'ਪ੍ਰਵਾਸੀ ਭਾਰਤੀ ਸਨਮਾਨ' ਨਾਲ ਸਨਮਾਨਿਤ ਦਰਸ਼ਨ ਸਿੰਘ ਧਾਲੀਵਾਲ ਜਾਣੋ ਕਿਵੇਂ ਬਣੇ ਇਸ ਦੇ ਹੱਕਦਾਰ

Monday, Feb 13, 2023 - 06:45 PM (IST)

'ਪ੍ਰਵਾਸੀ ਭਾਰਤੀ ਸਨਮਾਨ' ਨਾਲ ਸਨਮਾਨਿਤ ਦਰਸ਼ਨ ਸਿੰਘ ਧਾਲੀਵਾਲ ਜਾਣੋ ਕਿਵੇਂ ਬਣੇ ਇਸ ਦੇ ਹੱਕਦਾਰ

ਨਵੀਂ ਦਿੱਲੀ - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ 17ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ਇੰਦੌਰ ਵਿੱਚ ਵਪਾਰ ਅਤੇ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਲਈ ਇਸ ਸਾਲ ਵੱਕਾਰੀ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਮਾਜ ਸੇਵਾ, ਦਾਨ ਅਤੇ ਪਰਉਪਕਾਰ ਦੇ ਸੰਸਕਾਰ ਉਨ੍ਹਾਂ ਨੂੰ ਆਪਣੇ ਪੁਰਖਿਆਂ ਤੋਂ ਵਿਰਾਸਤ ਵਿਚ ਮਿਲੇ ਹਨ।

ਅਮਰੀਕਾ ਵਿੱਚ ਇੱਕ ਹਜ਼ਾਰ ਪੈਟਰੋਲ ਪੰਪਾਂ, ਰੀਅਲ ਅਸਟੇਟ ਅਤੇ ਹੋਰ ਵਪਾਰਕ ਅਦਾਰਿਆਂ ਦੇ ਮੁਖੀ ਹੋਣ ਦੇ ਨਾਤੇ, ਉਨ੍ਹਾਂ ਦੀ ਗਿਣਤੀ  ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਕੀਤੀ ਜਾਂਦੀ ਹੈ।

ਵਿਰਾਸਤ 'ਚ ਮਿਲੇ ਸੰਸਕਾਰ

PunjabKesari

ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਸਰਦਾਰ ਸੂਬੇਦਾਰ ਕਰਤਾਰ ਸਿੰਘ ਪਿੰਡ ਦੇ ਸਰਪੰਚ ਸਨ ਅਤੇ ਇਸ ਕਰਕੇ ਉਹਨਾਂ ਨੇ ਆਪਣੇ ਜੱਦੀ ਪਿੰਡ ਵਿਚ ਸਥਾਨਕ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਪ੍ਰਦਾਨ ਕਰਨ ਲਈ ਆਪਣੇ ਖਰਚੇ 'ਤੇ ਹੈਂਡ ਪੰਪ ਲਗਾਇਆ ਸੀ ਜਦੋਂਕਿ ਉਸ ਸਮੇਂ ਪਰਿਵਾਰ ਦੀ ਆਰਥਿਕ ਹਾਲਤ ਆਮ ਵਾਂਗ ਹੀ ਸੀ। ਉਹ ਯਾਦ ਕਰਕੇ ਕਹਿੰਦੇ ਹਨ ਕਿ ਇੱਕ ਵਾਰ ਪਿੰਡ  ਵਿਚ ਸਥਿਤ "ਬਾਬਾ ਸਿੱਧ'' ਮੰਦਿਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੇ ਘਰ ਅੰਬਾਂ ਦੀ ਟੋਕਰੀ ਭੇਜੀ, ਜਦੋਂ ਪਿਤਾ ਨੇ ਉਨ੍ਹਾਂ ਨੂੰ ਮੁਫ਼ਤ ਦੇ ਅੰਬ ਚੂਸਦੇ ਹੋਏ ਦੇਖਿਆ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ ਅਤੇ ਸਰਪੰਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ 'ਤੇ ਅਸਤੀਫਾ ਵਾਪਸ ਲੈਣ ਲਈ ਦਬਾਅ ਪਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਪੰਚ ਬਣਨ ਦੀ ਬਜਾਏ ਆਪਣੇ ਬੱਚਿਆਂ ਦਾ ਭਵਿੱਖ ਪਿਆਰਾ ਹੈ ਅਤੇ ਇਸ ਤਰ੍ਹਾਂ ਨਾਲ ਮੁਫ਼ਤ ਦੀਆਂ ਰਿਉੜੀਆਂ ਨਾਲ ਬੱਚੇ ਬਰਬਾਦ ਹੋ ਜਾਣਗੇ।

ਆਪਣੇ ਅਮਰੀਕਾ ਜਾਣ ਦੇ ਸੁਪਨੇ ਬਾਰੇ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਵਿੱਚ ਆਪਣੀ ਪੜ੍ਹਾਈ ਦੌਰਾਨ ਜਦੋਂ ਪਰਵਾਸੀ ਪੰਜਾਬੀਆਂ ਨੇ ਉਨ੍ਹਾਂ ਨੂੰ ਅਮਰੀਕਾ ਦੇ ਸੱਭਿਆਚਾਰ, ਵਿਕਾਸ ਦੀਆਂ ਸੰਭਾਵਨਾਵਾਂ, ਆਧੁਨਿਕ ਜੀਵਨ ਸ਼ੈਲੀ ਅਤੇ ਨਿੱਜੀ ਆਜ਼ਾਦੀ ਬਾਰੇ ਦੱਸਿਆ ਤਾਂ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੂੰ ਅਮਰੀਕੀ ਜੀਵਨ ਬਹੁਤ ਹੀ ਆਕਰਸ਼ਕ ਲੱਗਿਆ। 

ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦਿੱਤੀਆਂ ਲੰਗਰ ਅਤੇ ਅਤਿ-ਆਧੁਨਿਕ ਸਹੂਲਤਾਂ

ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਲੰਗਰ ਅਤੇ ਅਤਿ-ਆਧੁਨਿਕ ਸਹੂਲਤਾਂ ਦੇਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਬਾਅਦ ਇਹ ਵਿਚਾਰ ਆਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿਚ ਜਦੋਂ ਉਨ੍ਹਾਂ ਨੇ ਟੈਲੀਵਿਜ਼ਨ 'ਚ ਕੜਾਕੇ ਦੀ ਠੰਢ ਵਿਚ ਕਿਸਾਨਾਂ ਨੂੰ ਮੀਂਹ ਦੇ ਪਾਣੀ ਵਿਚ ਸੋਂਦੇ ਹੋਏ ਦੇਖਿਆ ਤਾਂ ਉਸ ਨੂੰ ਬੇਹੱਦ ਮਾਨਸਿਕ ਪੀੜ ਮਹਿਸੂਸ ਹੋਈ। ਅਗਲੇ ਦਿਨ ਜਦੋਂ ਉਹ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੇ ਮੀਂਹ ਤੋਂ ਬਚਣ ਲਈ ਕਿਸਾਨਾਂ ਲਈ ਟੈਂਟ ਅਤੇ ਅਨਾਜ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਆਪਣਾ ਅੰਦੋਲਨ ਸ਼ਾਂਤੀਪੂਰਵਕ ਚਲਾ ਸਕਣ।

ਸਰਦਾਰ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਸੰਬੋਧਨ ਕਰਨ ਲਈ ਵੀ ਬੇਨਤੀ ਕੀਤੀ ਗਈ ਸੀ ਅਤੇ ਕਿਸਾਨ ਜਥੇਬੰਦੀ ਉਨ੍ਹਾਂ ਨੂੰ ਸਟੇਜ 'ਤੇ ਸਨਮਾਨਿਤ ਕਰਨਾ ਚਾਹੁੰਦੀਆਂ ਸਨ ਪਰ ਇਸ ਲਈ ਉਨ੍ਹਾਂ ਨੇ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ ਕਿਉਂਕਿ ਉਸਨੇ ਸਿਰਫ ਮਨੁੱਖਤਾ ਅਤੇ ਦਇਆ ਦੇ ਅਧਾਰ 'ਤੇ ਕਿਸਾਨਾਂ ਦੀ ਸੇਵਾ ਕੀਤੀ ਸੀ ਅਤੇ ਉਹ ਇਸ ਦਾ ਕੋਈ ਰਾਜਨੀਤਿਕ ਲਾਭ ਨਹੀਂ ਲੈਣਾ ਚਾਹੁੰਦੇ ਸਨ ਅਤੇ ਕਿਸਾਨਾਂ ਨੂੰ ਸਹੂਲਤਾਂ ਦੇਣ ਤੋਂ ਬਾਅਦ ਉਹ ਚੁੱਪ-ਚਾਪ ਅਮਰੀਕਾ ਚਲੇ ਗਏ ਸਨ।

ਕਿਸਾਨ ਅੰਦੋਲਨ ਦੌਰਾਨ ਹਵਾਈ ਅੱਡੇ ਤੋਂ ਵਾਪਸ ਅਮਰੀਕਾ ਭੇਜਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਤਾਂ ਅਧਿਕਾਰੀਆਂ ਨੇ ਉਨ੍ਹਾਂ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਕਿਸਾਨਾਂ ਨੂੰ ਸਮਝਾ ਕੇ ਉਨ੍ਹਾਂ ਦੇ ਪਿੰਡਾਂ ਨੂੰ ਵਾਪਸ ਭੇਜ ਦੇਣ ਅਤੇ ਕਿਸਾਨ ਅੰਦੋਲਨ ਨੂੰ ਖਤਮ ਕਰਵਾ ਦੇਣ | ਪਰ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਹਨ ਅਤੇ ਸਿਰਫ ਮਨੁੱਖੀ ਆਧਾਰ 'ਤੇ ਕਿਸਾਨਾਂ ਦੀ ਸੇਵਾ ਕੀਤੀ ਹੈ ਅਤੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ, ਜਿਸ ਤੋਂ ਬਾਅਦ ਕੁਝ ਅਧਿਕਾਰੀਆਂ ਦਾ ਸੁਝਾਅ ਸੀ ਕਿ ਉਹ ਸਿਰਫ ਹਾਂ ਕਰ ਦੇਣ ਬਾਅਦ ਵਿਚ ਕੁਝ ਕਰਨ ਜਾਂ ਨਾ ਕਰਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਅਧਿਕਾਰੀਆਂ ਨੂੰ ਝੂਠਾ ਭਰੋਸਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਲੰਮਾ ਸਮਾਂ ਰੋਕਣ ਤੋਂ ਬਾਅਦ ਵਾਪਸ ਅਮਰੀਕਾ ਜਾਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਉਸ ਨੇ ਨਿਮਰਤਾ ਨਾਲ ਵਾਪਸੀ ਦਾ ਰਸਤਾ ਫੜ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਲਈ ਕਿਸੇ ਨਾਲ ਕੋਈ ਗੁੱਸਾ ਜਾਂ ਬਦਲਾ ਲੈਣ ਦੀ ਭਾਵਨਾ ਨਹੀਂ ਹੈ ਕਿਉਂਕਿ ਸਭ ਕੁਝ ਭਗਵਾਨ ਦੀ ਇੱਛਾ ਅਨੁਸਾਰ ਹੁੰਦਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਤੋਂ ਆਇਆ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 2022 ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਜੀ ਵਿਸ਼ਵ ਭਰ 'ਚ ਰਹਿ ਰਹੇ ਸਿੱਖਾਂ ਦੇ ਚੁਨਿੰਦਾ ਪ੍ਰਤੀਨਿਧੀਆਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਮੈਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਸੱਦਾ ਸਵੀਕਾਰ ਕਰ ਲਿਆ ਅਤੇ ਤੈਅ ਤਾਰੀਖ਼ 'ਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ ਗਏ, ਜਿੱਥੇ ਦੁਨੀਆ ਭਰ ਤੋਂ 150 ਸਿੱਖ ਪ੍ਰਤੀਨਿਧੀ ਬੈਠੇ ਸਨ। ਉਨ੍ਹਾਂ ਕਿਹਾ ਕਿ ਮੁਲਾਕਾਤ ਵਾਲੀ ਜਗ੍ਹਾ ਕਾਫ਼ੀ ਟੇਬਲ ਲਗਾਏ ਗਏ ਸਨ ਅਤੇ ਆਪਣੇ ਸ਼ਾਂਤ ਸੁਭਾਅ ਅਨੁਰੂਪ ਸਭ ਤੋਂ ਪਿੱਛੇ ਇਕ ਕੋਨੇ 'ਚ ਟੇਬਲ 'ਤੇ ਬੈਠ ਗਏ, ਕਿਉਂਕਿ ਉਨ੍ਹਾਂ ਨੂੰ ਭੀੜ ਪਸੰਦ ਨਹੀਂ ਹੈ। ਉਨ੍ਹਾਂ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਜੀ ਹਰੇਕ ਟੇਬਲ 'ਤੇ ਖੁਦ ਆ ਕੇ ਮਹਿਮਾਨਾਂ ਦਾ ਸੁਆਗਤ ਕਰਨਗੇ ਅਤੇ ਉਹ ਆਪਣੇ ਟੇਬਲ 'ਤੇ ਬੈਠ ਕੇ ਪ੍ਰਧਾਨ ਮੰਤਰੀ ਜੀ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਕਈ ਸਿੱਖ ਨੇਤਾ ਪ੍ਰਧਾਨ ਮੰਤਰੀ ਜੀ ਨੂੰ ਘੇਰ ਕੇ ਖੜ੍ਹੇ ਹਨ ਅਤੇ ਕਾਫ਼ੀ ਖੁਸ਼ਨੁਮਾ ਮਾਹੌਲ 'ਚ ਉਨ੍ਹਾਂ ਨਾਲ ਚਰਚਾ ਚੱਲ ਰਹੀ ਸੀ। ਹਾਲਾਂਕਿ ਮੈਨੂੰ ਵੀ ਚਰਚਾ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਪਰ ਮੈਂ ਮਨ੍ਹਾ ਕਰ ਦਿੱਤਾ।

ਜਦੋਂ ਸਿੱਖ ਆਗੂ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਸਨ ਤਾਂ ਇਸੇ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦਾ ਇੱਕ ਅਧਿਕਾਰੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੈਨੂੰ ਮਿਲਣਾ ਚਾਹੁੰਦੇ ਹਨ, ਇਸ ਲਈ ਅਧਿਕਾਰੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕੋਲ ਲੈ ਗਿਆ।

 ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਤੁਰੰਤ ਉਨ੍ਹਾਂ ਨੂੰ ਪਛਾਣ ਲਿਆ ਅਤੇ ਹਵਾਈ ਅੱਡੇ ਤੋਂ ਵਾਪਸ ਭੇਜਣ ਲਈ ਸਾਰੇ ਸਿੱਖ ਨੁਮਾਇੰਦਿਆਂ ਦੇ ਸਾਹਮਣੇ ਮੁਆਫੀ ਮੰਗੀ, ਜਿਸ ਕਾਰਨ ਉਹ ਬਹੁਤ ਪ੍ਰਭਾਵਿਤ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਸੱਦੇ ਨੂੰ ਸਵੀਕਾਰ ਕਰਨ ਲਈ ਧੰਨਵਾਦੀ ਹਨ।

ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਸਿੱਖਾਂ ਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਹੈ, ਜੋ ਕਿ ਉਨ੍ਹਾਂ ਨੂੰ ਅੱਜ ਤੱਕ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਹਿੱਤਾਂ ਲਈ ਬਹੁਤ ਗੰਭੀਰ ਹਨ ਅਤੇ 1984 ਦੇ ਦੰਗਿਆਂ ਸਮੇਤ ਕਈ ਮੁੱਦਿਆਂ 'ਤੇ ਸਾਰਥਕ ਕਦਮ ਚੁੱਕ ਕੇ ਸਿੱਖਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੈ। ਵਿਦੇਸ਼ਾਂ 'ਚ ਖਾਲਿਸਤਾਨ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਮੁੱਠੀ ਭਰ ਸਿਰਫਿਰੇ ਲੋਕ ਹੀ ਖਾਲਿਸਤਾਨ ਦੀ ਗੱਲ ਕਰਦੇ ਹਨ ਅਤੇ ਪ੍ਰਵਾਸੀ ਭਾਰਤੀ ਸਿੱਖ ਮੁੱਖ ਧਾਰਾ ਭਾਰਤ ਦੀ ਏਕਤਾ , ਸੁਤੰਤਰਤਾ ਅਤੇ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

 


author

Harinder Kaur

Content Editor

Related News