ਅਧਿਕਾਰੀਆਂ ਦੀ ਘਾਟ ਨਾਲ ਜੂਝ ਰਿਹਾ ਪਾਵਰਕਾਮ, ਸੂਬੇ ''ਚ ਸਿਰਫ 40 ਹਜ਼ਾਰ ਕਰਮਚਾਰੀ
Monday, Dec 04, 2017 - 10:40 AM (IST)
ਅੰਮ੍ਰਿਤਸਰ (ਰਮਨ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਾਲ 2016-17 'ਚ ਬਿਜਲੀ ਕਰਮਚਾਰੀਆਂ ਦੀ ਘਾਟ ਨਾਲ ਜੂਝਦਾ ਰਿਹਾ ਹੈ, ਜਿਸ ਦਾ ਸਿੱਧਾ ਸਬੂਤ ਦਸੰਬਰ ਮਹੀਨੇ 'ਚ ਦੇਖਣ ਨੂੰ ਮਿਲਿਆ। ਪਾਵਰਕਾਮ ਕੋਲ ਅਧਿਕਾਰੀਆਂ ਦੀ ਘਾਟ ਹੈ, ਜਿਸ ਨਾਲ ਸ਼ਹਿਰ 'ਚ ਕਈ ਮਹੱਤਵਪੂਰਨ ਸੀਟਾਂ ਖਾਲੀ ਪਈਆਂ ਹਨ। ਅੰਮ੍ਰਿਤਸਰ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਐੱਨ. ਕੇ. ਗਾਂਧੀ 30 ਨਵੰਬਰ ਨੂੰ ਰਿਟਾਇਰ ਹੋ ਗਏ ਸਨ ਤੇ ਐਕਸੀਅਨ ਜੰਡਿਆਲਾ ਦੀ ਸੀਟ ਖਾਲੀ ਪਈ ਹੋਈ ਹੈ, ਉਥੇ ਹੀ ਸ਼ਹਿਰ 'ਚ ਟੈਕਨੀਕਲ ਇੰਜੀਨੀਅਰ ਦੀਆਂ ਕਈ ਸੀਟਾਂ ਵੀ ਖਾਲੀ ਹਨ, ਜਿਸ ਦਾ ਸਿੱਧਾ ਅਸਰ ਫੀਲਡ 'ਚ ਕੰਮਾਂ 'ਤੇ ਪੈ ਰਿਹਾ ਹੈ। ਬਾਰਡਰ ਜ਼ੋਨ ਚੀਫ ਇੰਜੀਨੀਅਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਬਟਾਲਾ, ਪਠਾਨਕੋਟ ਆਦਿ ਸਰਹੱਦੀ ਇਲਾਕਿਆਂ ਨੂੰ ਸੰਭਾਲਦੇ ਹਨ ਪਰ ਅਜੇ ਤੱਕ ਸੀਟ ਖਾਲੀ ਪਈ ਹੋਈ ਹੈ।
ਜ਼ਿਆਦਾਤਰ ਟੈਕਨੀਕਲ ਸਟਾਫ ਦੀ ਘਾਟ
ਪਾਵਰਕਾਮ ਕੋਲ ਜ਼ਿਆਦਾਤਰ ਟੈਕਨੀਕਲ ਸਟਾਫ ਘੱਟ ਹੈ। ਪੈਡੀ ਸੀਜ਼ਨ ਹੋਵੇ ਜਾਂ ਸਰਦੀ, ਕੋਈ ਸ਼ਿਕਾਇਤ ਆਉਣ 'ਤੇ ਟੈਕਨੀਕਲ ਸਟਾਫ ਦੀ ਕਮੀ ਵਿਭਾਗ ਨੂੰ ਰੜਕਦੀ ਹੈ, ਜਿਸ ਨਾਲ ਦਫਤਰ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਟੈਕਨੀਕਲ ਟੀਮਾਂ 'ਚ ਲਾਇਆ ਜਾਂਦਾ ਹੈ।
ਇਕ ਸ਼ਿਕਾਇਤ ਦੇ ਹੱਲ ਲਈ ਲੱਗਦੇ ਹਨ ਘੱਟੋ-ਘੱਟ 2 ਘੰਟੇ
ਇਕ ਬਿਜਲੀ ਘਰ ਦੇ ਕਈ ਫੀਡਰਾਂ 'ਚ 2 ਕਰਮਚਾਰੀ ਹੀ ਸ਼ਿਕਾਇਤਾਂ 'ਤੇ ਕੰਮ ਕਰਦੇ ਹਨ, ਜਿਸ ਨਾਲ ਉਹ ਕਰਮਚਾਰੀ ਹੀ ਪੌੜੀ ਚੁੱਕ ਕੇ ਜਾਂਦੇ ਹਨ ਤੇ ਇਕ ਸ਼ਿਕਾਇਤ ਨੂੰ ਦੂਰ ਕਰਨ ਲਈ ਘੱਟੋ-ਘੱਟ 2 ਘੰਟੇ ਲਾ ਦਿੰਦੇ ਹਨ, ਜੇਕਰ ਵੱਧ ਸ਼ਿਕਾਇਤਾਂ ਆਈਆਂ ਹੋਣ ਤਾਂ ਉਹ ਸਵੇਰ ਤੱਕ ਉਨ੍ਹਾਂ ਨੂੰ ਦੂਰ ਨਹੀਂ ਕਰ ਸਕਦੇ।
ਕਈ ਗੁਣਾ ਵਧੇ ਬਿਜਲੀ ਕੁਨੈਕਸ਼ਨ
ਸੂਤਰਾਂ ਅਨੁਸਾਰ 1997 'ਚ ਸਾਰੇ ਪੰਜਾਬ 'ਚ ਲਾਈਨਮੈਨਾਂ ਦੀ ਗਿਣਤੀ ਤਕਰੀਬਨ 1 ਲੱਖ 10 ਹਜ਼ਾਰ ਸੀ, ਉਦੋਂ ਕੰਮ ਦਾ ਲੋਡ ਵੀ ਘੱਟ ਸੀ, ਕੁਨੈਕਸ਼ਨ ਵੀ ਘੱਟ, ਐੱਚ. ਟੀ. ਤੇ ਐੱਲ. ਟੀ. ਲਾਈਨ ਦੀ ਲੰਬਾਈ ਘੱਟ ਸੀ, ਟਰਾਂਸਫਾਰਮਰ ਵੀ ਘੱਟ ਸਨ ਤੇ ਹੁਣ 2017 'ਚ ਸਾਰੇ ਪੰਜਾਬ 'ਚ ਤਕਰੀਬਨ 40 ਹਜ਼ਾਰ ਕਰਮਚਾਰੀ ਬਚੇ ਹਨ ਤੇ ਅੱਜ ਦੀ ਤਰੀਕ 'ਚ ਬਿਜਲੀ ਕੁਨੈਕਸ਼ਨ ਕਈ ਗੁਣਾ ਵੱਧ ਗਏ ਹਨ, ਟਰਾਂਸਫਾਰਮਰ ਵੱਧ ਗਏ ਹਨ ਪਰ ਕੰਮ ਕਰਨ ਵਾਲੇ ਮੁਲਾਜ਼ਮ ਘੱਟ ਹੋ ਗਏ ਹਨ। ਸਾਲ 2018 ਸ਼ੁਰੂ ਹੋਣ ਵਾਲਾ ਹੈ ਤੇ ਟੈਕਨੀਕਲ ਸਟਾਫ 'ਚ ਕੋਈ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ।
ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਨਹੀਂ ਹੋ ਰਹੀ ਭਰਤੀ
ਪਾਵਰਕਾਮ ਨੇ ਕੁਝ ਭਰਤੀਆਂ ਤਾਂ ਕੱਢੀਆਂ ਹਨ ਪਰ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਰਹੀ। ਪਾਵਰਕਾਮ ਦੇ ਟੈਕਨੀਕਲ ਸਟਾਫ ਕੋਲ ਨਾ ਤਾਂ ਟੀ-ਕਿੱਟ ਹੈ, ਉਹ ਆਪਣੀ ਜਾਨ ਖਤਰੇ 'ਚ ਪਾ ਕੇ ਖੰਭਿਆਂ 'ਤੇ ਚੜ੍ਹ ਜਾਂਦੇ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਕਰਦੇ ਹਨ। ਪਾਵਰਕਾਮ ਦੇ ਅਧਿਕਾਰੀ ਆਪਣੇ ਸਿਸਟਮ ਨੂੰ ਹਾਈਟੈੱਕ ਕਰਨ ਦੇ ਦਾਅਵੇ ਤਾਂ ਜ਼ਰੂਰ ਕਰਦੇ ਹਨ ਪਰ ਕੰਮ ਅੱਜ ਵੀ ਪੁਰਾਣੇ ਸਟਾਈਲ 'ਚ ਹੁੰਦਾ ਹੈ।
