ਜਲੰਧਰ: ਮਿਡ-ਡੇ-ਮੀਲ ਦਾ ਖਾਣਾ ਬਣਾਉਂਦੇ ਸਮੇਂ ਸਕੂਲ 'ਚ ਫਟਿਆ ਕੁੱਕਰ

Thursday, Dec 21, 2017 - 01:11 PM (IST)

ਜਲੰਧਰ: ਮਿਡ-ਡੇ-ਮੀਲ ਦਾ ਖਾਣਾ ਬਣਾਉਂਦੇ ਸਮੇਂ ਸਕੂਲ 'ਚ ਫਟਿਆ ਕੁੱਕਰ

ਜਲੰਧਰ(ਵਰਿਆਣਾ)—ਬੂਟਾ ਪਿੰਡ ਵਿਖੇ ਮਿਡ-ਡੇ-ਮੀਲ ਦਾ ਖਾਣਾ ਬਣਾਉਂਦੇ ਸਮੇਂ ਸਕੂਲ ਵਿਚ ਕੁੱਕਰ ਫਟਣ ਨਾਲ ਖਾਣਾ ਬਣਾਉਣ ਵਾਲੀਆਂ 3 ਔਰਤਾਂ ਜ਼ਖ਼ਮੀ ਹੋ ਗਈਆਂ। ਕੁੱਕਰ ਫਟਣ ਦਾ ਧਮਾਕਾ ਇੰਨਾ ਸੀ ਕਿ ਸਕੂਲ ਦੇ ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ ਸਕੂਲ ਵਿਚ ਬੈਠੇ ਬੱਚੇ ਜ਼ਖ਼ਮੀ ਨਹੀਂ ਹੋਏ। ਇਸ ਹਾਦਸੇ ਵਿਚ ਮਿਡ-ਡੇ-ਮੀਲ ਦਾ ਖਾਣਾ ਬਣਾਉਂਦੇ ਸਮੇਂ ਹੋਏ ਜ਼ਖ਼ਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ।

PunjabKesari

ਜਾਣਕਾਰੀ ਮੁਤਾਬਕ ਸਰਕਾਰੀ ਐਲੀਮੈਂਟਰੀ ਸਕੂਲ ਬੂਟਾ ਪਿੰਡ ਵਿਖੇ ਸਵੇਰੇ ਮਿਡ-ਡੇ-ਮੀਲ ਦਾ ਖਾਣਾ ਰਾਜਵੰਤ ਕੌਰ, ਕਿਰਨ ਅਤੇ ਨਰੇਸ਼ ਬਣਾ ਰਹੀਆਂ ਸਨ ਕਿ ਕੁੱਕਰ ਵਿਚ ਕਾਲੇ ਛੋਲੇ ਰੱਖੇ ਹੋਏ ਸਨ ਕਿ ਅਚਾਨਕ ਹੀ ਕੁੱਝ ਦੇਰ ਬਾਅਦ ਸਕੂਲ ਵਿਚ ਕੁੱਕਰ ਫਟ ਗਿਆ ਅਤੇ ਧਮਾਕਾ ਹੋ ਗਿਆ, ਜਿਸ ਵਿਚ ਖਾਣਾ ਬਣਾਉਣ ਵਾਲੀਆਂ ਔਰਤਾਂ ਜ਼ਖ਼ਮੀ ਹੋ ਗਈਆਂ। ਕੁੱਕਰ ਦੇ ਧਮਾਕੇ ਨਾਲ ਸਕੂਲ ਦਾ ਸਾਰਾ ਸਟਾਫ ਘਬਰਾ ਕੇ ਸਕੂਲ ਤੋਂ ਬਾਹਰ ਵਲ ਭੱਜਿਆ। ਜ਼ਖ਼ਮੀਆਂ ਨੂੰ ਤੁਰੰਤ ਰਵਿਦਾਸ ਚੌਕ ਦੇ ਨੇੜੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਕੁੱਕਰ ਫਟਣ ਨਾਲ ਸਕੂਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਸਾਰੇ ਬਾਹਰ ਵੱਲ ਭੱਜੇ। ਧਮਾਕੇ ਦੀ ਖਬਰ ਸੁਣ ਕੇ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਗਏ। ਹਾਦਸੇ ਤੋਂ ਬਾਅਦ ਧਮਾਕੇ ਦੀ ਆਵਾਜ਼ ਨਾਲ ਸਾਰੇ ਘਬਰਾ ਗਏ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਸ. ਜੀਵਨ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। 

PunjabKesari

ਖਾਣਾ ਬਣਾਉਣ ਦਾ ਕਮਰਾ ਸੀ ਬੱਚਿਆਂ ਤੋਂ ਦੂਰ, ਨਹੀਂ ਤਾਂ ਵਾਪਰ ਜਾਂਦਾ ਵੱਡਾ ਹਾਦਸਾ
ਜਿਸ ਕਮਰੇ ਵਿਚ ਮਿਡ-ਡੇ-ਮੀਲ ਦਾ ਖਾਣਾ ਬਣ ਰਿਹਾ ਸੀ, ਉਹ ਕਮਰਾ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਤੋਂ ਥੋੜ੍ਹੀ ਦੂਰ ਸੀ। ਬਦਕਿਸਮਤੀ ਨਾਲ ਜੇਕਰ ਕਮਰਾ ਬੱਚਿਆਂ ਦੇ ਨੇੜੇ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਤੋਂ ਬਾਅਦ ਸਕੂਲ ਦੇ ਬੱਚੇ ਕਾਫੀ ਘਬਰਾਏ ਹੋਏ ਸਨ। 

ਪੁਰਾਣੇ ਕੁੱਕਰ 'ਚ ਬਣ ਰਹੀ ਸੀ ਦਾਲ, ਜਿਸ ਕਾਰਨ ਫਟਿਆ ਕੁੱਕਰ
ਸਕੂਲ ਵਿਚ ਕੁੱਕਰ ਫਟਣ ਦੀ ਘਟਨਾ ਤੋਂ ਬਾਅਦ ਮੌਕੇ 'ਤੇ ਦੇਖਣ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਸ ਕੁੱਕਰ ਵਿਚ ਛੋਲਿਆਂ ਦੀ ਦਾਲ ਬਣਾਈ ਜਾ ਰਹੀ ਸੀ, ਉਹ ਕਾਫੀ ਪੁਰਾਣਾ ਸੀ। ਕੁੱਕਰ ਵਿਚ ਰਬੜ ਦੀ ਹਾਲਤ ਕਾਫੀ ਮਾੜੀ ਸੀ। ਹਾਦਸੇ ਦਾ ਕਾਰਨ ਪੁਰਾਣੇ ਕੁੱਕਰ ਦੀ ਵਰਤੋਂ ਦੱਸਿਆ ਗਿਆ ਹੈ। ਪੁਰਾਣੇ ਕੁੱਕਰ ਨਾਲ ਕੰਮ ਕਰਨ 'ਤੇ ਕਈਆਂ ਦੀ ਜਾਨ ਨੂੰ ਖਤਰੇ ਵਿਚ ਜਾਣਬੁੱਝ ਕੇ ਮੌਤ ਦੇ ਮੂੰਹ ਵਿਚ ਧੱਕਣ ਦਾ ਕੰਮ ਸੀ।


Related News