ਹਸਪਤਾਲ 'ਚ ਇਲਾਜ ਅਧੀਨ ਗਰਭਵਤੀ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ (ਵੀਡੀਓ)
Friday, Sep 29, 2017 - 01:40 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਇਥੋਂ ਦੇ ਲੁਧਿਆਣਾ ਬੱਚਿਆਂ ਦੇ ਹਸਪਤਾਲ 'ਚ ਜ਼ੇਰੇ ਇਲਾਜ ਗਰਭਵਤੀ ਔਰਤ ਦੀ ਉਸ ਦੇ ਪੇਟ 'ਚ ਪਲ ਰਹੇ ਦੋ ਬੱਚਿਆਂ ਸਮੇਤ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਰਜਿੰਦਰ ਕੌਰ, ਜੋ ਕਿ ਮਲੋਟ ਦੀ ਵਾਸੀ ਸੀ ਦਾ ਟੈਸਟ ਟਿਊਬ ਬੇਬੀ ਰਾਹੀਂ ਸਥਾਨਕ ਹਸਪਤਾਲ 'ਚ ਇਲਾਜ ਚਲ ਰਿਹਾ ਸੀ। ਔਰਤ ਤੇ ਦੋਵਾਂ ਬੱਚਿਆਂ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਹਨ। ਮ੍ਰਿਤਕ ਔਰਤ ਦੇ ਪਤੀ ਮਹਿਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ 2 ਮਹੀਨੇ ਦੀ ਗਰਭਵਤੀ ਸੀ ਤੇ ਉਸ ਦਾ ਟੈਸਟ ਟਿਊਬ ਬੇਬੀ ਰਾਹੀਂ ਇਲਾਜ ਹੋ ਰਿਹਾ ਸੀ, ਜਦ ਉਹ ਕਲ ਚੈਕਅਪ ਲਈ ਆਏ ਤਾਂ ਗਰਭਵਤੀ ਪਤਨੀ ਨੂੰ ਪਹਿਲੀ ਮੰਜ਼ਿਲ 'ਤੇ ਜਾਣ ਲਈ ਵ੍ਹੀਲ ਚੇਅਰ ਤਕ ਨਹੀਂ ਦਿੱਤੀ ਗਈ ਤੇ ਅਜਿਹੇ 'ਚ ਪੌੜੀਆਂ ਰਾਹੀਂ ਜਾਣ 'ਤੇ ਉਸ ਨੂੰ ਸਾਹ ਚੜ੍ਹ ਗਿਆ ਤੇ ਉਸ ਦੀ ਹਾਲਤ ਵਿਗੜ ਗਈ ਤੇ ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਗਲਤ ਟਿਕੇ ਲਗਾ ਦਿੱਤੇ ਜਿਸ ਕਾਰਨ ਉਸ ਦੀ ਪਤਨੀ ਤੇ ਉਸ ਦੇ ਪੇਟ 'ਚ ਪਲ ਰਹੇ ਦੋਵਾਂ ਬੱਚਿਆਂ ਦੀ ਮੌਤ ਹੋ ਗਈ।
ਦੂਜੇ ਪਾਸੇ ਇਸ ਸੰਬੰਧੀ ਹਸਪਤਾਲ ਪ੍ਰੰਬਧਕਾਂ ਦਾ ਕਹਿਣਾ ਹੈ ਕਿ ਇਲਾਜ ਅਧੀਨ ਔਰਤ ਹਾਰਟ ਫੇਲ ਵਾਲੀ ਸਥਿਤੀ 'ਚ ਪਹੁੰਚ ਚੁੱਕੀ ਸੀ, ਜਿਸ ਕਾਰਨ ਉਸ ਨੂੰ ਲੁਧਿਆਣਾ ਡੀ. ਐੱਮ. ਸੀ. ਰੈਫਰ ਕੀਤਾ ਗਿਆ ਤੇ ਉਸ ਦੀ ਮੌਤ ਹੋ ਗਈ। ਦੋਵਾਂ ਬੱਚਿਆਂ ਦੀ ਮੌਤ ਹਸਪਤਾਲ 'ਚ ਹੋ ਚੁੱਕੀ ਸੀ ਕਿਉਂਕਿ ਮਾਂ ਦੀ ਹਾਲਤ ਖਰਾਬ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਸੀਂ ਔਰਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਹਸਪਤਾਲ 'ਚ ਕਿਸੇ ਕਿਸਮ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਗਈ।
ਹਸਪਤਾਲ 'ਚ ਗਰਭਵਤੀ ਔਰਤ ਤੇ ਦੋ ਬੱਚਿਆਂ ਦੀ ਮੌਤ ਸੰਬੰਧੀ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਸ਼ਿਕਾਇਤ ਦੇ ਮੱਦੇਨਜ਼ਰ ਡਾਕਟਰਾਂ ਦਾ ਇਕ ਬੋਰਡ ਬਨਾਉਣ ਲਈ ਚੀਫ ਮੈਡੀਕਲ ਅਫਸਰ ਨੂੰ ਲਿਖਿਆ ਗਿਆ ਹੈ, ਉਹ ਬੋਰਡ ਜਾਂਚ ਕਰਕੇ ਜੋ ਰਿਪੋਰਟ ਦੇਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
