ਮੋਗਾ: ਪ੍ਰਾਇਮਰੀ ਸਕੂਲ ਦੇ ਬੱਚੇ ਧਰਮਸ਼ਾਲਾ ''ਚ ਪੜ੍ਹਨ ਨੂੰ ਮਜ਼ਬੂਰ
Thursday, Sep 05, 2019 - 05:20 PM (IST)

ਮੋਗਾ (ਵਿਪਨ)— ਪੰਜਾਬ ਸਰਕਾਰ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਸਾਹਮਣੇ ਆਈ ਹੈ। ਮਾਮਲਾ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹੈ, ਜਿੱਥੇ ਪੀ. ਡਬਲਿਊ. ਡੀ. ਵਲੋਂ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨੂੰ ਅਨਸੇਫ ਕਰਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪਹਿਲੀ ਤੋਂ ਲੈ ਕੇ ਪੰਜਵੀ ਜਮਾਤ ਦੇ ਵਿਦਿਆਰਥੀ ਇਕ ਕਮਰੇ 'ਚ ਬੈਠ ਕੇ ਪੜ੍ਹਾਈ ਕਰਨ ਲਈ ਮਜ਼ਬੂਰ ਹੋ ਗਏ। ਪੰਜ ਅਧਿਆਪਕਾਂ ਵਲੋਂ 200 ਬੱਚਿਆਂ ਨੂੰ ਧਰਮਸ਼ਾਲਾ ਦੇ ਇਕੋ ਕਮਰੇ 'ਚ ਪੜ੍ਹਾਇਆ ਜਾ ਰਿਹਾ ਹੈ। ਇਸ ਸਬੰਧੀ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਬਿਲਡਿੰਗ ਪੀ.ਡਬਲਿਊ ਵਿਭਾਗ ਵਲੋਂ ਅਸੁਰੱਖਿਆ ਕਰਾਰ ਦਿੱਤੀ ਗਈ ਸੀ। ਇਸ ਬਾਰੇ ਅਧਿਆਪਕਾਂ ਨੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿੱਖ ਕੇ ਦਿੱਤਾ ਪਰ ਅਜੇ ਤੱਕ ਇਸ ਬਿਲਡਿੰਗ ਲਈ ਕੋਈ ਫੰਡ ਨਹੀਂ ਆਇਆ। ਦੂਜੇ ਪਾਸੇ ਬਿਲਡਿੰਗ ਦੇ ਹਾਲਾਤ ਨੂੰ ਦੇਖਦੇ ਹੋਏ ਇੱਥੇ ਦੇ ਬੱਚਿਆਂ ਨੂੰ ਸਿੱਖਿਆ ਦੇਣਾ ਬਹੁਤ ਹੀ ਮੁਸ਼ਕਲ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਕਦੀ ਵੀ ਕੋਈ ਵੀ ਹਾਦਸਾ ਹੋ ਸਕਦਾ ਸੀ। ਇਸ ਲਈ ਇੱਥੇ ਐੱਮ.ਸੀ. ਨੇ ਬੱਚਿਆਂ ਦੇ ਲਈ ਕੁਝ ਸਮੇਂ ਲਈ ਇਹ ਧਰਮਸ਼ਾਲਾ ਲੈ ਕੇ ਦਿੱਤੀ ਹੈ। ਇੱਥੇ ਵੀ ਇਕ ਕਮਰਾ ਹੈ ਅਤੇ ਇਸ ਕਮਰੇ 'ਚ ਪੂਰਾ ਸਕੂਲ ਚੱਲਦਾ ਹੈ। ਸਾਡੇ ਸਕੂਲ 'ਚ ਕਰੀਬ 200 ਵਿਦਿਆਰਥੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਬਲੈਕ ਬੋਰਡ ਤੱਕ ਨਹੀਂ ਹੈ ਅਤੇ ਬੱਚਿਆਂ ਨੂੰ ਦੁਪਹਿਰ ਦਾ ਮਿਡ ਡੇਅ ਮਿਲ ਲੈਣ ਦੇ ਲਈ ਨਾਲ ਬਣੇ ਇਕ ਲੰਗਰ ਹਾਲ 'ਚ ਜਾਣਾ ਪੈਂਦਾ ਹੈ, ਜਿੱਥੇ ਬੱਚਿਆਂ ਦਾ ਮਿੱਡ ਡੇਅ ਮਿਲ ਬਣਦਾ ਹੈ ਅਤੇ ਬੱਚੇ ਉੱਥੋਂ ਖਾਣਾ ਲਿਆ ਕੇ ਫਿਰ ਕਲਾਸ 'ਚ ਆਉਂਦੇ ਹਨ, ਜਿਸ ਨਾਲ ਬੱਚਿਆਂ ਦੇ ਨਾਲ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਕ-ਦੋ ਵਾਰ ਤਾਂ ਬੱਚਿਆਂ ਦਾ ਮਾਮੂਲੀ ਸੱਟਾਂ ਵੀ ਲੱਗ ਚੁੱਕੀਆਂ ਹਨ।
ਅਧਿਆਪਕਾਂ ਦਾ ਕਹਿਣਾ ਹੈ ਇੱਥੇ ਬੱਚਿਆਂ ਨੂੰ ਸਿੱਖਿਆ ਦੇਣਾ ਹੀ ਮੁਸ਼ਕਲ ਹੈ, ਕਿਉਂਕਿ ਸਾਰੇ ਬੱਚੇ ਇਕ-ਦੂਜੇ ਦੇ ਨਾਲ ਰੱਲ ਕੇ ਰੋਲਾ ਪਾਉਂਦੇ ਹਨ ਅਤੇ ਖੂਬ ਹੰਗਾਮਾ ਕਰਦੇ ਹਨ। ਉਨ੍ਹਾਂ ਨੇ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਇਸ ਸਕੂਲ ਦੇ ਲਈ ਜਲਦੀ ਗ੍ਰਾਂਟ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਨੂੰ ਧਰਮਸ਼ਾਲਾ 'ਚ ਪੜ੍ਹਾਉਣ ਦਾ ਵੀ ਸਿਰਫ 6 ਮਹੀਨੇ ਦਾ ਹੀ ਸਮਾਂ ਦਿੱਤਾ ਗਿਆ ਸੀ ਅਤੇ 3 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਉਹ ਸਿੱਖਿਆ ਕਿੱਥੋਂ ਦੇਣਗੇ। ਇਸ ਸਬੰਧੀ ਸਿੱਖਿਆ ਅਧਿਕਾਰੀ ਦੇ ਸੁਪਰੀਡੈਂਟ ਨੇ ਕਿਹਾ ਕਿ ਅਸੀਂ ਇਸ ਗਾਂ੍ਰਟ ਦੇ ਲਈ ਉਪਰ ਲਿਖ ਕੇ ਭੇਜ ਦਿੱਤਾ ਹੈ ਜਦੋਂ ਗ੍ਰਾਂਟ ਆਈ ਤਾਂ ਸਕੂਲ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।