ਕੋਰੋਨਾ ਆਫ਼ਤ : ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸਾਂ 'ਤੇ ਰੋਕ, ਸਿਆਸੀ ਪਾਰਟੀਆਂ ਨੂੰ ਸਖਤ ਹੁਕਮ ਜਾਰੀ

Thursday, Jul 16, 2020 - 09:08 AM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਬੁੱਧਵਾਰ ਨੂੰ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਵਾਰ ਰੂਮ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਰੀਜ਼ਾਂ ਦੇ ਚੱਲਦਿਆਂ ਅਧਿਕਾਰੀਆਂ ਨੂੰ ਉਚਿੱਤ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ। ਮੀਟਿੰਗ 'ਚ ਪ੍ਰਸ਼ਾਸਕ ਨੇ ਫਿਲਹਾਲ ਵੀਕੈਂਡ ਕਰਫਿਊ ਨਾ ਲਗਾਉਣ ਦਾ ਫੈਸਲਾ ਲਿਆ, ਜਦੋਂ ਕਿ ਫਿਜ਼ੀਕਲ ਪ੍ਰੈੱਸ ਕਾਨਫਰੰਸ ’ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਇਕੱਠ ਅਤੇ ਫੰਕਸ਼ਨ ਨਾ ਕਰਨ, ਕਿਉਂਕਿ ਜ਼ਿਆਦਾ ਭੀੜ ਨਾਲ ਲਾਗ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਜੇਕਰ ਕੋਈ ਅਜਿਹੇ ਪ੍ਰੋਗਰਾਮ ਰਾਹੀਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਬੰਧਿਤ ਲੋਕਾਂ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦਾ ਅਹਿਮ ਫੈਸਲਾ, ਪੁਲਸ 'ਚ ਭਰਤੀ ਹੋਣਗੇ ਤਕਨੀਕੀ ਮਾਹਿਰ

PunjabKesari

ਉਨ੍ਹਾਂ ਚੰਡੀਗੜ੍ਹ ਪੁਲਸ ਦੇ ਐੱਸ. ਐੱਸ. ਪੀ. ਨੂੰ ਹੁਕਮ ਦਿੱਤੇ ਕਿ ਜੇਕਰ ਉਨ੍ਹਾਂ ਨੂੰ ਸ਼ਹਿਰ 'ਚ ਕਿਸੇ ਤਰ੍ਹਾਂ ਦੇ ਕੋਈ ਗੈਰ-ਕਾਨੂੰਨੀ ਇਕੱਠ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਸਬੰਧਿਤ ਲੋਕਾਂ ’ਤੇ ਕੇਸ ਦਰਜ ਕਰਨ। ਪ੍ਰਸ਼ਾਸਕ ਨੇ ਕਿਹਾ ਕਿ ਸਕ੍ਰੀਨਿੰਗ ਅਤੇ ਟੈਸਟਿੰਗ ਨੂੰ ਵਧਾਇਆ ਜਾਣਾ ਚਾਹੀਦਾ ਹੈ। ਸਮਾਜਿਕ ਦੂਰੀ ਅਤੇ ਮਾਸਕ ਨੂੰ ਲੈ ਕੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ-ਐਤਵਾਰ ਨੂੰ ਕਰਫਿਊ ਜਾਂ ਘੱਟ ਸਮੇਂ ਦੀ ਤਾਲਾਬੰਦੀ ’ਤੇ ਉਹ ਫਿਲਹਾਲ ਵਿਚਾਰ ਕਰ ਰਹੇ ਹਨ।
ਸ਼ਹਿਰ 'ਚ ਰੈਂਡਮ ਸੈਂਪਲ ਲੈ ਕੇ ਚੈੱਕ ਕੀਤੇ ਜਾਣ ਪ੍ਰਸ਼ਾਸਕ ਬਦਨੌਰ ਨੇ ਅਰੋਗਿਆ ਸੇਤੂ ਐਪ ਰਾਹੀਂ ਡਿਟੈਕਟ ਕੀਤੇ ਗਏ 58 ਲੋਕਾਂ ਦੀ ਕੋਰੋਨਾ ਜਾਂਚ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਫਾਇਰ ਸੇਫ਼ਟੀ ਦੀ ਐਨ.ਓ.ਸੀ.ਲੈਣ ਲਈ ਹੁਣ ਦੇਣੀ ਪਵੇਗੀ ਮੋਟੀ ਰਕਮ

ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਸ਼ਹਿਰ 'ਚ ਰੈਂਡਮ ਸੈਂਪਲ ਲੈ ਕੇ ਚੈੱਕ ਕੀਤੇ ਜਾਣ, ਇਸ ਲਈ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਦੀ ਕੋਰੋਨਾ ਜਾਂਚ ਕੀਤੀ ਜਾਵੇ। ਬੈਠਕ 'ਚ ਬਦਨੌਰ ਨੇ ਸ਼ਹਿਰ ਦੀ ਮਾਰਕਿਟ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਰੋਜ਼ਾਨਾ ਸੈਨੇਟਾਈਜ਼ ਕਰਵਾਉਣ ਦੇ ਵੀ ਹੁਕਮ ਦਿੱਤੇ। ਪੀ. ਜੀ. ਆਈ. ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ 619 ਕੋਵਿਡ ਨਮੂਨੇ ਪੰਜਾਬ, ਚੰਡੀਗੜ੍ਹ ਅਤੇ ਲੇਹ ਦੇ ਟੈਸਟ ਕੀਤੇ ਹਨ, ਜਿਨ੍ਹਾਂ 'ਚੋਂ 37 ਕੇਸ ਪਾਜ਼ੇਟਿਵ ਪਾਏ ਗਏ ਹਨ। ਜੀ. ਐੱਮ. ਸੀ. ਐੱਚ. ਦੇ ਡਾਇਰੈਕਟਰ ਪ੍ਰਿੰ. ਡਾ. ਬੀ. ਐੱਸ. ਚਵਨ ਨੇ ਦੱਸਿਆ ਕਿ ਉਨ੍ਹਾਂ ਨੇ 100 ਕੋਵਿਡ ਦੇ ਨਮੂਨੇ ਟੈਸਟ ਕੀਤੇ ਹਨ, ਜਿਨ੍ਹਾਂ 'ਚ 6 ਪਾਜ਼ੇਟਿਵ ਪਾਏ ਗਏ ਹਨ।
ਮਨੀਮਾਜਰਾ 'ਚ ਡੋਰ-ਟੂ-ਡੋਰ ਸਕ੍ਰੀਨਿੰਗ ਦਾ ਕੰਮ ਜਾਰੀ
ਸਿਹਤ ਮਹਿਕਮੇ ਦੇ ਡਾਇਰੈਕਟਰ ਡਾ. ਜੀ. ਦੀਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਡੋਰ-ਟੂ-ਡੋਰ ਸਕ੍ਰੀਨਿੰਗ ਦੇ ਦੂਜੇ ਪੜਾਅ ਦਾ ਕੰਮ ਜਾਰੀ ਹੈ। ਸਿਹਤ ਮਹਿਕਮੇ ਦੀਆਂ ਵੱਖ-ਵੱਖ ਟੀਮਾਂ ਮਨੀਮਾਜਰਾ 'ਚ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਹਨ ਅਤੇ ਕੋਰੋਨਾ ਵਾਇਰਸ ਦੇ ਸ਼ੱਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਕਿ ਮਨੀਮਾਜਰਾ 'ਚ ਸਰਵਿਲਾਂਸ ਟੀਮ ਨੇ ਹੁਣ ਤੱਕ 8516 ਘਰਾਂ 'ਚ ਰਹਿਣ ਵਾਲੇ 32106 ਲੋਕਾਂ ਦੀ ਜਾਂਚ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਸਿਰਫ਼ 10 ਹੀ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਲੈ ਕੇ ਸ਼ੱਕੀ ਮਾਮਲੇ ਮਿਲੇ, ਜਿਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਜੀ. ਐੱਮ. ਸੀ. ਐੱਚ. ਦੇ ਡਾਇਰੈਕਟਰ ਪ੍ਰਿੰਸੀਪਲ ਨੇ ਦੱਸਿਆ ਕਿ ਸੈਕਟਰ-48 ਦੇ ਹਸਪਤਾਲ 'ਚ ਉਨ੍ਹਾਂ ਨੇ ਕੁੱਝ ਮਰੀਜ਼ਾਂ ਨੂੰ ਸ਼ਿਫਟ ਕਰ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਹੈ।
ਡਬਲਿਊ. ਐੱਚ. ਓ. ਦੇ ਸਬ ਰੀਜਨਲ ਟੀਮ ਲੀਡਰ ਨੇ ਦਿੱਤੇ ਸੁਝਾਅ
ਬੁੱਧਵਾਰ ਨੂੰ ਹੋਈ ਬੈਠਕ 'ਚ ਡਬਲਿਊ. ਐੱਚ. ਓ. ਦੇ ਸਬ ਰੀਜਨਲ ਟੀਮ ਲੀਡਰ ਡਾ. ਸ਼੍ਰੀਨਿਵਾਸਨ ਵੀ ਮੌਜੂਦ ਰਹੇ। ਉਨ੍ਹਾਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਦੀ ਤਾਰੀਫ਼ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬਾਪੂਧਾਮ 'ਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਦੀ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵਾਲੰਟੀਅਰਾਂ ਦੀ ਵੀ ਤਾਰੀਫ਼ ਕੀਤੀ। ਡਾ. ਸ਼੍ਰੀਨਿਵਾਸਨ ਨੇ ਪ੍ਰਸ਼ਾਸਨ ਨੂੰ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਅਤੇ ਪਹਿਲਾਂ ਤੋਂ ਅਤਿ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ ’ਤੇ ਖਾਸ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ। ਸ਼ਹਿਰ 'ਤ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ 'ਕਮਿਊਨਿਟੀ ਟ੍ਰਾਂਸਮਿਸ਼ਨ' ਵੱਲ ਵਧ ਰਿਹਾ ਚੰਡੀਗੜ੍ਹ, ਮੌਤ ਦਰ ਵਧਣ ਦਾ ਖ਼ਦਸ਼ਾ
 


Babita

Content Editor

Related News