ਪ੍ਰਸ਼ਾਂਤ ਕਿਸ਼ੋਰ ਵੱਡਾ ਰਾਜਸੀ ਠੱਗ ਹੈ, ਪੰਜਾਬ ਦੇ ਲੋਕ ਸੁਚੇਤ ਰਹਿਣ : ਬੀਰ ਦਵਿੰਦਰ ਸਿੰਘ

06/07/2020 7:18:51 PM

ਪਟਿਆਲਾ (ਰਾਜੇਸ਼) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਵੇਂ-ਜਿਵੇਂ 2022 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਯਾਦ ਸਤਾਉਣ ਲੱਗੀ ਹੈ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੀ ਨਾਟ-ਮੰਡਲੀ ਨੇ ਹੀ 2017 ਦੀਆਂ ਆਮ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਭਰਮਾਂ ਵਿਚ ਪਾ ਕੇ ਲੋਕ-ਲੁਭਾਉਣੇ ਚੋਣ ਭਰੋਸਿਆਂ ਦੀ ਕਪਟੀ ਝਲਕ ਦਿਖਾ ਕੇ ਸਮੁੱਚੇ ਪੰਜਾਬ ਨੂੰ ਠੱਗ ਲਿਆ ਸੀ। ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੀ ਚੋਣ ਵਾਅਦ ਪੂਰਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਲਈ ਬੇਹੱਦ ਝੂਠਾ ਮੁੱਖ ਮੰਤਰੀ ਸਾਬਿਤ ਹੋਇਆ ਹੈ ਜੋ ਲੋਕਾਂ ਨਾਲ ਕੀਤੇ ਆਪਣੇ ਹਰ ਕੌਲ ਤੋਂ ਮੁੱਕਰ ਚੁੱਕਾ ਹੈ। ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿਚ, ਪ੍ਰਸ਼ਾਂਤ ਕਿਸ਼ੋਰ ਹੀ ਇਕ ਛਲੀਏ ਦੇ ਰੂਪ ਵਿਚ 2017 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਸੂਤਰਧਾਰ ਬਣਿਆ ਸੀ। ਪ੍ਰਸ਼ਾਂਤ ਕਿਸ਼ੋਰ ਤਾਂ ਨੋਟਾਂ ਦੇ ਸੂਟਕੇਸ ਲੈ ਕੇ ਆਪਣੀ ਨਾਟ ਮੰਡਲੀ ਸਮੇਤ ਚੋਣਾਂ ਤੋ ਪਿੱਛੋਂ ਚਲਦਾ ਬਣਿਆ ਪਰ ਉਸ ਵੱਲੋਂ ਮਾਰੀ ਗਈ ਪੰਜਾਬ ਨਾਲ ਸਮੂਹਿਕ ਠੱਗੀ ਦਾ ਸੰਤਾਪ ਪਿਛਲੇ ਤਿੰਨ ਸਾਲਾਂ ਤੋਂ ਸਾਰਾ ਪੰਜਾਬ ਭੋਗ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਲੋਕਤੰਤਰ ਦਾ ਭੋਗ ਪਾਉਣ ਲਈ ਕੰਮ ਕਰ ਰਿਹਾ ਹੈ। ਉਹ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੌਦੇਬਾਜ਼ੀ ਕਰਕੇ ਆਪਣੀਆਂ ਚਾਲਾਂ ਖੇਡਦਾ ਹੈ, ਜਿਸ ਨਾਲ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ : ਇਕ ਦੇਸ਼ ਇਕ ਮੰਡੀ ਦਾ ਫੈਸਲਾ ਗਲਤ, ਪ੍ਰਧਾਨ ਮੰਤਰੀ ਨਾਲ ਕਰਾਂਗਾ ਗੱਲ : ਕੈਪਟਨ 

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਇਸ ਵੇਲੇ ਪ੍ਰਸ਼ਾਂਤ ਕਿਸ਼ੋਰ ਸੱਤਾ ਦਾ ਸਭ ਤੋਂ ਵੱਡਾ ਦਲਾਲ ਅਤੇ ਰਾਜਸੀ ਠੱਗ ਹੈ। ਇਸ ਦੀ ਨਾਟ ਮੰਡਲੀ ਦਾ ਅਕਾਰ ਬੜਾ ਵੱਡਾ ਹੈ, ਇਹ ਨਾਟ ਮੰਡਲੀ ਭਾਰਤ ਨੂੰ ਠੱਗਣ ਵਾਲੀ, ਈਸਟ ਇੰਡੀਆ ਕੰਪਨੀ ਦਾ ਦੂਜਾ ਰੂਪ ਹੈ। ਇਸਦੀ ਆਪਣੀ ਕੋਈ ਵੀ ਰਾਜਨੀਤਕ ਵਿਚਾਰਧਾਰਾ ਨਹੀਂ ਹੈ। ਇਸਦਾ ਇਕੋ ਇਕ ਮਕਸਦ ਸਿਰਫ ਪੈਸਾ ਹੈ। 2022 ਦੀਆਂ ਚੋਣਾਂ ਦੀ ਆਮਦ ਦੇ ਮੱਦੇ ਨਜ਼ਰ ਇਸ ਨੇ ਵੱਡੀ ਠੱਗੀ ਮਾਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਭਾਵੇਂ ਇਹ ਸਾਰੀਆਂ ਹੀ ਪਾਰਟੀਆਂ ਦੇ ਮੁੱਖ ਆਗੂਆਂ ਅੱਗੇ ਆਪਣੀ ਸ਼ਤਰੰਜ ਦੀ ਬਿਸਾਤ ਵਿਛਾ ਦਿੰਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਇਸ ਦਾ ਸਭ ਤੋਂ ਵੱਡਾ ਗਾਹਕ ਹੈ।

ਇਹ ਵੀ ਪੜ੍ਹੋ : 2022 ਵਿਧਾਨ ਸਭਾ ਚੋਣਾਂ ਲਈ 'ਆਪ' ਫਰੋਲਣ ਲੱਗੀ ਸਿਆਸੀ ਜ਼ਮੀਨ, ਸਿੱਧੂ ਬਣੇ ਚਰਚਾ ਦਾ ਵਿਸ਼ਾ      

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੁੱਸੇ ਹੋਏ ਵਜ਼ੀਰਾਂ ਅਤੇ ਕਾਂਗਰਸ ਦੇ ਬਗਾਵਤੀ ਸੁਰ ਵਿਚ ਬੋਲਣ ਵਾਲੇ ਵਿਧਾਇਕਾਂ ਨੂੰ ਭਰੋਸੇ ਵਿਚ ਲੈ ਕੇ ਇਹ ਆਖ ਕੇ ਸ਼ਾਂਤ ਕੀਤਾ ਹੈ ਕਿ ਨਜਾਇਜ਼ ਸਾਧਨਾਂ ਰਾਹੀਂ ਜੋ ਧਨ ਇਕੱਠਾ ਕੀਤਾ ਜਾ ਰਿਹਾ ਹਾਂ ਉਸ ਵਿਚੋਂ 300 ਕਰੋੜ ਦੀ ਅਦਾਇਗੀ ਤਾਂ ਕੇਵਲ ਪ੍ਰਸ਼ਾਂਤ ਕਿਸ਼ੋਰ ਨੂੰ ਹੀ ਕਰਨੀ ਹੈ। ਪਿਛਲੀ ਚੋਣ ਸਮੇਂ ਵੀ ਉਸ ਨੂੰ ਇੰਨੀ ਵੱਡੀ ਰਾਸ਼ੀ ਦੀ ਅਦਾਇਗੀ ਕੀਤੀ ਗਈ ਸੀ ਤਾਂ ਹੀ ਤੁਸੀਂ ਵਿਧਾਇਕ ਅਤੇ ਵਜ਼ੀਰ ਬਣੇ ਬੈਠੇ ਹੋ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਿਲਸਿਲੇ ਵਿਚ ਕਾਂਗਰਸ ਹਾਈ ਕਮਾਂਡ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਰਚਿਆਂ ਦਾ ਹਵਾਲਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪ੍ਰਸ਼ਾਂਤ ਕਿਸ਼ੋਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਗਾਊਂ ਤਾੜਨਾ ਕਰਨੀ ਚਾਹੁੰਦਾ ਹੈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਪੰਜਾਬ ਦੇ ਲੋਕ ਜਾਗ ਚੁੱਕੇ ਹਨ। ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਕਿਸੇ ਕਿਸਮ ਦੀ ਠੱਗੀ ਪੰਜਾਬ ਵਿਚ ਚੱਲਣ ਨਹੀਂ ਦਿੱਤੀ ਜਾਵੇਗੀ ਅਤੇ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਵਿਚ ਹਰ ਤਰ੍ਹਾਂ ਦੇ ਸੰਚਾਰ ਸਾਧਨਾਂ, ਅਖ਼ਬਾਰਾਂ, ਬਿਜਲਈ ਮਾਧਿਅਮਾਂ ਅਤੇ ਸੋਸ਼ਲ ਮੀਡੀਏ ਰਾਹੀਂ, ਇਕ ਵਿਆਪਕ ਮੁਹਿੰਮ ਵਿੱਢੀ ਜਾਵੇਗੀ ਅਤੇ ਪੰਜਾਬ ਦੀ ਭਾਵੀ ਲੁੱਟ ਨੂੰ ਬਚਾਉਣ ਲਈ, ਕੈਪਟਨ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਭ੍ਰਿਸ਼ਟ ਗੱਠਜੋੜ ਨੂੰ ਹਰ ਚੌਂਕ-ਚੁਰਾਹੇ ਵਿਚ ਉਜਾਗਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 8 ਜੂਨ ਤੋਂ ਪੰਜਾਬ 'ਚ ਖੁੱਲ੍ਹਣਗੇ ਮਾਲਜ਼, ਹੋਟਲ ਤੇ ਰੈਸਟੋਰੈਂਟ, ਜਾਣੋ ਕੀ ਹਨ ਖਾਸ ਹਦਾਇਤਾਂ


Gurminder Singh

Content Editor

Related News