ਪ੍ਰਨੀਤ ਕੌਰ ਦੇ ਸਮਾਗਮ 'ਚ ਵੀ ਨਹੀਂ ਪੁੱਜੇ, ਨਾਰਾਜ਼ ਵਿਧਾਇਕ, ਖਾਲੀ ਪਈਆਂ ਰਹੀਆਂ ਕੁਰਸੀਆਂ
Saturday, Nov 30, 2019 - 05:29 PM (IST)

ਪਟਿਆਲਾ (ਬਖਸ਼ੀ,ਰਾਜੇਸ਼)—ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਦੇ ਨਾਰਾਜ਼ ਕਾਂਗਰਸੀ ਵਿਧਾਇਕਾਂ ਨੇ ਹੁਣ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ ਸਮੁੱਚਾ ਜ਼ਿਲਾ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ। ਪ੍ਰੋਗਰਾਮ ਦੌਰਾਨ ਮੰਚ 'ਤੇ ਕੈਬਨਿਟ ਮੰਤਰੀ ਅਤੇ ਐੱਮ. ਪੀ. ਦੇ ਨਾਲ ਵਿਧਾਇਕਾਂ ਦੀਆਂ ਕੁਰਸੀਆਂ ਲਾਈਆਂ ਗਈਆਂ ਸਨ ਅਤੇ ਬਕਾਇਦਾ ਕੁਰਸੀਆਂ 'ਤੇ ਲਿਖ ਕੇ ਲਾਇਆ ਗਿਆ ਸੀ ਪਰ ਕੁਰਸੀਆਂ ਖਾਲੀ ਰਹੀਆਂ ਅਤੇ ਕੋਈ ਵਿਧਾਇਕ ਨਾ ਪਹੁੰਚਿਆ।
ਮੁੱਖ ਮੰਤਰੀ ਦੇ ਜ਼ਿਲੇ ਦੇ ਹਲਕਾ ਰਾਜਪੁਰਾ ਤੋਂ ਵਿਧਾਇਕ ਅਤੇ 20 ਸਾਲ ਜ਼ਿਲਾ ਕਾਂਗਰਸ ਦੇ ਪ੍ਰਧਾਨ ਰਹੇ ਹਰਦਿਆਲ ਸਿੰਘ ਕੰਬੋਜ, ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਬੀਤੀ 19 ਨਵੰਬਰ ਤੋਂ ਨਾਰਾਜ਼ ਚੱਲ ਰਹੇ ਹਨ। ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਚਾਰੇ ਵਿਧਾਇਕਾਂ ਨੇ ਪੁਲਸ ਅਤੇ ਪ੍ਰਸ਼ਾਸਨਿਕ ਅਫਸਰਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਸਰਕਾਰ ਨੇ ਜਿਥੇ ਵੱਡੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ, ਉਥੇ ਹੀ ਪੁਲਸ ਇੰਸਪੈਕਟਰ 'ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕੀਤਾ ਗਿਆ। ਕਈਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਵਿਧਾਇਕ ਅਜੇ ਵੀ ਸ਼ਾਂਤ ਨਹੀਂ ਹੋ ਰਹੇ।
ਵਿਧਾਇਕਾਂ ਦੀ ਗੈਰ-ਹਾਜ਼ਰੀ ਸਬੰਧੀ ਪੁੱਛੇ ਜਾਣ 'ਤੇ ਪ੍ਰੋਗਰਾਮ ਵਿਚ ਪਹੁੰਚੇ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਹੋ ਸਕਦਾ ਹੈ ਵਿਧਾਇਕਾਂ ਨੂੰ ਆਪਣੇ ਹਲਕੇ ਵਿਚ ਕਿਸੇ ਪ੍ਰੋਗਰਾਮ 'ਤੇ ਜਾਣਾ ਪਿਆ ਹੋਵੇ। ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਆਪਣੇ ਵਿਧਾਇਕਾਂ ਦੇ ਨਾਲ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।