ਬੰਗਾ ਤੋਂ ਸ਼੍ਰੀ ਨੈਣਾ ਦੇਵੀ ਨੈਸ਼ਨਲ ਹਾਈਵੇਅ ਦੀ ਪ੍ਰਾਜੈਕਟ ਰਿਪੋਰਟ ਤਿਆਰ

05/26/2017 3:07:38 PM

ਸ੍ਰੀ ਆਨੰਦਪੁਰ ਸਾਹਿਬ(ਸ਼ਮਸ਼ੇਰ)- ਕੇਂਦਰ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਨੈਸ਼ਨਲ ਹਾਈਵੇ ਤੌਰ ''ਤੇ ਐਲਾਨੀ ਬੰਗਾ ਤੋਂ ਸ਼੍ਰੀ ਨੈਣਾ ਦੇਵੀ ਵਾਇਆ ਸ੍ਰੀ ਆਨੰਦਪੁਰ ਸਾਹਿਬ ਰੋਡ ਦੀ ਫਾਈਨਲ ਡੀ.ਪੀ.ਆਰ. ਤਿਆਰ ਕਰ ਲਈ ਗਈ ਹੈ ਤੇ ਪੀ. ਡਬਲਯੂ. ਡੀ. ਵੱਲੋਂ ਇਸ ਦੀ ਪ੍ਰਾਜੈਕਟ ਰਿਪੋਰਟ ਕੇਂਦਰੀ ਕਾਰਜ ਮੰਡਲ ਨੂੰ ਸੌਂਪ ਦਿੱਤੀ ਗਈ ਹੈ।
ਬੰਗਾ ਤੋਂ ਸ਼੍ਰੀ ਨੈਣਾ ਦੇਵੀ ਤੱਕ 58.50 ਕਿਲੋਮੀਟਰ ਲੰਬੀ ਸੜਕ ਨੂੰ ਦਸ ਮੀਟਰ ਚੌੜੀ ਕਰਨ ਦਾ ਜੋ ਟੀਚਾ ਮਿੱਥਿਆ ਗਿਆ ਹੈ, ਉਸ ਅਨੁਸਾਰ ਇਸ ਸੜਕ ''ਤੇ ਆਉਣ ਵਾਲੀਆਂ ਨਿੱਜੀ ਸੰਪਤੀਆਂ ਨੂੰ ਪੂਰਨ ਰੂਪ ''ਚ ਸੁਰੱਖਿਅਤ ਰੱਖਿਆ ਗਿਆ ਹੈ ਤੇ ਲੋਕਾਂ ਦੀਆਂ ਕਿਆਸਅਰਾਈਆਂ ਦੇ ਉਲਟ ਕਿਸੇ ਤਰ੍ਹਾਂ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਜਾਂ ਜ਼ਮੀਨ ਐਕਵਾਇਰ ਕਰਨ ਦਾ ਪ੍ਰੋਗਰਾਮ ਨਹੀਂ ਮਿੱਥਿਆ ਗਿਆ। ਪੰਜਾਬ ਦੇ ਤਿੰਨ ਜ਼ਿਲਿਆਂ ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਰੂਪਨਗਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰ ''ਚੋਂ ਲੰਘਣ ਵਾਲੇ ਉਕਤ ਨੈਸ਼ਨਲ ਹਾਈਵੇ ''ਤੇ ਲੋਕਾਂ ਨੂੰ ਉਜਾੜੇ ਤੋਂ ਬਚਾ ਕੇ ਰੱਖਣ ਲਈ ਤਿੰਨ ਬਾਈਪਾਸ ਕੱਢਣ ਦਾ ਪ੍ਰੋਗਰਾਮ ਵੀ ਮਿੱਥਿਆ ਗਿਆ ਹੈ, ਜਿਸ ''ਚ ਕੁਝ ਥਾਂ ''ਤੇ ਜ਼ਮੀਨ ਐਕਵਾਇਰ ਕਰਨੀ ਲਾਜ਼ਮੀ ਮੰਨੀ ਗਈ ਹੈ।

ਇਹ ਤਿੰਨ ਨਵੇਂ ਬਾਈਪਾਸ ਕੱਢਣ ਦਾ ਟੀਚਾ
ਵਿਭਾਗ ਦੀ ਤਾਜ਼ਾ ਪ੍ਰਪੋਜ਼ਲ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਦੇ ਮੁੱਖ ਸ਼ਹਿਰ ਗੜ੍ਹਸ਼ੰਕਰ ਦੇ ਬਾਜ਼ਾਰ ਤੇ ਸੰਘਣੀ ਆਬਾਦੀ ਵਾਲੇ ਖੇਤਰ ਨੂੰ ਸੁਰੱਖਿਅਤ ਰੱਖਣ ਲਈ ਸ਼ਹਿਰ ਤੋਂ ਬਾਹਰਲੇ ਪਾਸੇ ਡੇਢ ਕਿਲੋਮੀਟਰ ਲੰਬਾ ਬਾਈਪਾਸ ਕੱਢਣ ਦਾ ਜਿਥੇ ਸਰਵੇ ਕੀਤਾ ਗਿਆ ਹੈ, ਉਥੇ ਹੀ ਝੱਜ ਚੌਕ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਦੇ 10 ਕਿਲੋਮੀਟਰ ਲੰਬੇ ਪੈਂਡੇ ''ਚ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਰ ਕਿਲੋਮੀਟਰ ਪਿੱਛੇ ਪਿੰਡ ਮਹਿਰੌਲੀ ਦੇ ਟੀ-ਪੁਆਇੰਟ ਤੋਂ ਲਮਹੇੜੀ ਤੱਕ ਪੰਜ ਕਿਲੋਮੀਟਰ ਲੰਬਾ ਬਾਈਪਾਸ ਕੱਢਣ ਦੀ ਯੋਜਨਾ ਘੜੀ ਗਈ ਹੈ। ਅਜਿਹੀ ਸਥਿਤੀ ''ਚ ਪੂਰੇ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਅਤੇ ਸੰਘਣੀ ਆਬਾਦੀ ਵਾਲੇ ਪਿੰਡ ਅਗਮਪੁਰ ਨੂੰ ਨੈਸ਼ਨਲ ਹਾਈਵੇ ਦੀ ਮਾਰ ਤੋਂ ਸੁਰੱਖਿਅਤ ਰੱਖਿਆ ਗਿਆ ਹੈ। ਝੱਜ ਚੌਕ, ਨੂਰਪੁਰਬੇਦੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਟੀ-ਪੁਆਇੰਟ ਤੇ ਮਾਰਕੀਟ ਦੇ ਬਚਾਅ ਪੱਖੋਂ 500 ਗਜ਼ ਪਿੱਛੇ ਸੀਨੀਅਰ ਸੈਕੰਡਰੀ ਸਕੂਲ ਝੱਜ ਦੇ ਲਾਗੇ ਸ੍ਰੀ ਆਨੰਦਪੁਰ ਸਾਹਿਬ ਮਾਰਗ ''ਤੇ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਤੱਕ 1.50 ਕਿਲੋਮੀਟਰ ਲੰਬਾ ਬਾਈਪਾਸ ਬਣਾਉਣ ਦੀ ਵੀ ਯੋਜਨਾ ਇਸ ਫਾਈਨਲ ਡੀ.ਪੀ.ਆਰ. ''ਚ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ''ਚ ਆਉਣ ਵਾਲੇ ਰੇਲਵੇ ਫਾਟਕ ਤੇ ਫਲਾਈਓਵਰ ਬਣਾਉਣ ਦੀ ਪ੍ਰਪੋਜ਼ਲ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਨੈਣਾ ਦੇਵੀ ਵਰਗੇ ਪਵਿੱਤਰ ਸਥਾਨਾਂ ਪ੍ਰਤੀ ਆਸਥਾ ਰੱਖਣ ਵਾਲੇ ਲੋਕਾਂ ਲਈ ਇਹ ਨੈਸ਼ਨਲ ਹਾਈਵੇ ਵਰਦਾਨ ਸਾਬਿਤ ਹੋਵੇਗਾ। ਇਸ ਪ੍ਰਾਜੈਕਟ ਲਈ ਫੰਡ ਜਾਰੀ ਕਰਵਾਉਣ ਲਈ ਮੈਂ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਖਾਸ ਮੁਲਾਕਾਤ ਕਰਾਂਗਾ ਤੇ ਇਸ ਪ੍ਰਾਜੈਕਟ ਦਾ ਰਸਮੀ ਆਗਾਜ਼ ਕਰਵਾਉਣ ਲਈ ਯਤਨਸ਼ੀਲ ਹੋਵਾਂਗਾ।
ਅਮਰਜੀਤ ਸਿੰਘ ਸੰਦੋਆ ਹਲਕਾ ਵਿਧਾਇਕ ਰੂਪਨਗਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਪ੍ਰਾਜੈਕਟ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਦਲ ਸਰਕਾਰ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ''ਚ ਜਨਤਾ ਨੂੰ ਗੁੰਮਰਾਹ ਕਰਨ ਤੇ ਸਿਆਸੀ ਰੋਟੀਆਂ ਸੇਕਣ ਲਈ ਫਰਜ਼ੀ ਤੌਰ ''ਤੇ ਤਿਆਰ ਕੀਤਾ ਸੀ, ਜਿਸ ਨੂੰ ਨਾ ਤਾਂ ਅਜੇ ਤੱਕ ਕੋਈ ਫੰਡ ਜਾਰੀ ਕੀਤੇ ਹਨ ਤੇ ਨਾ ਹੀ ਇਸ ਦੀ ਪ੍ਰਪੋਜ਼ਲ ਨੇਪਰੇ ਚੜ੍ਹੀ ਹੈ ਪਰ ਝੱਜ ਚੌਕ ਤੋਂ ਸ੍ਰੀ ਆਨੰਦਪੁਰ ਸਾਹਿਬ ਰਸਕੇ ਦਾ ਸੰਤਾਪ ਇਸ ਝੂਠੇ ਲਾਰੇ ਅਧੀਨ ਲੋਕ ਜ਼ਰੂਰ ਹੰਢਾ ਰਹੇ ਹਨ।
ਜੈ ਸਿੰਘ ਰੌੜੀ ਵਿਧਾਇਕ ਗੜ੍ਹਸ਼ੰਕਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਬਣਨ ਦੇ ਖਿਲਾਫ ਨਹੀਂ ਹਾਂ ਪਰ ਇਸ ਦੀ ਆੜ ''ਚ ਲੋਕਾਂ ਦਾ ਉਜਾੜਾ ਕਿਸੇ ਵੀ ਕੀਮਤ ''ਤੇ ਬਰਦਾਸ਼ਤ ਨਹੀਂ ਕਰਾਂਗੇ। ਬਾਈਪਾਸ ਦੀ ਆੜ ''ਚ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਐਕਵਾਇਰ ਕਰਨ ਤੇ ਲੋਕਾਂ ਦੀ ਸਖਤ ਮਿਹਨਤ ਨਾਲ ਬਣਾਏ ਰੈਣਬਸੇਰੇ ਢਾਹੁਣ ਦੀ ਉਦੋਂ ਤੱਕ ਇਜਾਜ਼ਤ ਨਹੀਂ ਦਿਆਂਗੇ, ਜਦੋਂ ਤੱਕ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦਾ ਯੋਗ ਮੁੱਲ ਨਹੀਂ ਮਿਲਦਾ।
 


Related News