ਸਾਬਕਾ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੀ ਹੋਵੇ ਸੀ. ਬੀ. ਆਈ. ਜਾਂਚ: ਚੰਦੂਮਾਜਰਾ
Monday, May 25, 2020 - 05:55 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਨਪ੍ਰੀਤ ਮਾਂਗਟ ਦੇ ਕਤਲ ਸਬੰਧੀ ਸਰਕਾਰ ਕੋਲੋਂ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਨਪ੍ਰੀਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਅਪੀਲ ਕੀਤੀ। ਦਰਅਸਲ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਵਿਧਾਇਕ ਡਾ. ਐੱਸ. ਕੇ. ਸੁਖੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਰਾਹੋਂ ਵਾਸੀ ਸਾਬਕਾ ਪੱਤਰਕਾਰ ਸਨਪ੍ਰੀਤ ਮਾਂਗਟ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਡੀ. ਸੀ. ਨੂੰ ਦਿੱਤੇ ਮੰਗ ਪੱਤਰ 'ਚ ਦੱਸਿਆ ਕਿ ਬਹੁਤ ਬੇਰਹਿਮੀ ਨਾਲ ਕਤਲ ਕੀਤੇ ਗਏ ਸਨਪ੍ਰੀਤ ਸਿੰਘ ਦੇ ਮਾਮਲੇ 'ਚ ਪੁਲਸ ਨੇ ਪਹਿਲਾ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ ਸੀ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ 'ਚ 14 ਤੇਜ਼ਧਾਰ ਹੱਥਿਆਰਾਂ ਦੇ ਜ਼ਖਮ ਹੋਣ ਸਬੰਧੀ ਜਾਣਕਾਰੀ ਸਾਹਮਣੇ ਆਈ ਤਾਂ ਪੁਲਸ ਨੇ ਹੱਤਿਆ ਦਾ ਮਾਮਲਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਆਪਣੇ ਪੱਤਰਕਾਰੀ ਸਮੇਂ 'ਚ ਸਨਪ੍ਰੀਤ ਸਿੰਘ ਨੇ ਨਾਜਾਇਜ਼ ਮਾਈਨਿੰਗ ਸਬੰਧੀ ਕਈ ਖਬਰਾਂ ਛਾਪੀਆਂ ਸਨ ਅਤੇ ਉਸ ਦੀਆਂ ਖਬਰਾਂ ਦੇ ਅਸਰ 'ਤੇ ਹੀ ਮੁੱਖ ਮੰਤਰੀ ਪੰਜਾਬ ਨੇ ਹਵਾਈ ਸਰਵੇਖਣ ਵੀ ਕੀਤਾ ਸੀ। ਉਨ੍ਹਾਂ ਕਿਹਾ ਕੀ ਜਿਸ ਤਰ੍ਹਾਂ ਉਪਰੋਕਤ ਮਾਮਲੇ ਨੂੰ ਡੀਲ ਕੀਤਾ ਗਿਆ ਹੈ, ਉਸ ਨਾਲ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਹੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਰਿਵਾਰ ਦੀ ਇਕੱਲੀ
ਰੋਜ਼ੀ-ਰੋਟੀ ਚਲਾਉਣ ਵਾਲੇ ਸਨਪ੍ਰੀਤ ਮਾਂਗਟ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇ ਅਤੇ ਹੱਤਿਆ ਦੇ ਕੇਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਸਰਕਾਰ ਤੋਂ ਸਿਫਾਰਿਸ਼ ਕੀਤੀ ਜਾਵੇ। ਇਸ ਮੌਕੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁਖੀ, ਜ਼ਿਲਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਨਵਾਂਸ਼ਹਿਰ ਵਿਧਾਨ ਸਭਾ ਦੇ ਇੰਚਾਰਜ ਜਰਨੈਲ ਸਿੰਘ ਵਾਹਿਦ, ਗੁਰਬਖਸ਼ ਸਿੰਘ ਖਾਲਸਾ, ਸ਼ੰਕਰ ਦੁੱਗਲ, ਹੇਮੰਤ ਕੁਮਾਰ ਬੋਬੀ ਅਤੇ ਪਰਮ ਸਿੰਘ ਖਾਸਲਾ ਆਦਿ ਮੌਜੂਦ ਸਨ।