ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇਗੀ ਭਾਰਤ ਦੀ ਪਹਿਲੀ ਦਿਵਿਆਂਗ ਪੰਜਾਬਣ, ਕੈਪਟਨ ਨੇ ਦਿੱਤੀ ਸ਼ਾਬਾਸ਼ੀ
Monday, Jul 20, 2020 - 11:32 PM (IST)
ਹੁਸ਼ਿਆਰਪੁਰ— ਕਹਿੰਦੇ ਨੇ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਅਜਿਹਾ ਹੀ ਕੁਝ ਹੁਸ਼ਿਆਰਪੁਰ ਦੀ ਰਹਿਣ ਵਾਲੀ 21 ਸਾਲਾ ਪ੍ਰਤਿਸ਼ਠਾ ਨੇ ਕਰਕੇ ਦਿਖਾਇਆ ਹੈ, ਜਿਸ ਨੇ ਵੱਡੀਆਂ ਮੱਲਾਂ ਮਾਰਦੇ ਹੋਏ ਇੰਗਲੈਂਡ 'ਚ ਆਕਸਫੋਰਡ ਯੂਨੀਵਰਸਿਟੀ 'ਚ ਦਾਖ਼ਲਾ ਹਾਸਲ ਕੀਤਾ ਹੈ। ਆਪਣੇ ਬਲਬੂਤੇ 'ਤੇ ਇਹ ਵੱਡੀ ਉਪਲੱਬਧੀ ਹਾਸਲ ਕਰਨ ਵਾਲੀ ਉਕਤ ਲੜਕੀ ਭਾਰਤ ਦੀ ਪਹਿਲੀ ਦਿਵਿਆਂਗ ਲੜਕੀ ਬਣੀ ਹੈ। ਹੁਣ ਇਹ ਆਕਸਫੋਰਡ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ 'ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰੇਗੀ।
ਉਸ ਦੀਆਂ ਕਲਾਸਾਂ ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਹਨ। ਇਸ ਉਪਲੱਬਧੀ ਲਈ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਕਰਕੇ ਉਸ ਦੀ ਹੌਂਸਲਾ ਵਧਾਇਆ ਹੈ। 21 ਸਾਲਾ ਪ੍ਰਤਿਸ਼ਠਾ ਦਾ ਮਕਸਦ ਆਈ. ਏ. ਐੱਸ. ਅਧਿਕਾਰੀ ਬਣਨਾ ਹੈ। ਮੁੱਖ ਮੰਤਰੀ ਦੀ ਸ਼ਾਬਾਸ਼ੀ ਨੇ ਉਸ 'ਚ ਹੋਰ ਜ਼ਿਆਦਾ ਉਤਸ਼ਾਹ ਵਧਾ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਜ਼ ਵਧ ਗਏ ਹਨ।
ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਬਾਸ਼ੀ ਦਿੰਦੇ ਹੋਏ ਆਪਣੀ ਫੇਸਬੁੱਕ 'ਤੇ ਲਿਖਿਆ ਹੈ, ''ਪੰਜਾਬ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਦੀ ਇੱਛਾ ਸ਼ਕਤੀ ਅਤੇ ਹਿੰਮਤ ਸੱਚਮੁੱਚ ਪ੍ਰੇਰਣਾਦਾਇਕ ਹੈ। ਪ੍ਰਤਿਸ਼ਠਾ ਭਾਰਤ ਦੀ ਪਹਿਲੀ ਬੱਚੀ ਹੈ ਜੋ ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਮਾਸਟਰ ਪ੍ਰੋਗਰਾਮ ਲਈ ਆਕਸਫੋਰਡ ਜਾ ਰਹੀ ਹੈ ਅਤੇ ਇਹ ਉਸ ਹਰ ਨੌਜਵਾਨ ਲਈ ਪ੍ਰੇਰਣਾਤਮਕ ਗੱਲ ਹੈ, ਜੋ ਆਪਣੀ ਜ਼ਿੰਦਗੀ 'ਚ ਕੁਝ ਕਰਨ ਦੀ ਇੱਛਾ ਰੱਖਦਾ ਹੈ। ਮੈਂ ਇਸ ਪਿਆਰੀ ਬੱਚੀ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਅੱਗੇ ਜਾ ਕੇ ਭਾਰਤ ਦੇਸ਼ ਦਾ ਨਾਮ ਹੋਰ ਰੌਸ਼ਨ ਕਰੇਗੀ। ਵਾਹਿਗੁਰੂ ਤੁਹਾਡੇ 'ਤੇ ਸਦਾ ਮਿਹਰ ਬਣਾਈ ਰੱਖੇ ਬੇਟਾ।''
13 ਸਾਲ ਦੀ ਉਮਰ 'ਚ ਹੋਈ ਸੀ ਹਾਦਸੇ ਦਾ ਸ਼ਿਕਾਰ
ਪ੍ਰਤਿਸ਼ਠਾ ਬਚਪਨ ਤੋਂ ਹੀ ਸਿਵਲ ਸੇਵਾ 'ਚ ਜਾਣਾ ਚਾਹੁੰਦੀ ਸੀ। ਇਸ ਦੌਰਾਨ ਇਕ ਹਾਦਸੇ ਨੇ ਉਸ ਦੀਆਂ ਉਮੀਦਾਂ ਨੂੰ ਥੋੜ੍ਹਾ ਝਟਕਾ ਜ਼ਰੂਰ ਦਿੱਤਾ ਪਰ ਉਸ ਦੇ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ। 2011 'ਚ ਜਦੋਂ ਪ੍ਰਤਿਸ਼ਠਾ 13 ਸਾਲਾ ਦੀ ਸੀ ਤਾਂ ਚੰਡੀਗੜ੍ਹ ਜਾਂਦੇ ਸਮੇਂ ਕਾਰ ਹਾਦਸੇ 'ਚ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ 'ਚ ਰੀੜ ਦੀ ਹੱਡੀ 'ਤੇ ਸੱਟਣ ਲੱਗਣ ਨਾਲ ਛਾਤੀ ਦਾ ਹੇਠਲਾ ਹਿੱਸਾ ਪੈਰਾਲਾਈਜ਼ ਹੋ ਗਿਆ ਸੀ। ਉਹ ਉਦੋਂ ਤੋਂ ਲੈ ਕੇ ਹੁਣ ਤੱਕ ਵ੍ਹੀਲਚੇਅਰ 'ਤੇ ਹੈ।
12ਵੀਂ 'ਚ ਕੀਤਾ ਸੀ ਟੌਪ
ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਵੀ ਪ੍ਰਤਿਸ਼ਠਾ ਨੇ ਕਦੇ ਵੀ ਮਿਹਨਤ ਦਾ ਦਾਮਨ ਨਹੀਂ ਛੱਡਿਆ। ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਤੋਂ 12ਵੀਂ ਜਮਾਤ 'ਚ ਟੌਪ ਕੀਤਾ। ਇਸ ਦੇ ਬਾਅਦ ਉਸ ਨੇ ਪਰਿਵਾਰ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਉਹ ਪੜ੍ਹਾਈ ਦੇ ਲਈ ਦਿੱਲੀ ਚਲੀ ਗਈ। ਉਹ ਲੇਡੀ ਸ਼੍ਰੀਰਾਮ ਕਾਲਜ ਫਾਰ ਵੂਮੈਨ ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ 'ਚ ਬੀ. ਏ. ਕਰ ਰਹੀ ਹੈ। ਤਿੰਨ ਸਾਲਾਂ ਤੋਂ ਉਹ ਇਕੱਲੇ ਹੀ ਰਹਿ ਰਹੀ ਹੈ। ਪ੍ਰਤਿਸ਼ਠਾ ਦੇ ਪਿਤਾ ਮੁਨੀਸ਼ ਸ਼ਰਮਾ ਹੁਸ਼ਿਆਰਪੁਰ 'ਚ ਹੀ ਡੀ. ਐੱਸ. ਪੀ. ਸਪੈਸ਼ਲ ਬਰਾਂਚ ਤਾਇਨਾਤ ਹਨ ਅਤੇ ਮਾਂ ਅਧਿਆਪਕਾ ਹੈ। ਪ੍ਰਤਿਸ਼ਠਾ ਦਿਵਿਆਂਗਾਂ ਦੇ ਅਧਿਕਾਰਾਂ ਨੂੰ ਲੈ ਕੇ ਸਰਗਰਮ ਭੂਮਿਕਾ ਨਿਭਾਅ ਰਹੀ ਹੈ।
ਸਫਰ ਸੀ ਔਖਾ ਪਰ ਫਿਰ ਵੀ ਕੀਤਾ ਤੈਅ
ਪ੍ਰਤਿਸ਼ਠਾ ਕਹਿੰਦੀ ਹੈ ਕਿ ਦਿੱਲੀ ਜਾਣ ਦਾ ਫੈਸਲਾ ਬਹੁਤ ਹੀ ਮੁਸ਼ਕਿਲ ਵਾਲਾ ਸੀ। ਮਾਂ-ਪਿਤਾ ਹੁਸ਼ਿਆਰਪੁਰ 'ਚ ਰਹਿੰਦੇ ਸਨ ਤਾਂ ਮੈਂ ਦਿੱਲੀ ਕਿਵੇਂ ਰਹਿ ਸਕਦੀ ਸੀ, ਇਹੀ ਇਕ ਵੱਡਾ ਸਵਾਲ ਸੀ। ਫਿਰ ਸੋਚਿਆ ਜ਼ਿੰਦਗੀ 'ਚ ਕੁਝ ਕਰਨਾ ਹੈ ਤਾਂ ਰਿਸਕ ਤਾਂ ਲੈਣਾ ਹੀ ਪੈਣਾ ਹੈ। ਇਹ ਸੋਚ ਕੇ ਉਸ ਨੇ ਦਿੱਲੀ ਵੱਲ ਰੁਖ ਕੀਤਾ। ਉਥੇ ਉਸ ਨੂੰ ਵ੍ਹੀਲਚੇਅਰ ਦੇ ਹਿਸਾਬ ਨਾਲ ਘਰ ਦੀ ਭਾਲ ਕਰਨ 'ਚ ਲਗਭਗ 6 ਮਹੀਨੇ ਲੱਗ ਗਏ। ਕੋਈ ਸਾਧਨ ਨਾ ਮਿਲਣ 'ਤੇ ਮੈਂ 8 ਤੋਂ 10 ਕਿਲੋਮੀਟਰ ਦਾ ਸਫਰ ਵ੍ਹੀਲਚੇਅਰ 'ਤੇ ਹੀ ਤੈਅ ਕੀਤਾ। ਵ੍ਹੀਲਚੇਅਰ ਲੈ ਕੇ ਬਸ ਤੋਂ ਸਫਰ ਕਰਨਾ ਮੁਮਕਿਨ ਨਹੀਂ ਹੈ। ਕੈਬ ਹੀ ਇਕ ਮਾਤਰ ਰਸਤਾ ਹੁੰਦਾ ਸੀ।