ਸਿੱਧੂ ਨੂੰ ਲੈ ਕੇ ਕਾਟੋ-ਕਲੇਸ਼ ਜਾਰੀ, ਬਾਜਵਾ ਬੋਲੇ, ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਕੱਟ ਦੇਣਾ ਚਾਹੀਦੈ
Wednesday, Jan 24, 2024 - 07:14 PM (IST)
ਜਲੰਧਰ (ਸੋਨੂੰ)- ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅੱਜ ਮਿਸ਼ਨ-2024 ਦੀ ਮੀਟਿੰਗ ਲਈ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਾਂਗਰਸ ਲੀਡਰਸ਼ਿਪ ਦੇ ਸਮੂਹ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਪੰਜਾਬ 'ਚ ਗਠਜੋੜ ਬਾਰੇ ਕਾਂਗਰਸ ਹਾਈਕਮਾਂਡ ਨੂੰ ਜਾਣਕਾਰੀ ਦੇਣ ਲਈ ਕਿਹਾ। ਉਕਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਦਵਿੰਦਰ ਯਾਦਵ ਨੂੰ 'ਆਪ' ਨਾਲ ਗਠਜੋੜ ਨਾ ਕਰਨ ਦੀ ਗੱਲ ਆਖੀ। ਦਵਿੰਦਰ ਯਾਦਵ ਨੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਿਸੇ ਨਵੇਂ ਚਿਹਰੇ ਨੂੰ ਚੋਣ ਲੜਾਉਣ ਦਾ ਸੰਕੇਤ ਦਿੱਤਾ ਹੈ।
ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਮੀਟਿੰਗ ਵਿੱਚ ਨਾ ਆਉਣ ਬਾਰੇ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਤੋਂ ਬੇਸ਼ੱਕ ਥੋੜ੍ਹਾ ਝਿਜਕਦੇ ਨਜ਼ਰ ਆਏ ਅਤੇ ਕਿਹਾ ਕਿ ਕਾਂਗਰਸ ਦੀ ਸਾਰੀ ਲੀਡਰਸ਼ਿਪ ਇਥੇ ਮੌਜੂਦ ਹੈ। ਉਨ੍ਹਾਂ ਕਿਹਾ ਕਿ 'ਆਪ' ਨਾਲ ਗਠਜੋੜ ਸਬੰਧੀ ਉਹ ਕਾਂਗਰਸ ਹਾਈਕਮਾਂਡ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਦਾ ਨਾਂ ਲਏ ਬਿਨਾਂ ਚਿਤਾਵਨੀ ਦਿੱਤੀ। ਦੇਵੇਂਦਰ ਯਾਦਵ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਵਰਕਰਾਂ ਦੀ ਸ਼ਿਕਾਇਤ ਹੈ ਕਿ ਅਨੁਸ਼ਾਸਨ ਤੋੜਨ ਵਾਲੇ ਛੋਟੇ ਨੇਤਾਵਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ, ਵੱਡੇ ਨੇਤਾਵਾਂ 'ਤੇ ਨਹੀਂ। ਮੈਂ ਪਾਰਟੀ ਹਾਈਕਮਾਂਡ ਨੂੰ ਦੱਸਾਂਗਾ। ਕਿਸੇ ਵੀ ਆਗੂ ਨੂੰ ਪਾਰਟੀ ਅਨੁਸ਼ਾਸਨ ਤੋੜਨ ਦਾ ਅਧਿਕਾਰ ਨਹੀਂ ਹੈ। ਭਾਵੇਂ ਉਹ ਵੱਡਾ ਆਗੂ ਹੋਵੇ ਜਾਂ ਛੋਟਾ।
ਯਾਦਵ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ 11 ਫਰਵਰੀ ਨੂੰ ਪੰਜਾਬ ਆਉਣਗੇ। ਖੜਗੇ ਦਾ ਪ੍ਰੋਗਰਾਮ ਕਿਥੇ ਹੋਵੇਗਾ, ਇਸ ਬਾਰੇ ਅਜੇ ਕੋਈ ਠੋਸ ਸਥਾਨ ਤੈਅ ਨਹੀਂ ਕੀਤਾ ਗਿਆ ਹੈ। ਉਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਉਸ ਨੂੰ ਕੱਟ ਦੇਣਾ ਚਾਹੀਦਾ ਹੈ, ਨਹੀਂ ਤਾਂ ਬਾਅਦ ਵਿੱਚ ਲੱਤ ਕੱਟਣੀ ਪੈ ਸਕਦੀ ਹੈ। ਇਸ ਨਾਲ ਹੋਰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਘਟਨਾ, ਕਿੰਨਰ ਨੂੰ ਨਗਨ ਕਰਕੇ ਕੀਤੀ ਕੁੱਟਮਾਰ, ਫਿਰ ਵੀਡੀਓ ਬਣਾ ਕੀਤੀ ਵਾਇਰਲ
ਜਲੰਧਰ ਸੀਟ 'ਤੇ ਉਮੀਦਵਾਰ ਦੀ ਤਲਾਸ਼
ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਜਲੰਧਰ ਲੋਕ ਸਭਾ ਸੀਟ 'ਤੇ ਉਮੀਦਵਾਰ ਦੀ ਤਲਾਸ਼ ਵਿਚ ਕਾਂਗਰਸ ਭਵਨ ਵਿਚ ਨੇਤਾਵਾਂ ਦੀ ਮੀਟਿੰਗ ਲੈਣ ਪਹੁੰਚੇ ਹਨ। ਮੀਟਿੰਗ ਵਿਚ ਜ਼ਿਆਦਾਤਰ ਨੇਤਾਵਾਂ ਨੇ ਸਾਬਕਾ ਸੰਸਦ ਮੈਂਬਰ ਸੰਤੋਖ ਿਸੰਘ ਚੌਧਰੀ ਦੀ ਪਤਨੀ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਉਣ ਦੀ ਪੈਰਵੀ ਕੀਤੀ। ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਵੀ ਪ੍ਰਸਤਾਵ ਕੁਝ ਨੇਤਾਵਾਂ ਨੇ ਰੱਖਿਆ। ਫਿਲਹਾਲ ਕਿਸੇ ਦਾ ਨਾਂ ਫਾਈਨਲ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮਜੀਠੀਆ ਨੇ ਦੱਸਿਆ ਮੰਤਰੀ ਦਾ ਨਾਂ, ਗਵਰਨਰ ਨੂੰ ਸੌਂਪੀ ਵੀਡੀਓ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।