ਕੇਂਦਰ ਸਰਕਾਰ ''ਪੰਜਾਬ'' ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰੇ : ਪ੍ਰੋ. ਚੰਦੂਮਾਜਰਾ
Sunday, Nov 08, 2020 - 11:38 AM (IST)
ਜਲੰਧਰ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਡੋਹਲੇ ਖ਼ੂਨ ਤੋਂ ਲੈ ਕੇ ਭਾਰਤ ਦੀ ਭੁੱਖਮਰੀ ਦੂਰ ਕਰਨ 'ਚ ਪੰਜਾਬੀਆਂ ਵੱਲੋਂ ਪਾਏ ਅਹਿਮ ਯੋਗਦਾਨ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਵਿਸ਼ੇਸ਼ ਸਨਮਾਨ ਦਾ ਹੱਕਦਾਰ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕਿਸਾਨਾਂ ਨਾਲ ਗੱਲਬਾਤ ਕਰਕੇ ਵਿਸ਼ੇਸ਼ ਹੱਲ ਕੱਢਣ 'ਤੇ ਧਿਆਨ ਦੇਣਾ ਚਾਹੀਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਕਾਨੂੰਨਾਂ ਨੂੰ ਲੈਕੇ ਦੇਸ਼ ਦੇ ਕਿਸਾਨਾਂ ਪ੍ਰਤੀ ਅਪਣਾਇਆ ਜਾ ਰਿਹਾ ਸਖਤ ਵਤੀਰਾ ਦੇਸ਼ ਦੀ ਆਰਥਿਕਤਾ ਲਈ ਵੱਡਾ ਨੁਕਸਾਨਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦਾ ਕਿਸਾਨਾਂ ਨਾਲ ਟਕਰਾਅ ਵਾਲਾ ਸਟੈਂਡ ਦੇਸ਼ ਦੇ ਹਿੱਤ 'ਚ ਨਹੀਂ।
ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਬੰਦ ਕਰਨ ਅਤੇ ਆਰ. ਡੀ. ਐੱਫ਼ 'ਤੇ ਸਵਾਲ ਖੜ੍ਹੇ ਕਰਕੇ ਸੂਬੇ ਦੀ ਕੀਤੀ ਗਈ ਆਰਥਿਕ ਘੇਰਾਬੰਦੀ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ 'ਤੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਤੱਕ ਦਾ ਜ਼ੁਰਮਾਨਾ ਲਗਾਉਣ ਜਿਹੇ ਕਾਨੂੰਨ ਪੰਜਾਬੀਆਂ ਨੂੰ ਡਰਾਉਣ ਅਤੇ ਬਦਨਾਮ ਕਰਨ ਵਾਲੇ ਜਾਪ ਰਹੇ ਹਨ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਬਾਹਰ ਸਾਬਕਾ ਪੰਚਾਇਤ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਵਾਲੇ ਚੜ੍ਹੇ ਪੁਲਸ ਅੜਿੱਕੇ
ਚੰਦੂਮਾਜਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸ਼ੰਘਰਸ ਹੁਣ ਸੂਬੇ ਤੋਂ ਬਾਹਰ ਨਿਕਲ ਕੇ ਦੇਸ਼ਵਿਆਪੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਨ੍ਹਾਂ ਸ਼ੰਘਰਸਾਂ ਵਿਚੋਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵੀ ਸੁਰ ਉੱਠੀ ਹੈ। ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਵਲੋਂ ਲਗਾਤਾਰ ਰਾਜ ਦੀ ਸੂਚੀ ਵਾਲੇ ਸਿੱਖਿਆ, ਖੇਤੀ, ਸਿਹਤ ਆਦਿ ਅਧਿਕਾਰ ਖੇਤਰਾਂ ਵਿਚ ਕੀਤੀ ਜਾ ਰਹੀ ਦਖ਼ਲਅੰਦਾਜੀ ਕਰ ਕੇ ਖੇਤਰੀ ਪਾਰਟੀਆਂ ਚਿੰਤਤ ਹਨ। ਉਨ੍ਹਾਂ ਕਿਹਾ ਕਿ ਕੇਂਦਰ ਰਾਜਾਂ ਨੂੰ ਵਿੱਤੀ ਤੌਰ 'ਤੇ ਲੰਗੜਾ ਕਰ ਕੇ ਸੰਘੀ ਢਾਂਚੇ ਦਾ ਗਲਾ ਘੁੱਟ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦ ਹੀ ਦੇਸ਼ ਦੀਆਂ ਹਮਖਿਆਲੀ ਖੇਤਰੀ ਪਾਰਟੀਆਂ ਨਾਲ ਮਿਲਕੇ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਲੜੇਗੀ। ਇਸ ਸਮੇਂ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਸੰਸਦਾਂ ਨਾਲ ਰੇਲ ਮੰਤਰੀ ਦਾ ਵਰਤਾਅ ਲੋਕਰਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ।