ਪ੍ਰਤਾਪ ਸਿੰਘ ਬਾਜਵਾ ਨੇ ਵਿਅੰਗਮਈ ਢੰਗ ਨਾਲ ਮੁੜ ਦੁਹਰਾਈ ਬਟਾਲਾ ਸਬੰਧੀ ਦਾਅਵੇਦਾਰੀ
Monday, Sep 20, 2021 - 10:40 PM (IST)
ਗੁਰਦਾਸਪੁਰ (ਹਰਮਨ) : ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਸਵਾਗਤ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਹਾਈਕਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੰਦੀ ਹੈ। ਬਾਜਵਾ ਨੇ ਕਿਹਾ ਕਿ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਵੱਡੀਆਂ ਉਮੀਦਾਂ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਚੰਨੀ ਸਾਰੀਆਂ ਉਮੀਦਾਂ 'ਤੇ ਖਰੇ ਉਤਰਨਗੇ। ਦੂਜੇ ਪਾਸੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੜ ਬੁਲੰਦ ਆਵਾਜ਼ ’ਚ ਕਿਹਾ ਹੈ ਕਿ ਉਨ੍ਹਾਂ ਦਾ ਸਟੈਂਡ ਅੱਜ ਵੀ ਸਪੱਸ਼ਟ ਹੈ ਅਤੇ ਉਹ ਅਜੇ ਵੀ ਪਹਿਲਾਂ ਵਾਂਗ ਬਟਾਲਾ ਅਤੇ ਜ਼ਿਲ੍ਹੇ ਅੰਦਰ ਸਰਗਰਮ ਹਨ। ਉਨ੍ਹਾਂ ਵਿਅੰਗਮਈ ਢੰਗ ਨਾਲ 'ਚੌਪਰ' ਦੀ ਲੈਂਡਿੰਗ ਵਾਲੀ ਉਦਾਹਰਨ ਮੁੜ ਦੁਹਰਾਉਂਦਿਆਂ ਕਿਹਾ ਕਿ ਬੇਸ਼ੱਕ ਕੁਝ ਧੂੜ ਉਡੀ ਹੈ ਪਰ ਧੂੜ ਬੈਠਣ ਦੇ ਬਾਅਦ ਚੌਪਰ ਮੁੜ ਲੈਡਿੰਗ ਲਈ 'ਰੈਕੀ' ਵੀ ਕਰੇਗਾ ਅਤੇ 'ਲੈਂਡ' ਵੀ ਕਰੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਜਵਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੀ
ਇਹ ਵੀ ਪੜ੍ਹੋ : ਸਿੱਧੂ ਨੇ ਦਿੱਤਾ ਬ੍ਰਹਮ ਮਹਿੰਦਰਾ ਨੂੰ ਝਟਕਾ : ਡਿਪਟੀ ਸੀ. ਐੱਮ. ਦੇ ਵਧਾਈ ਬੋਰਡ ਵੀ ਰਹਿ ਗਏ ਨਾਤੇ ਧੋਤੇ
ਕਿਸੇ ਹਲਕੇ ਵਿਚ ਚੋਣ ਲੜਨ ਦੇ ਕੀਤੇ ਗਏ ਦਾਅਵੇ ਦੇ ਚਲਦਿਆਂ ਜਦੋਂ ਬਟਾਲਾ ’ਚ ਪੱਤਰਤਾਰਾਂ ਨੇ ਬਾਜਵਾ ਨੂੰ ਸਵਾਲ ਕੀਤੇ ਸਨ ਤਾਂ ਬਾਜਵਾ ਨੇ ਚੌਪਰ ਦੀ ਉਦਾਹਰਨ ਦਿੰਦਿਆਂ ਕਿਹਾ ਸੀ ਕਿ ਜਦੋਂ ਚੌਪਰ ਨੇ ਕਿਤੇ ਲੈਂਡ ਕਰਨਾ ਹੁੰਦਾ ਹੈ ਤਾਂ ਚੌਪਰ ਲੈਡਿੰਗ ਵਾਲੇ ਖੇਤਰ ਉਪਰ ਹੀ ਚੱਕਰ ਕੱਟਦਾ ਹੈ। ਬਾਜਵਾ ਦੇ ਇਸ ਜਵਾਬ ਕਾਰਨ ਇਹੀ ਸਮਝਿਆ ਜਾ ਰਿਹਾ ਸੀ ਕਿ ਬਾਜਵਾ ਨਿਸ਼ਚਿਤ ਤੌਰ ’ਤੇ ਬਟਾਲਾ ਤੋਂ ਹੀ ਚੋਣ ਲੜਨ ਦੇ ਇਛੁੱਕ ਹਨ, ਜਿਸ ਕਾਰਨ ਉਨ੍ਹਾਂ ਨੇ ਬਟਾਲਾ ਵਿਚ ਚੇਅਰਮੈਨ ਅਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਹੁਣ ਬਦਲੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਲੋਕਾਂ ਦੀਆਂ ਨਜ਼ਰਾਂ ਮੁੜ ਪ੍ਰਤਾਪ ਸਿੰਘ ਬਾਜਵਾ ਦੇ ਅਗਲੇ ਪ੍ਰਤੀਕਰਮ ’ਤੇ ਟਿਕਿਆ ਹੋਇਆ ਸੀ। ਅੱਜ ਬਾਜਵਾ ਵੱਲੋਂ ਮੁੜ ਦੁਹਰਾਏ ਗਏ ਸਟੈਂਡ ਦੇ ਬਾਅਦ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਸਮੇਂ ’ਚ ਰਾਜਨੀਤੀ ਕਿਸ ਕਰਵਟ ਬੈਠਦੀ ਹੈ।
ਇਹ ਵੀ ਪੜ੍ਹੋ : ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਕੀਤੀ ਇਹ ਵੱਡੀ ਮੰਗ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ