''ਪ੍ਰਧਾਨਗੀ'' ਪੰਜਾਬ ਕਾਂਗਰਸ ਲਈ ਬਣੀ ਗਲੇ ਦੀ ਹੱਡੀ, ਸਿੱਧੂ ਧੜੇ ਨੇ ਮੁੜ ਵਿਖਾਈ ਏਕਤਾ
Saturday, Jul 17, 2021 - 10:41 PM (IST)
ਜਲੰਧਰ (ਵੈੱਬ ਡੈਸਕ) :ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ-ਠੀਕ ਨਹੀਂ ਚੱਲ ਰਿਹਾ ਇਹ ਹੁਣ ਖੁੱਲ੍ਹ ਕੇ ਜੱਗ ਜ਼ਾਹਿਰ ਹੋ ਚੁੱਕਾ ਹੈ। ਨਿੱਤ ਦਿਨ ਹੋ ਰਹੀਆਂ ਬੈਠਕਾਂ ਨੇ ਕਾਂਗਰਸ ਦੇ ਮੰਤਰੀਆਂ ਸਣੇ ਵਿਧਾਇਕਾਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਆਖ਼ਿਰ ਪ੍ਰਧਾਨਗੀ ਦਾ ਤਾਜ ਕਿਸਦੇ ਸਿਰ ਸਜੇਗਾ। ਆਏ ਦਿਨ ਅੰਦਾਜ਼ੇ ਲਗਾਏ ਜਾਂਦੇ ਹਨ ਕਿ ਪ੍ਰਧਾਨਗੀ ਸਿੱਧੂ ਦੇ ਹਿੱਸੇ ਆ ਚੁੱਕੀ ਹੈ ਤੇ ਐਲਾਨ ਹੋਣਾ ਬਾਕੀ ਹੈ ਪਰ ਐਨ ਵਕਤ ਕਾਂਗਰਸ ਹਾਈਕਮਾਨ ਜਾਂ ਸੂਬਾ ਸਰਕਾਰ ਦੇ ਕਿਸੇ ਆਗੂ ਵੱਲੋਂ ਦਿੱਤੇ ਬਿਆਨ ਨਾਲ ਮੁੜ ਨਵੀਆਂ ਸੰਭਾਵਨਾਵਾਂ ਉਜਾਗਰ ਹੋਣ ਲੱਗਦੀਆਂ ਹਨ। ਬੀਤੇ ਦਿਨ ਜਿਉਂ ਹੀ ਨਵਜੋਤ ਸਿੱਧੂ ਦੀ ਪ੍ਰਧਾਨਗੀ ਦੀਆਂ ਚਰਚਾਵਾਂ ਹੋਣ ਲੱਗੀਆਂ ਤਾਂ ਸਿੱਧੂ ਦੇ ਪ੍ਰਸ਼ੰਸਕਾਂ ਨੇ ਖ਼ੁਸੀ ਵਿੱਚ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਅਤੇ ਢੋਲੀਆਂ ਨੇ ਢੋਲ ਵਜਾਉਣੇ ਪਰ ਸ਼ਾਮ ਵੇਲੇ ਹਰੀਸ਼ ਰਾਵਤ ਦੇ ਬਿਆਨ ਕਿ ਪੰਜਾਬ ਪ੍ਰਧਾਨਗੀ ਨੂੰ ਲੈ ਕੇ ਹਾਈਕਮਾਨ ਦਾ ਹਰ ਫ਼ੈਸਲਾ ਸਵੀਕਾਰ ਹੋਵੇਗਾ, ਨੇ ਮੁੜ ਨਵੀਆਂ ਚਰਚਾਵਾਂ ਛੇੜ ਦਿੱਤੀਆਂ।
ਨਵਜੋਤ ਸਿੱਧੂ ਦੀਆਂ ਧੜਾਧੜ ਬੈਠਕਾਂ
ਅੱਜ ਸਵੇਰੇ ਹੀ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਬੈਠਕ ਕੀਤੀ। ਸਿੱਧੂ ਨੇ ਬੈਠਕ ਮਗਰੋਂ ਕਿਹਾ ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ। ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਅਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਵੀ ਕਿਹਾ ਕਿ ਸਿੱਧੂ ਬਹੁਤ ਯੋਗ ਅਤੇ ਕਾਬਲ ਵਿਅਕਤੀ ਹਨ। ਦੱਸਣਯੋਗ ਹੈ ਕਿ ਕਈ ਦਿਨ ਪਹਿਲਾਂ ਸੁਨੀਲ ਜਾਖੜ ਨੇ ਹਾਈਕਮਾਨ ਨਾਲ ਹੋਈ ਬੈਠਕ ਮਗਰੋਂ ਬਿਆਨ ਦਿੱਤਾ ਸੀ ਕਿ ਪੰਜਾਬ ਕਾਂਗਰਸ ਦੀ ਭਲਾਈ ਲਈ ਜੇ ਉਨ੍ਹਾਂ ਨੂੰ ਪ੍ਰਧਾਨਗੀ ਛੱਡਣੀ ਪੈਂਦੀ ਹੈ ਤਾਂ ਉਹ ਇਹ ਅਹੁਦਾ ਛੱਡਣ ਲਈ ਤਿਆਰ ਹਨ। ਜਾਖੜ ਦੇ ਇਸ ਬਿਆਨ ਤੋਂ ਸਿਆਸੀ ਮਾਹਿਰ ਅੰਦਾਜ਼ਾ ਲਗਾਉਂਦੇ ਨੇ ਕਿ ਪ੍ਰਧਾਨਗੀ ਨਾ ਬਚਾ ਕੇ ਰੱਖ ਸਕਣ ਦੇ ਰੋਸ ਵਜੋਂ ਜਾਖੜ ਅੰਦਰੋ ਅੰਦਰੀ ਕੈਪਟਨ ਨਾਲ ਨਾਰਾਜ਼ ਚੱਲ ਰਹੇ ਹਨ। ਇਸੇ ਮੌਕੇ ਦਾ ਫ਼ਾਇਦਾ ਉਠਾਂਦਿਆਂ ਨਵਜੋਤ ਸਿੱਧੂ ਦੀ ਜਾਖੜ ਨਾਲ ਪਾਈ ਜੱਫ਼ੀ ਕੈਪਟਨ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਇਕ 'ਟਵੀਟ' ਨਾਲ ਲਾਏ ਕਈ ਨਿਸ਼ਾਨੇ
ਜਾਖੜ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ’ਤੇ ਪਹੁੰਚੇ। ਗੌਰਤਲਬ ਹੈ ਕਿ ਸੁਖਜਿੰਦਰ ਰੰਧਾਵਾ ਪਹਿਲਾਂ ਹੀ ਕੈਪਟਨ ਖ਼ਿਲਾਫ਼ ਚੱਲ ਰਹੇ ਹਨ। ਰੰਧਾਵਾ ਵਾਰ-ਵਾਰ ਆਪਣੇ ਬਿਆਨ ਦੁਹਰਾ ਰਹੇ ਹਨ ਕਿ ਕੈਪਟਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਦਾ ਜੁਆਬ ਦੇਣਾ ਪੈਣਾ ਹੈ। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਰੰਧਾਵਾ ਨੇ ਕਈ ਵਾਰ ਕੈਪਟਨ ਖ਼ਿਲਾਫ਼ ਆਪਣੀ ਭੜਾਸ ਕੱਢੀ ਹੈ ਜਿਸ ਕਾਰਨ ਸਿੱਧੂ ਧੜੇ ਵਿੱਚ ਮੰਤਰੀ ਰੰਧਾਵਾ ਦਾ ਨਾਂ ਪਹਿਲੀਆਂ 'ਚ ਆਉਂਦਾ ਹੈ।
ਇਸ ਬੈਠਕ ਵਿੱਚ ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਵੀ ਮੌਜੂਦ ਸਨ ਜੋ ਪਹਿਲਾਂ ਹੀ ਰੰਧਾਵਾ ਦੇ ਘਰ ਪਹੁੰਚ ਚੁੱਕੇ ਸਨ। ਇਸ ਮਗਰੋਂ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਘਰ ਪਹੁੰਚੇ। ਸਿਹਤ ਮੰਤਰੀ ਨੂੰ ਮਿਲਣ ਤੋਂ ਬਾਅਦ ਸਿੱਧੂ ਲਾਲ ਸਿੰਘ ਨੂੰ ਵੀ ਮਿਲੇ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ
ਰਾਜਾ ਵੜਿੰਗ ਦੀ ਕੈਪਟਨ ਨਾਲ ਲਾਲ ਝੰਡੀ
ਮਨਪ੍ਰੀਤ ਬਾਦਲ ਨੂੰ ਲੈ ਕੇ ਰਾਜਾ ਵੜਿੰਗ ਦੀ ਕੈਪਟਨ ਨਾਲ ਲਾਲ ਝੰਡੀ ਰਹਿਣ ਦੇ ਚਰਚੇ ਆਮ ਸੁਣਨ ਨੂੰ ਮਿਲਦੇ ਹਨ। ਗਿੱਦੜਬਾਹਾ ਤੋਂ ਦੋ ਵਾਰ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਬੀਤੇ ਦਿਨ ਵੜਿੰਗ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਟਵਿੱਟਰ 'ਤੇ ਟੈਗ ਕਰਦੇ ਹੋਏ ਉਸ ਨੂੰ ਮਨਪ੍ਰੀਤ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ। ਮਨਪ੍ਰੀਤ ਖ਼ਿਲਾਫ਼ ਵੜਿੰਗ ਦੇ ਰਾਜਨੀਤਿਕ ਰੋਸ ਦੀ ਹਮਾਇਤ ਕਰਦਿਆਂ, ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਰੀ-ਟਵੀਟ ਕੀਤਾ। ਦਰਅਸਲ ਰਾਜਾ ਵੜਿੰਗ ਨੇ ਪਿੰਡ ਅਬਲੂ ਕੋਟਲੀ ਦੇ ਅਕਾਲੀ ਦਲ ਦਾ ਹਲਕਾ ਇੰਚਾਰਜ ਚਰਨਜੀਤ ਦੀ ਤਸਵੀਰ ਮਨਪ੍ਰੀਤ ਬਾਦਲ ਨਾਲ ਪੋਸਟ ਕੀਤੀ ਸੀ। ਰਾਜਾ ਵੜਿੰਗ ਨੇ ਚਰਨਜੀਤ ਦੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਅਕਾਲੀਆਂ ਨਾਲ ਵੀ ਤਸਵੀਰਾਂ ਪੋਸਟ ਕੀਤੀਆਂ ਸਨ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਲੈ ਕੇ ਆਪਣੀ ਹੀ ਪਾਰਟੀ 'ਤੇ ਸੁਆਲ ਚੁੱਕੇ ਹੋਣ । ਇਸ ਤੋਂ ਪਹਿਲਾਂ ਵੀ ਵੜਿੰਗ ਨੇ ਕਈ ਵਾਰ ਮਨਪ੍ਰੀਤ ਦੇ ਸਾਲੇ ਜੈਜੀਤ ਜੌਹਲ 'ਤੇ ਕਈ ਇਲਜ਼ਾਮ ਲਾਏ ਸਨ ਤੇ ਕਾਰਵਾਈ ਦੀ ਮੰਗ ਕੀਤੀ ਸੀ। ਇਨ੍ਹਾਂ ਸੁਆਲਾਂ ਦਾ ਕੈਪਟਨ ਵੱਲੋਂ ਖ਼ਾਸ ਨੋਟਿਸ ਨਾ ਲੈਣ ਕਾਰਨ ਰਾਜਾ ਵੜਿੰਗ ਤੇ ਕੈਪਟਨ ਦੀ ਲਾਲ ਝੰਡੀ ਹੋਣ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਵੀ ਇਸੇ ਕਰਕੇ ਸਿੱਧੂ ਧੜੇ ਵਿੱਚ ਸ਼ਾਮਲ ਹੋ ਕੇ ਜਿੱਥੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ ਉਥੇ ਕੈਪਟਨ 'ਤੇ ਦਬਾਅ ਪਾਉਣ ਦੀ ਰਾਜਨੀਤੀ ਵੀ ਖੇਡ ਰਹੇ ਹਨ।
ਕੁਲਬੀਰ ਜ਼ੀਰਾ ਦਾ ਕੈਪਟਨ ਖ਼ਿਲਾਫ਼ ਰੋਸ
ਕੁਲਬੀਰ ਜ਼ੀਰਾ ਨੂੰ ਸਟੇਜ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਦਿੱਤਾ ਬਿਆਨ ਮਹਿੰਗਾ ਪਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਨੇ ਮੁਅੱਤਲ ਵੀ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਸਟੇਜ ਉੱਤੇ ਆਪਣੇ ਭਾਸ਼ਣ ਵਿਚ ਜ਼ੀਰਾ ਨੇ ਪੁਲਿਸ 'ਤੇ ਡਰੱਗ ਮਾਫ਼ੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਰੋਸ ਵਜੋਂ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਛੱਡ ਕੇ ਚਲੇ ਗਏ ਸਨ। ਜ਼ੀਰਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਇਕਾਟ ਕਰ ਦਿੱਤਾ ਸੀ।ਇਸ ਬਿਆਨ ਮਗਰੋਂ ਕਾਂਗਰਸ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਸੀ ਅਤੇ ਜ਼ੀਰਾ ਨੂੰ ਮੁਅੱਤਲ ਕਰਨਾ ਪਿਆ ਸੀ। ਬੇਸ਼ੱਕ ਕੁਲਬੀਰ ਜ਼ੀਰਾ ਦੀ ਮੁਅੱਤਲੀ ਬਾਅਦ ਵਿੱਚ ਰੱਦ ਹੋ ਗਈ ਸੀ ਪਰ ਉਦੋਂ ਤੋਂ ਹੀ ਇਹ ਵਿਧਾਇਕ ਵੀ ਕੈਪਟਨ ਵਿਰੁੱਧ ਲਾਬੀ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਮੌਕਾ ਮਿਲਦਿਆਂ ਹੀ ਸਿੱਧੂ ਧੜੇ ਨਾਲ ਨੇੜਤਾ ਵਧਾਉਂਣੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਪਰਗਟ ਦਾ ਕੈਪਟਨ ਖ਼ਿਲਾਫ਼ ਮੋਰਚਾ
ਵਿਧਾਇਕ ਪਰਗਟ ਸਿੰਘ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਣ ਵਿੱਚ ਕੋਈ ਢਿੱਲ ਨਹੀਂ ਵਿਖਾਈ। ਪਰਗਟ ਸਿੰਘ ਨੇ ਕਈ ਵਾਰ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਉਨ੍ਹਾਂ ਤਮਾਮ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਿਆ ਜਿਨ੍ਹਾਂ ਸਬੰਧੀ ਵਾਅਦੇ ਕਰਕੇ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ। ਵਿਧਾਇਕ ਦੇ ਬਿਆਨਾਂ ਕਰਕੇ ਕੈਪਟਨ ਨੇ ਪਰਗਟ ਸਿੰਘ ਤੋਂ ਦੂਰੀ ਬਣਾਈ ਰੱਖੀ। ਪਰਗਟ ਸਿੰਘ ਅਤੇ ਕੈਪਟਨ ਦੀਆਂ ਤਲਖ਼ੀਆਂ ਦਰਮਿਆਨ ਮਾਮਲਾ ਉਦੋਂ ਜ਼ਿਆਦਾ ਭਖ ਗਿਆ ਸੀ ਜਦੋਂ ਵਿਧਾਇਕ ਨੇ ਇਲਜ਼ਾਮ ਲਾਇਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਧਮਕਾਉਣ ਲਈ ਸੁਨੇਹਾ ਭੇਜਿਆ ਗਿਆ ਹੈ ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਪਰਗਟ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਦਫ਼ਤਰੋਂ ਕੈਪਟਨ ਸੰਦੀਪ ਸੰਧੂ ਦਾ ਫ਼ੋਨ ਆਇਆ ਜਿਸ ਵਿਚ ਕਿਹਾ ਗਿਆ ਕਿ ਅਸੀਂ ਤੇਰਾ ਪੁਲੰਦਾ ਤਿਆਰ ਕਰ ਲਿਆ ਹੈ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ। ਕੈਪਟਨ ਨਾਲ ਦੂਰੀਆਂ ਕਾਰਣ ਪਰਗਟ ਸਿੰਘ ਵੀ ਨਵਜੋਤ ਸਿੱਧੂ ਦੀਆਂ ਸਮੇਂ ਸਮੇਂ 'ਤੇ ਤਾਰੀਫ਼ਾਂ ਕਰਦੇ ਰਹਿੰਦੇ ਤੇ ਕੈਪਟਨ ਖ਼ਿਲਾਫ਼ ਬੋਲਣ ਦਾ ਕੋਈ ਮੌਕਾ ਨਾ ਜਾਣ ਦਿੰਦੇ।
ਨੋਟ : ਕੌਣ ਹੋਵੇਗਾ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ? ਕੁਮੈਂਟ ਕਰਕੇ ਦਿਓ ਆਪਣੀ ਰਾਏ