ਕੈਪਟਨ ਦੇ ਰਿਸ਼ਤੇਦਾਰਾਂ ਸਮੇਤ ਕਈਆਂ ਦੇ ਖਾਤੇ ਸਾਫ

Saturday, Nov 23, 2019 - 06:42 PM (IST)

ਕੈਪਟਨ ਦੇ ਰਿਸ਼ਤੇਦਾਰਾਂ ਸਮੇਤ ਕਈਆਂ ਦੇ ਖਾਤੇ ਸਾਫ

ਪਟਿਆਲਾ/ਦੇਵਘਰ—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਖਾਤੇ ਤੋਂ ਜਾਮਤਾੜਾ ਦੇ ਸਾਈਬਰ ਠੱਗਾਂ ਵੱਲੋਂ 23 ਲੱਖ ਰੁਪਏ ਦੀ ਠੱਗੀ ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਖਾਤੇ 'ਚੋਂ ਵੀ ਲੱਖਾਂ ਰੁਪਏ ਉਡਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਠੱਗੀ ਦੇ ਦਰਜਨ ਤੋਂ ਜ਼ਿਆਦਾ ਮਾਮਲਿਆਂ ਦੀ ਗੁੱਥੀ ਹੱਲ ਕਰਨ ਲਈ ਪੰਜਾਬ ਪੁਲਸ ਦੀ ਟੀਮ ਝਾਰਖੰਡ ਦੇ ਦੇਵਘਰ ਪਹੁੰਚੀ। ਮਾਮਲਿਆਂ ਦੀ ਜਾਂਚ ਕਰਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਕੈਂਟ ਥਾਣੇ ਤੋਂ ਪੰਜ ਮੈਂਬਰੀ ਪੁਲਸ ਟੀਮ ਦੇਵਘਰ ਜ਼ਿਲੇ ਦੇ ਸਾਰਠ ਪਹੁੰਚੀ।

ਪੰਜਾਬ ਪੁਲਸ ਦੀ ਟੀਮ ਨੇ ਸਾਰਠ ਪੁਲਸ ਦੀ ਮਦਦ ਨਾਲ ਸਾਈਬਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਕਈ ਟਿਕਾਣਿਆਂ ਤੇ ਛਾਪੇਮਾਰੀ ਵੀ ਕੀਤੀ। ਇਸੇ ਪੜਾਅ 'ਚ ਦੇਵਘਰ ਦੇ ਨਯਾ ਖਰਨਾ ਪਿੰਡ ਤੋਂ ਇਕ ਨੌਜਵਾਨ ਟਿੰਕੂ ਮਹਿਰਾ ਨੂੰ ਹਿਰਾਸਤ 'ਚ ਲੈ ਕੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਉਸਦੇ ਕੋਲੋਂ ਮਿਲੇ ਇਕ ਮੋਬਾਇਲ ਦਾ ਵੇਰਵਾ ਵੀ ਜਾਂਚਿਆ ਗਿਆ।

ਪੰਜਾਬ ਪੁਲਸ ਦੇ ਏ. ਐੱਸ.ਆਈ ਸਤਨਾਮ ਸਿੰਘ ਨੇ ਕਿਹਾ ਕਿ ਸਾਈਬਰ ਠੱਗਾਂ ਨੇ ਦਰਜਨ ਤੋਂ ਵੱਧ ਲੋਕਾਂ ਨੂੰ ਇਕ ਕਰੋੜ ਤੋਂ ਜ਼ਿਆਦਾ ਦਾ ਚੂਨਾ ਲਗਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਇਕ ਰਿਸ਼ਤੇਦਾਰ ਦੇ ਖਾਤੇ 'ਚੋਂ ਵੀ ਉਡਾਏ ਗਏ ਹਨ। ਸੀ.ਐੱਮ ਦੇ ਰਿਸ਼ਤੇਦਾਰ ਦਾ ਮਾਮਲਾ ਅੰਮ੍ਰਿਤਸਰ ਕੈਂਟ ਥਾਣੇ 'ਚ ਦਰਜ ਹੈ। ਇਕ ਪ੍ਰਸ਼ਾਸਨਿਕ ਅਧਿਕਾਰੀ ਦੇ ਏ.ਟੀ.ਐੱਮ ਕਾਰਡ ਤੋਂ ਵੀ ਨਿਕਾਸੀ ਕੀਤੀ ਗਈ ਹੈ। ਪੰਜਾਬ ਪੁਲਸ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਤੇ ਝਾਰਖੰਡ 'ਚ ਚਾਰ-ਪੰਜ ਦਿਨ ਕੈਂਪ ਕਰ ਕੇ ਸਾਰੇ ਮਾਮਲਿਆਂ ਦੀ ਪੜਤਾਲ ਕਰੇਗੀ। ਅਪਰਾਧੀ ਬਹੁਤ ਛੇਤੀ ਗ੍ਰਿਫ਼ਤ 'ਚ ਹੋਣਗੇ। ਕਈ ਮੋਬਾਈਲ ਨੰਬਰਾਂ ਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ। ਸ਼ਾਤਰਾਂ ਨੇ ਗਰੀਬ ਤੇ ਅਨਪੜ੍ਹ ਲੋਕਾਂ ਦੇ ਨਾਂ 'ਤੇ ਫਰਜ਼ੀ ਸਿਮ ਜਾਰੀ ਕਰਾਏ ਗਏ ਹਨ। ਪੁਲਸ ਤਮਾਮ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਛੇਤੀ ਹੀ ਇਕ ਰੈਕੇਟ ਦਾ ਖੁਲਾਸਾ ਹੋਵੇਗਾ।


author

Shyna

Content Editor

Related News