ਹਾਂ ਪ੍ਰਾਜੈਕਟਾਂ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ, ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਹੁੰ-ਮਾਰਗੀ ਬਣਾਉਣਾ, ਮੁਕੇਰੀਆਂ-ਤਲਵਾੜਾ ਨਵੀਂ ਵੱਡੀ ਰੇਲਵੇ ਲਾਈਨ, ਫ਼ਿਰੋਜ਼ਪੁਰ ਵਿਖੇ ਪੀ. ਜੀ. ਆਈ. ਸੈਟੇਲਾਈਟ ਸੈਂਟਰ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 2 ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ। ਪ੍ਰਧਾਨ ਮੰਤਰੀ ਦੇ ਦੇਸ਼ ਭਰ ’ਚ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਰਾਜ ’ਚ ਕਈ ਰਾਸ਼ਟਰੀ ਮਾਰਗਾਂ ਦਾ ਵਿਕਾਸ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ