PM ਮੋਦੀ ਦਾ ਜਨਮ ਦਿਨ ਮਨਾਉਣ ਵਾਲਿਆਂ ਦਾ ਕੀਤਾ ਜਾਵੇਗਾ ਸਖ਼ਤ ਵਿਰੋਧ : ਸੰਯੁਕਤ ਕਿਸਾਨ ਮੋਰਚਾ

2021-09-14T22:21:42.687

ਗੁਰਦਾਸਪੁਰ (ਹਰਮਨ)-ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਅੱਜ ਬਲਵਿੰਦਰ ਸਿੰਘ ਹਰੂਵਾਲ ਦੀ ਪ੍ਰਧਾਨਗੀ ਹੇਠ ਜ਼ਰੂਰੀ ਮੀਟਿੰਗ ਕੀਤੀ। ਇਸ ਦੌਰਾਨ ਸਮੂਹ ਆਗੂਆਂ ਨੇ ਜਿੱਥੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪ੍ਰੋਗਰਾਮ ਉਲੀਕਿਆ, ਉਸ ਦੇ ਨਾਲ ਹੀ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣ ਵਾਲਿਆਂ ਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਸਾਰੇ ਹੀ ਸ਼ਹਿਰਾਂ ’ਚ ਬੰਦ ਕਰਵਾ ਕੇ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ, ਜਿਸ ਤਹਿਤ ਗੁਰਦਾਸਪੁਰ ਦੀ ਰੈਲੀ ਰੇਲਵੇ ਫਾਟਕ ਉੱਪਰ ਹੋਵੇਗੀ, ਜਿਥੇ ਰੇਲ ਤੇ ਸੜਕੀ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਜਥੇਬੰਦੀਆਂ ਦੇ ਆਗੂ ਇਸ ਬੰਦ ਦੀ ਤਿਆਰੀ ਲਈ 19 ਸਤੰਬਰ ਨੂੰ ਰੇਲਵੇ ਸਟੇਸ਼ਨ ’ਤੇ ਮੀਟਿੰਗ ਕਰਨਗੇ।

ੲਿਹ ਵੀ ਪੜ੍ਹੋ : ਪੰਜਾਬ ’ਚ ਰੋਸ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਨੂੰ ਕਿਸਾਨਾਂ ਵੱਲੋਂ ਸਿਆਸੀ ਰੰਗਤ ਦੇਣਾ ਮੰਦਭਾਗਾ : ਕੈਪਟਨ

ਆਗੂਆਂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 17 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੀ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਕਿਸਾਨ ਅਮਨ ਸ਼ਾਂਤੀ ਨਾਲ ਅਜਿਹੇ ਪ੍ਰੋਗਰਾਮਾਂ ਦਾ ਸਖਤ ਵਿਰੋਧ ਕਰਨਗੇ। ਆਗੂਆਂ ਨੇ ਇੱਕ ਮਤਾ ਪਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ’ਚ ਧਰਨੇ ਨਾ ਦੇਣ ਸਬੰਧੀ ਦਿੱਤੀ ਸਲਾਹ ਦੀ ਵੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ 23, 24 ਅਤੇ 25 ਸਤੰਬਰ ਨੂੰ ਪਿੰਡ ਪੱਧਰ ’ਤੇ ਪਹੁੰਚ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਗੂਆਂ ਨੇ ਇਹ ਫ਼ੈਸਲਾ ਵੀ ਕੀਤਾ ਕਿ ਸਰਕਾਰ ਵੱਲੋਂ ਕਿਸਾਨਾਂ ਕੋਲੋਂ ਮੰਡੀਕਰਨ ਸਬੰਧੀ ਮੰਗੀਆਂ ਜਾ ਰਹੀਆਂ ਫ਼ਰਦਾਂ ਜਾਂ ਫਾਰਮ ਨਹੀਂ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਦੇ ਵਿਧਾਇਕ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਸੁੱਕੇ ਤਲਾਬ ਦੇ ਸੁੰਦਰੀਕਰਨ ਦਾ ਮਸਲਾ ਹੱਲ ਨਹੀਂ ਹੋਇਆ।

ਇਹ ਵੀ ਪੜ੍ਹੋ : ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਵਿਰੋਧ ’ਚ ਕਿਸਾਨ ਤੇ ਜਨਤਕ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ

ਇਸ ਦੇ ਰੋਸ ਵਜੋਂ 27 ਸਤੰਬਰ ਦੇ ਭਾਰਤ ਬੰਦ ਉਪਰੰਤ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ ਮੁਸਤਫਾਬਾਦ, ਤਰਲੋਕ ਸਿੰਘ ਰਾਊਵਾਲ, ਪਾਲ ਸਿੰਘ ਸ੍ਰੀ ਹਰਗੋਬਿੰਦਪੁਰ, ਨਰਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਪੰਛੀ, ਦਲਬੀਰ ਸਿੰਘ ਡੁਗਰੀ, ਬਲਬੀਰ ਸਿੰਘ ਰੰਧਾਵਾ, ਚੰਨਣ ਸਿੰਘ ਦੋਰਾਂਗਲਾ ਆਦਿ ਆਗੂਆਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਅਤੇ ਲੋਕ ਇਕਮੁੱਠ ਹਨ ਤੇ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਇਸ ਸੰਘਰਸ਼ ਨੂੰ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਕਪੂਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਘੁੰਮਣ, ਕਸ਼ਮੀਰ ਸਿੰਘ, ਵੀਰ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ, ਗੁਰਦਿਆਲ ਸਿੰਘ ਸੋਹਲ ਆਦਿ ਕਿਸਾਨ ਹਾਜ਼ਰ ਸਨ। ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ 266ਵੇਂ ਦਿਨ ਵੀ ਜਾਰੀ ਰਹੀ, ਜਿਸ ਦੌਰਾਨ ਕੁਲਹਿੰਦ ਕਿਸਾਨ ਸਭਾ ਸਾਂਬਰ ਵੱਲੋਂ ਤਰਲੋਕ ਸਿੰਘ ਰਾਊਵਾਲ, ਉਂਕਾਰ ਸਿੰਘ ਧਿਆਨਪੁਰ ਅਤੇ ਗੁਰਚਰਨ ਸਿੰਘ ਸਿੱਧਪੁਰ ਨੇ ਭੁੱਖ ਹੜਤਾਲ ਰੱਖੀ।


Manoj

Content Editor Manoj