ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ

03/30/2018 4:25:31 AM

ਸੁਲਤਾਨਪੁਰ ਲੋਧੀ, (ਧੀਰ)- ਕੇਂਦਰ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਵਿਵਸਥਾ ਜਨਜਾਤੀ ਅੱਤਿਆਚਾਰ ਰੋਕੂ ਕਾਨੂੰਨ ਦੇ ਸਬੰਧ 'ਚ ਬੀਤੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੇ ਵਿਰੁੱਧ ਸਮੂਹ ਐੱਸ. ਸੀ., ਐੱਸ. ਟੀ. ਦੀ ਭਾਈਚਾਰੇ 'ਚ ਦਿਨੋਂ-ਦਿਨ ਰੋਸ ਵੱਧਦਾ ਜਾ ਰਿਹਾ ਹੈ। ਉਕਤ ਫੈਸਲੇ ਦੇ ਵਿਰੋਧ 'ਚ ਅੱਜ ਸੁਲਤਾਨਪੁਰ ਲੋਧੀ ਦੇ ਸਾਰੇ ਵਾਲਮੀਕਿ, ਰਵਿਦਾਸ ਤੇ ਹੋਰ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਜੋ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਤਲਵੰਡੀ ਪੁਲ ਤੇ ਪੁੱਜਾ। ਜਿਥੇ ਭਾਈਚਾਰੇ ਨੇ ਜਮ ਕੇ ਕੇਂਦਰ ਤੇ ਮੋਦੀ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ।
ਰੋਸ ਪ੍ਰਦਰਸ਼ਨ ਮੌਕੇ ਭਾਈਚਾਰੇ ਦੇ ਆਗੂਆਂ ਨੇ ਸਿੱਧੇ ਰੂਪ 'ਚ ਇਸ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਇਹ ਸਾਰਾ ਖੇਡ ਆਰ. ਐੱਸ. ਐੱਸ. ਦੇ ਇਸ਼ਾਰਿਆਂ ਤੇ ਭਾਈਚਾਰੇ ਨੂੰ ਵੰਡਣ ਵਾਸਤੇ ਹੋ ਰਿਹਾ ਹੈ। ਜਿਸ 'ਚ ਮੋਦੀ ਸਰਕਾਰ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਤੇ ਸ਼ਰਮਨਾਕ ਗੱਲ ਹੈ ਕਿ ਭਾਜਪਾ ਦੇ ਆਗੂਆਂ ਜੋ ਦਲਿਤ ਜਾਤੀ ਨਾਲ ਸਬੰਧ ਰੱਖਦੇ ਹਨ ਤੇ ਉੱਚ ਅਹੁਦਿਆਂ ਤੇ ਵਿਰਾਜਮਾਨ ਹਨ, ਨੇ ਇਸ ਦੇ ਵਿਰੋਧ 'ਚ ਇਕ ਵੀ ਸ਼ਬਦ ਨਹੀਂ ਬੋਲਿਆ, ਜਿਸ ਤੋਂ ਸਾਫ ਸਪੱਸ਼ਟ ਹੈ ਕਿ ਇਨ੍ਹਾਂ ਆਗੂਆਂ ਨੂੰ ਭਾਈਚਾਰੇ ਨਾਲ ਕੋਈ ਪ੍ਰੇਮ ਨਹੀਂ ਹੈ, ਸਿਰਫ ਕੁਰਸੀ ਦਾ ਮੋਹ ਹੈ।  ਆਗੂਆਂ ਨੇ ਕਿਹਾ ਕਿ ਵਾਲਮੀਕਿ ਭਾਈਚਾਰਾ ਇਸ ਦੇ ਵਿਰੁੱਧ ਕਿਸੇ ਵੀ ਕੀਮਤ ਤੇ ਚੁੱਪ ਨਹੀਂ ਬੈਠੇਗਾ ਜਦ ਤਕ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਲੈਣ ਤੋਂ ਮਜਬੂਰ ਨਹੀਂ ਹੁੰਦੀ, ਜੇ ਲੋੜ ਪਈ ਤਾਂ ਸਮੂਹ ਭਾਈਚਾਰਾ ਇਸ ਦੇ ਵਿਰੁੱਧ 'ਚ ਤਿੱਖਾ ਸੰਘਰਸ਼ ਛੇੜਨ ਤੋਂ ਵੀ ਪਿੱਛੇ ਨਹੀਂ ਹੱਟੇਗਾ। 
ਇਸ ਮੌਕੇ ਵਿਜੈ ਕੁਮਾਰ, ਸਤਪਾਲ ਨਾਹਰ, ਜਸਵੰਤ, ਰਾਹੁਲ ਨਾਹਰ, ਅੰਮ੍ਰਿਤ ਸਹੋਤਾ, ਸੰਨੀ, ਗਗਨਦੀਪ ਨਾਹਰ, ਸਾਹਿਲ ਸਰੋਆ, ਨਿਊਟਨ, ਸੋਮ ਕਾਂਤੀ, ਵਿੱਕੀ, ਬੰਟੀ ਸਹੋਤਾ, ਦੀਪਕ ਨਾਹਰ, ਸਚਿਨ ਸਹੋਤਾ, ਸੁਸ਼ੀਲ ਕੁਮਾਰ, ਰਾਕੇਸ਼ ਕੁਮਾਰ, ਵਿੱਕੀ ਚੌਹਾਨ, ਹਰਭਜਨ ਚੌਹਾਨ, ਪੰਮਾ, ਮੰਗਾ, ਕਰਨ ਤੇ ਵਰਿੰਦਰ ਆਦਿ ਵੀ ਹਾਜ਼ਰ ਸਨ।

ਵਾਲਮੀਕਿ ਟਾਈਗਰ ਫੋਰਸ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀPunjabKesari

ਕਪੂਰਥਲਾ, (ਗੁਰਵਿੰਦਰ ਕੌਰ)-ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ ਕਪੂਰਥਲਾ ਇਕਾਈ ਨੇ ਪ੍ਰਧਾਨ ਲਕੇਸ਼ ਕੁਮਾਰ ਨਾਹਰ ਦੀ ਅਗਵਾਈ ਹੇਠ ਮੰਗਾਂ ਸਬੰਧੀ ਜਮ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਮੰਗ ਪੱਤਰ ਦਿੱਤਾ। 
ਪ੍ਰਧਾਨ ਲਕੇਸ਼ ਕੁਮਾਰ ਨਾਹਰ ਨੇ ਕਿਹਾ ਕਿ ਜੋ ਭਾਰਤ ਸਰਕਾਰ ਦਾ ਫੈਸਲਾ ਐੱਸ. ਟੀ., ਐੱਸ. ਸੀ. ਐਕਟ 1989 ਨੂੰ ਖਤਮ ਕਰਨ ਜਾਂ ਧਾਰਾਵਾਂ ਬਦਲਣ ਬਾਰੇ ਕੀਤਾ ਗਿਆ ਹੈ, ਉਸ ਫੈਸਲੇ ਦਾ ਪੂਰਾ ਦਲਿਤ ਸਮਾਜ ਤੇ ਵਾਲਮੀਕਿ ਟਾਈਗਰ ਫੋਰਸ ਐਕਸ਼ਨ ਕਮੇਟੀ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਲਿਤ ਸਮਾਜ ਨੂੰ ਕਾਨੂੰਨੀ ਤੌਰ 'ਤੇ ਕੰਮਜ਼ੋਰ ਬਣਾਉਣ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਦਲਿਤ ਸਮਾਜ ਪੂਰੀ ਤਰ੍ਹਾਂ ਸਮਝ ਚੁੱਕਿਆ ਹੈ ਤੇ ਆਪਣੇ ਹੱਕ ਲੈਣ ਲਈ ਉਹ ਹੁਣ ਸੰਘਰਸ਼ ਕਰਨ ਲਈ ਵੀ ਤਿਆਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਐੱਸ. ਸੀ., ਐੱਸ. ਟੀ. ਐਕਟ ਨੂੰ ਬਦਲਣ ਜਾਂ ਤੋੜਨ ਬਾਰੇ ਫੈਸਲਾ ਵਾਪਸ ਨਾ ਲਿਆ ਤਾਂ ਵਾਲਮੀਕਿ ਟਾਈਗਰ ਫੋਰਸ ਦਲਿਤ ਸਮਾਜ ਨੂੰ ਨਾਲ ਲੈ ਕੇ ਪੂਰਾ ਭਾਰਤ ਬੰਦ ਕਰਵਾਏਗੀ ਤੇ ਅਣਮਿੱਥੇ ਸਮੇਂ ਲਈ ਸੰਘਰਸ਼ ਕਰੇਗੀ। ਲਕੇਸ਼ ਕੁਮਾਰ ਨੇ ਕਿਹਾ ਕਿ ਵਾਲਮੀਕਿ ਟਾਈਗਰ ਫੋਰਸ ਵਲੋਂ 2 ਅਪ੍ਰੈਲ ਦਿਨ ਸੋਮਵਾਰ ਨੂੰ ਕਪੂਰਥਲਾ ਸ਼ਹਿਰ ਬੰਦ ਕਰਵਾਉਣ ਦੀ ਅਪੀਲ ਕਰਕੇ ਸ਼ਾਂਤੀਪੂਰਵਕ ਧਰਨਾ ਦੇਵੇਗੀ। 
ਇਸ ਮੌਕੇ ਵਾਈਸ ਪ੍ਰਧਾਨ ਵੀਰ ਬਬਰੀਕ, ਜਸਬੀਰ, ਭਾਰਤੀ ਸਹੋਤਾ, ਭਾਰਤ ਸਭਰਵਾਲ,  ਵਿਜੇ ਨਾਹਰ, ਸੰਨੀ ਕਲਿਆਣ, ਬਾਊ ਨਾਹਰ, ਗੋਲਡੀ, ਹੇਮਰਾਜ ਆਦਿ ਵੀ ਹਾਜ਼ਰ ਸਨ। 

ਰਾਸ਼ਟਰਪਤੀ ਦੇ ਨਾਂ ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ 
ਕਪੂਰਥਲਾ, (ਮੱਲ੍ਹੀ)-ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ., ਐੱਸ. ਟੀ. ਐਕਟ ਅਧੀਨ ਸੁਣਾਏ ਫੈਸਲੇ ਸਬੰਧੀ ਅੱਜ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ (ਰਜਿ.) ਪੰਜਾਬ ਵੱਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਜ਼ਿਲਾ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ-ਪੱਤਰ ਸੌਂਪਿਆ।
ਸੈਨਾ ਦੇ ਵਫਦ ਦੀ ਅਗਵਾਈ ਕਰਦਿਆਂ ਸੈਨਾ ਦੇ ਸੂਬਾਈ ਪ੍ਰਧਾਨ ਸਰਵਣ ਸਿੰਘ ਗਿੱਲ ਨੇ ਮੰਗ-ਪੱਤਰ ਰਾਹੀਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ., ਐੱਸ. ਟੀ. ਐਕਟ ਦੇ ਖਿਲਾਫ ਸੁਣਾਇਆ ਫੈਸਲਾ ਉਕਤ ਐਕਟ ਦੀਆਂ ਸ਼ਕਤੀਆਂ ਨੂੰ ਖਤਮ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਐੱਸ. ਸੀ., ਐੱਸ. ਟੀ. ਐਕਟ ਦੇ ਖਤਮ ਹੋਣ ਨਾਲ ਦਲਿਤ ਤੇ ਪੱਛੜੇ ਵਰਗ ਦੇ ਲੋਕਾਂ ਉਪਰ ਅੱਤਿਆਚਾਰ ਵੱਧਣਗੇ ਜੋ ਪੱਛੜੇ ਸਮਾਜ ਦੇ ਲੋਕਾਂ ਦੇ ਹਿੱਤ 'ਚ ਨਹੀਂ ਹੈ ਕਿਉਂਕਿ ਦਲਿਤਾਂ ਤੇ ਪੱਛੜੇ ਵਰਗ ਉੱਪਰ ਜ਼ੁਲਮ ਤੇ ਅੱਤਿਆਚਾਰ ਕਰਨ ਵਾਲਿਆਂ ਦੇ ਮਨ 'ਚੋਂ ਕਾਨੂੰਨ ਦਾ ਡਰ ਖਤਮ ਹੋ ਜਾਵੇਗਾ। 
ਆਗੂਆਂ ਨੇ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦੇ ਐੱਸ. ਸੀ., ਐੱਸ. ਟੀ. ਐਕਟ ਖਿਲਾਫ ਸੁਣਾਏ ਫੈਸਲੇ ਨੂੰ ਵਾਪਸ ਕਰਾਉਣ ਲਈ ਮਾਣਯੋਗ ਰਾਸ਼ਟਰਪਤੀ ਕੇਂਦਰ ਸਰਕਾਰ ਨੂੰ ਹਦਾਇਤਾਂ ਤੇ ਸੁਝਾਅ ਜਾਰੀ ਕਰਨ ਤਾਂ ਜੋ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਵੱਲੋਂ ਰਚਿਤ ਭਾਰਤੀ ਸੰਵਿਧਾਨ ਦੀ ਮਰਿਯਾਦਾ ਬਣੀ ਰਹੇ ਤੇ ਦੇਸ਼ 'ਚ 2 ਅਪ੍ਰੈਲ ਨੂੰ ਪੈਦਾ ਹੋਣ ਵਾਲੇ ਰੋਸ ਪ੍ਰਦਰਸ਼ਨ ਨੂੰ ਰੋਕਿਆ ਜਾ ਸਕੇ। ਮੰਗ ਪੱਤਰ ਸੌਂਪਣ ਗਏ ਵਫਦ 'ਚ ਸੈਨਾ ਦੇ ਜ਼ਿਲਾ ਪ੍ਰਧਾਨ ਸਰਵਣ ਸਿੰਘ ਸੱਭਰਵਾਲ, ਭਗਵਾਨ ਵਾਲਮੀਕਿ ਸ਼ਕਤੀ ਸੈਨਾ (ਰਜਿ.) ਪੰਜਾਬ ਦੇ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਸ੍ਰੀ ਗੁਰੂ ਰਵਿਦਾਸ ਸੈਨਾ (ਰਜਿ.) ਪੰਜਾਬ ਦੇ ਪ੍ਰਧਾਨ ਦਿਲਾਵਰ ਸਿੰਘ, ਰਾਏ ਸਿੱਖ ਆਜ਼ਾਦ ਸੈਨਾ (ਰਜਿ.) ਪੰਜਾਬ ਦੇ ਉਪ ਚੇਅਰਮੈਨ ਬੂਟਾ ਸਿੰਘ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਜਸਵੰਤ ਸਿੰਘ, ਤਰਲੋਕ ਸਿੰਘ ਸਹੋਤਾ, ਲਵ ਕੁਮਾਰ, ਪਵਨ ਔਜਲਾ, ਨਿਰਮਲ ਗਿੱਲ, ਜਗਦੀਸ਼ ਸਿੰਘ, ਜਿੰਦਰ ਪਾਜੀਆਂ, ਲਵਪ੍ਰੀਤ ਸਿੰਘ, ਤਿਲਕ ਰਾਜ, ਸੋਮਨਾਥ, ਸ਼ਿੰਦਰ ਸੁਲਤਾਨਪੁਰ ਲੋਧੀ, ਤਰਸੇਮ ਲਾਲ ਤੇ ਕਾਕਾ ਕੋਕਲਪੁਰ ਆਦਿ ਸ਼ਾਮਲ ਸਨ। 


Related News