ਇਕ ਮਹੀਨੇ ਤੱਕ ਫਾਲਟ ਠੀਕ ਕਰਨ ’ਚ ਹੋਵੇਗੀ ਪ੍ਰੇਸ਼ਾਨੀ, ਪਾਵਰਕਾਮ ਨੇ ਟੈਕਨੀਕਲ ਸਟਾਫ਼ ਦੀ ਲਗਾ ਦਿੱਤੀ ਚੋਣ ਡਿਊਟੀ

Thursday, Jan 20, 2022 - 01:32 PM (IST)

ਇਕ ਮਹੀਨੇ ਤੱਕ ਫਾਲਟ ਠੀਕ ਕਰਨ ’ਚ ਹੋਵੇਗੀ ਪ੍ਰੇਸ਼ਾਨੀ, ਪਾਵਰਕਾਮ ਨੇ ਟੈਕਨੀਕਲ ਸਟਾਫ਼ ਦੀ ਲਗਾ ਦਿੱਤੀ ਚੋਣ ਡਿਊਟੀ

ਜਲੰਧਰ (ਪੁਨੀਤ)–ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਟੈਕਨੀਕਲ ਸਟਾਫ਼ ’ਤੇ ਹੈ ਪਰ ਚੋਣ ਅਧਿਕਾਰੀਆਂ ਵੱਲੋਂ ਪਾਵਰਕਾਮ ਦੇ ਟੈਕਨੀਕਲ ਸਟਾਫ਼ ਦੀ ਚੋਣ ਡਿਊਟੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਆਉਣ ਵਾਲੇ ਇਕ ਮਹੀਨੇ ਵਿਚ ਫਾਲਟ ਪੈਣ ’ਤੇ ਉਸ ਨੂੰ ਠੀਕ ਕਰਨ ਵਿਚ ਪਰੇਸ਼ਾਨੀ ਪੇਸ਼ ਆਵੇਗੀ। ਜਿਸ ਟੈਕਨੀਕਲ ਸਟਾਫ਼ ਦੀ ਡਿਊਟੀ ਲਗਾਈ ਗਈ ਹੈ, ਉਸ ਵਿਚ ਜੇ. ਈ., ਐੱਸ. ਡੀ. ਓ., ਐਕਸੀਅਨ ਅਤੇ ਦੂਸਰੇ ਰੈਂਕ ਦੇ ਅਧਿਕਾਰੀ ਸ਼ਾਮਲ ਹਨ।

ਉਥੇ ਹੀ ਵੋਟਾਂ ਵਾਲੇ ਦਿਨ ਫਾਲਟ ਪੈਂਦਾ ਹੈ ਤਾਂ ਵੋਟਿੰਗ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਫਾਲਟ ਠੀਕ ਕਰਨ ਵਾਲਾ ਸਟਾਫ਼ ਵੋਟਿੰਗ ਕਰਵਾ ਰਿਹਾ ਹੋਵੇਗਾ। ਵੋਟਿੰਗ ਨੂੰ ਅਜੇ ਇਕ ਮਹੀਨਾ ਰਹਿੰਦਾ ਹੈ ਅਤੇ ਟੈਕਨੀਕਲ ਸਟਾਫ਼ ਦੀ ਚੋਣ ਡਿਊਟੀ ਲੱਗਣ ਕਾਰਨ ਪਾਵਰਕਾਮ ਦੇ ਬਿਜਲੀ ਮੇਨਟੀਨੈਂਸ ਨਾਲ ਸਬੰਧਤ ਕੰਮਾਂ ਵਿਚ ਵੀ ਵਿਘਨ ਪਵੇਗਾ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਉਪਭੋਗਤਾਵਾਂ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪੈਣਗੀਆਂ। ਜਲੰਧਰ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਲਗਭਗ ਹਰੇਕ ਜੇ. ਈ. ਦੀ ਚੋਣ ਡਿਊਟੀ ਲੱਗਣ ਨਾਲ ਫਾਲਟ ਠੀਕ ਹੋਣਾ ਮੁਸ਼ਕਿਲ ਹੋਵੇਗਾ। ਇਸ ਦੇ ਕਈ ਤਕਨੀਕੀ ਕਾਰਨ ਹਨ। ਜਦੋਂ ਫਾਲਟ ਪੈਂਦਾ ਹੈ ਤਾਂ ਜੇ. ਈ. ਵੱਲੋਂ ਸਬੰਧਤ ਲਾਈਨ ਨੂੰ ਠੀਕ ਕਰਨ ਲਈ ਸਬ-ਸਟੇਸ਼ਨ ਤੋਂ ਉਕਤ ਲਾਈਨ ਬੰਦ ਕਰਵਾਈ ਜਾਂਦੀ ਹੈ ਅਤੇ ਰਿਪੇਅਰ ਕਰਨ ਲਈ ਪਰਮਿਟ ਲਿਆ ਜਾਂਦਾ ਹੈ। ਇਸ ਉਪਰੰਤ ਜੇ. ਈ. ਦੀ ਮੌਜੂਦਗੀ ਵਿਚ ਲਾਈਨਮੈਨ ਅਤੇ ਅਸਿਸਟੈਂਟ ਲਾਈਨਮੈਨ ਖੰਭਿਆਂ ਅਤੇ ਟਰਾਂਸਫਾਰਮਰਾਂ ਦੀ ਰਿਪੇਅਰ ਸ਼ੁਰੂ ਕਰਦੇ ਹਨ। ਜੇ. ਈ. ਦੀ ਮੌਜੂਦਗੀ ਦੇ ਬਿਨਾਂ ਉਨ੍ਹਾਂ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਹੈ। ਅਜਿਹੇ ਹਾਲਾਤ ਵਿਚ ਲਾਈਨ ਦੀ ਰਿਪੇਅਰ ਕਰਵਾਉਣ ਲਈ ਪਰਮਿਟ ਕਿਵੇਂ ਲਿਆ ਜਾਵੇਗਾ, ਇਹ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ

ਚੋਣਾਂ ਤੋਂ ਪਹਿਲਾਂ ਦੇ ਇਸ ਇਕ ਮਹੀਨੇ ਦੇ ਸਮੇਂ ਦੌਰਾਨ ਵੋਟਿੰਗ ਦੀ ਪ੍ਰਕਿਰਿਆ ਨੂੰ ਸਮਝਣ ਅਤੇ ਹੋਰ ਕੰਮਾਂ ਲਈ ਜੇ. ਈ. ਨੂੰ ਕਈ ਵਾਰ ਡੀ. ਸੀ. ਆਫਿਸ ਜਾਣਾ ਹੋਵੇਗਾ, ਜਿਸ ਕਾਰਨ ਜੇ. ਈ. ਬਿਜ਼ੀ ਰਹਿਣਗੇ ਅਤੇ ਕਈ ਕੰਮ ਰੁਕ ਜਾਣਗੇ। ਜਲੰਧਰ ਸਰਕਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਚੋਣ ਅਧਿਕਾਰੀ ਨੂੰ ਪੱਤਰ ਲਿਖਣਗੇ ਅਤੇ ਟੈਕਨੀਕਲ ਸਟਾਫ ਦੀ ਚੋਣ ਡਿਊਟੀ ਨਾ ਲਗਾਉਣ ਦੀ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਜੇ. ਈ., ਐੱਸ. ਡੀ. ਓ. ਦੇ ਬਿਨਾਂ ਕੰਮ ਚਲਾਉਣਾ ਅਸੰਭਵ ਪ੍ਰਤੀਤ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਸੰਭਾਵਨਾ ਹੈ, ਜਿਸ ਕਾਰਨ ਫਾਲਟ ਪੈਣਾ ਸੁਭਾਵਿਕ ਹੈ। ਅਜਿਹੇ ਹਾਲਾਤ ਵਿਚ ਬਿਜਲੀ ਦੀ ਮੁਰੰਮਤ ਕਿਵੇਂ ਹੋ ਸਕੇਗੀ।

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਐਲਾਨ, ਨਵੀਂ ਸਰਕਾਰ ਬਣਨ ਤੋਂ ਪਹਿਲਾਂ 36 ਹਜ਼ਾਰ ਮੁਲਾਜ਼ਮ ਹੋਣਗੇ ਪੱਕੇ, ਕੈਪਟਨ ਨੂੰ ਦਿੱਤਾ ਚੈਲੇਂਜ

ਕਈ ਬਿਜਲੀ ਘਰਾਂ ’ਚ ਕੈਸ਼ ਕਾਊਂਟਰ ਵੀ ਹੋਏ ਬੰਦ
ਚੋਣਾਂ ’ਚ ਪਾਵਰਕਾਮ ਦੇ ਦਫਤਰੀ ਸਟਾਫ ਦੀ ਵੀ ਡਿਊਟੀ ਲਗਾਈ ਗਈ ਹੈ ਅਤੇ ਹਰੇਕ ਦਫਤਰ ਤੋਂ ਜ਼ਿਆਦਾਤਰ ਸਟਾਫ ਨੂੰ ਡਿਊਟੀ ਲਈ ਬੁਲਾ ਲਿਆ ਗਿਆ ਹੈ। ਇਸ ਲੜੀ ਵਿਚ ਪਾਵਰਕਾਮ ਦੇ ਕਈ ਬਿਜਲੀ ਘਰਾਂ ਵਿਚ ਕੈਸ਼ ਕਾਊਂਟਰ ਵੀ ਬੰਦ ਹੋ ਗਏ ਹਨ। ਮਾਡਲ ਟਾਊਨ ਡਵੀਜ਼ਨ ਅਧੀਨ ਆਉਂਦੇ ਲਾਂਬੜਾ ਸਬ-ਡਵੀਜ਼ਨ ਿਵਚ ਬਿਜਲੀ ਬਿੱਲ ਜਮ੍ਹਾ ਕਰਵਾਉਣ ਲਈ ਗਏ ਉਪਭੋਗਤਾਵਾਂ ਨੂੰ ਨਿਰਾਸ਼ ਵਾਪਸ ਮੁੜਨਾ ਪਿਆ। ਪਤਾ ਲੱਗਾ ਕਿ ਦਫਤਰੀ ਸਟਾਫ ਦੀ ਡਿਊਟੀ ਲੱਗੀ ਹੈ। ਜਦੋਂ ਕਰਮਚਾਰੀ ਦੇ ਆਉਣ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਇਸ ਸਬੰਧੀ ਦੱਸਣ ਲਈ ਕੋਈ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ: ਚੋਣਾਂ ਦੇ ਗਣਿਤ 'ਚ ਹਿੰਦੂਆਂ ਤੇ ਵਪਾਰੀਆਂ ਨੂੰ ਭੁੱਲੀਆਂ ਸਿਆਸੀ ਪਾਰਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News