ਮਹਾਨਗਰ ਦੇ ਬਾਜ਼ਾਰਾਂ ’ਚ ਪਾਵਰਕਾਮ ਦਾ ਹਾਦਸਿਆਂ ਦਾ ਸੱਦਾ, ਟੈਕਸ ਅਦਾਇਗੀ ਦੇ ਬਾਵਜੂਦ ਖਤਰਿਆਂ ਦਾ ਸਾਇਆ
Monday, Sep 11, 2023 - 03:35 PM (IST)
ਜਲੰਧਰ (ਪੁਨੀਤ) : ਸਿਸਟਮ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਾ ਪਾਵਰਕਾਮ ਮਹਾਨਗਰ ਦੇ ਅੰਦਰੂਨੀ ਬਾਜ਼ਾਰ ’ਚ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਬਾਜ਼ਾਰਾਂ ਤੋਂ ਸਰਕਾਰ ਨੂੰ ਟੈਕਸ ਦੇ ਰੂਪ ’ਚ ਮੋਟੀ ਆਮਦਨ ਹੋਣ ਦੇ ਬਾਵਜੂਦ ਇਨ੍ਹਾਂ ’ਚ ਸਹੂਲਤਾਂ ਦੀ ਘਾਟ ਹੈ। ਬੀਤੇ ਸਾਲ ਦੌਰਾਨ ਅਟਾਰੀ ਬਾਜ਼ਾਰ ’ਚ ਭਿਆਨਕ ਅੱਗ ਲੱਗੀ ਸੀ, ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਸਪਾਰਕਿੰਗ ਤੇ ਸ਼ਾਰਟ ਸਰਕਟ ਕਾਰਨ ਲੱਗੀ ਇਸੇ ਅੱਗ ’ਤੇ ਕਾਬੂ ਪਾਉਣ ਲਈ ਫੌਜ ਨੂੰ ਬੁਲਾਉਣਾ ਪਿਆ ਸੀ। ਬਾਜ਼ਾਰਾਂ ’ਚ ਤਾਰਾਂ ਦੇ ਜੰਜਾਲ ਹੈ, ਜਿਥੇ ਰੂਟੀਨ ’ਚ ਸਪਾਰਕਿੰਗ ਹੁੰਦੀ ਦੇਖਣ ਨੂੰ ਮਿਲਦੀ ਹੈ, ਮੋਟੀ ਟੈਕਸ ਅਦਾਇਗੀ ਕਰਨ ਵਾਲੇ ਦੁਕਾਨਦਾਰਾਂ ਨੂੰ ਅੱਗ ਲੱਗਣ ਦਾ ਡਰ ਰਹਿੰਦਾ ਹੈ, ਕਿਉਂਕਿ ਇਥੇ ਖਤਰਿਆਂ ਦਾ ਸਾਇਆ ਹੈ। ਬਾਜ਼ਾਰਾਂ ਨਾਲ ਸਬੰਧਤ ਸ਼ਾਪਕੀਪਰਸ ਐਸੋਸੀਏਸ਼ਨਾਂ ਵੱਲੋਂ ਪਾਵਰਕਾਮ ਨੂੰ ਸ਼ਿਕਾਇਤਾਂ ਕਰਨ ’ਤੇ ਵੀ ਮਸਲੇ ਦਾ ਹੱਲ ਨਹੀਂ ਹੋ ਪਾ ਰਹੀ ਹੈ। ਲੋਕਾਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ ਕਰਨ ’ਤੇ ਵੀ ਮਸਲੇ ਦਾ ਹੱਲ ਨਹੀਂ ਹੋ ਪਾ ਰਿਹਾ ਹੈ। ਲੋਕਾਂ ਵੱਲੋਂ ਦੱਸੀ ਗਈ ਸਮੱਸਿਆਵਾਂ ’ਤੇ ਉਕਤ ਬੁਲਾਰੇ ਵਲੋਂ ਇਨ੍ਹਾਂ ਇਲਾਕਿਆਂ ਦਾ ਮੌਕਾ ਮੁਆਇਨਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਜਗ੍ਹਾ-ਜਗ੍ਹਾ ਤਾਰਾਂ ਦੇ ਗੁੱਛੇ ਹੈ। ਦੁਕਾਨਦਾਰ ਦੱਸਦੇ ਹਨ ਕਿ ਕਈ ਵਾਰ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਬਿਜਲੀ ਦੇ ਵਰਕਰਾਂ ਨੂੰ ਖਰਾਬ ਵਾਲੀ ਤਾਰ ਲੱਭਣ ’ਚ ਬਹੁਤ ਸਮਾਂ ਲੱਗ ਜਾਂਦਾ ਹੈ। ਸਥਾਨਕ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਵਿਭਾਗ ਤੋਂ ਸਿਸਟਮ ਸੁਧਾਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੇ ਫਰਮਾਨ ਨਾਲ ਖਿਡਾਰੀ ਭੰਬਲਭੂਸੇ ’ਚ, ਸ਼ੂਟਰਾਂ ਨੂੰ ਹੁਣ ਸਿਰਫ਼ 2 ਘੰਟੇ ਹੀ ਅਭਿਆਸ ਦੀ ਇਜਾਜ਼ਤ
ਕਈ ਮੌਤਾਂ ਤੋਂ ਬਾਅਦ ਵੀ ਨਹੀਂ ਜਾਗਿਆ ਵਿਭਾਗ
ਪਿਛਲੇ ਸਮੇਂ ਦੌਰਾਨ ਇਨ੍ਹਾਂ ਅੰਦਰੂਨੀ ਬਾਜ਼ਾਰਾਂ ’ਚ ਬਿਜਲੀ ਦਾ ਅਵਿਵਸਥਿਤ ਸਿਸਟਮ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ। ਹੁਣੇ ਜਿਹੇ ਹੋਏ ਇਕ ਹਾਦਸੇ ਦੌਰਾਨ ਪਿਤਾ-ਪੁੱਤਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ, ਕਿਉਂਕਿ ਮੀਂਹ ਦੇ ਦਿਨਾਂ ’ਚ ਇਕ ਤਾਰ ਟੁੱਟ ਕੇ ਪਾਣੀ ’ਚ ਜਾ ਡਿੱਗੀ ਸੀ, ਜਿਸ ਦੀ ਲਪੇਟ ’ਚ ਉਕਤ ਪਿਤਾ-ਪੁੱਤਰ ਆ ਗਏ ਸਨ। ਦੁਕਾਨਦਾਰ ਦੱਸਦੇ ਹਨ ਕਿ ਹਾਦਸਿਆਂ ਤੋਂ ਬਾਅਦ ਵਿਭਾਗ ਵਲੋਂ ਖਾਨਾਪੂਰਤੀ ਕਰਦੇ ਹੋਏ ਤਾਰਾਂ ਦੇ ਜੋੜ ਆਦਿ ਪੱਕੇ ਕਰ ਦਿੱਤੇ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਫਿਰ ਉਹੀ ਹਾਲਾਤ ਬਣ ਜਾਂਦੇ ਹਨ। ਵਿਭਾਗੀ ਕਾਰਵਾਈ ਨੂੰ ਦੁਕਾਨਦਾਰ ਊਠ ਦੇ ਮੂੰਹ ’ਚ ਜ਼ੀਰਾ ਦੱਸਦੇ ਹਨ।
ਗਰਮੀ ਦੇ ਮੌਸਮ ’ਚ ਵਧ ਸਕਦਾ ਹੈ ਖਤਰਾ
ਬਿਜਲੀ ਦੀ ਮੰਗ ਵਧਣ ਨਾਲ ਸਪਾਰਕਿੰਗ ’ਚ ਵਾਧਾ ਦੇਖਣ ਨੂੰ ਮਿਲਦੀ ਹੈ। ਆਮ ਤੌਰ ’ਤੇ ਗਰਮੀ ਦੇ ਸੀਜ਼ਨ ’ਚ ਖਤਰਾ ਬਹੁਤ ਵਧ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਡੀ-ਲੋਡ ਕਰਨ ਦਾ ਕੰਮ ਕਰਵਾਇਆ ਗਿਆ ਸੀ ਪਰ ਹੁਣ ਵੀ ਸਿਸਟਮ ਓਵਰਲੋਡ ਚੱਲ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਖਰਾਬੀ ਦੇ ਕੇਸ ਰੂਟੀਨ ’ਚ ਦੇਖਣ ਨੂੰ ਮਿਲਦੇ ਹਨ।
ਹਾਦਸਿਆਂ ਤੋਂ ਬਚਣ ਲਈ ਦੁਕਾਨਦਾਰਾਂ ਨੇ ਲਾਏ ਜੁਗਾੜ
ਸਪਾਰਕਿੰਗ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਦੁਕਾਨਦਾਰਾਂ ਵੱਲੋਂ ਆਪਣੇ ਪੱਧਰ ’ਤੇ ਜੁਗਾੜ ਲਾਏ ਗਏ ਹਨ। ਗਲੀ ’ਚੋਂ ਨਿਕਲਣ ਵਾਲੀਆਂ ਤਾਰਾਂ ’ਚ ਹੋਣ ਵਾਲੀ ਸਪਾਰਕਿੰਗ ਕਾਰਨ ਦੁਕਾਨਾਂ ਦੇ ਬਾਹਰ ਰੱਖੇ ਕੱਪੜਿਆਂ ’ਚ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਤਿਰਪਾਲ ਨਾਲ ਏਰੀਆ ਕਵਰ ਕੀਤਾ ਗਿਆ ਹੈ। ਤਿਰਪਾਲਾਂ ਕਾਰਨ ਦੁਕਾਨਦਾਰ ਕੁਦਰਤੀ ਰੌਸ਼ਨੀ ਤੋਂ ਵਾਂਝੇ ਹਨ ਤੇ ਦਿਨ ਦੇ ਸਮੇਂ ਵੀ ਦੁਕਾਨਾਂ ਦੇ ਬਾਹਰ ਵਾਲੀ ਲਾਈਟਾਂ ਜਗਾਉਣੀਆਂ ਪੈਂਦੀਆਂ ਹਨ। ਇਸ ਦੇ ਚੱਲਦੇ ਖਪਤ ਵਧਦੀ ਹੈ ਤੇ ਬਿਲ ਵੱਧ ਆਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜ਼ੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ
ਸੜਕ ’ਤੇ ਲੱਗੇ ਟ੍ਰਾਂਸਫਾਰਮਰ ਬਣ ਰਹੇ ਰੁਕਾਵਟ
ਵੱਖ-ਵੱਖ ਬਾਜ਼ਾਰਾਂ ’ਚ ਸੜਕ ’ਤੇ ਲੱਗੇ ਟਰਾਂਸਫਾਰਮਰਾਂ ਦੀ ਵਜ੍ਹਾ ਨਾਲ ਰਾਹਾਂ ’ਚ ਰੁਕਾਵਟ ਪੈਦਾ ਹੁੰਦੀ ਹੈ। ਦੁਕਾਨਦਾਰਾਂ ਵਲੋਂ ਆਪਣੇ ਪੱਧਰ ’ਤੇ ਕੋਸ਼ਿਸ਼ ਕਰ ਕੇ ਕਈ ਟ੍ਰਾਂਸਫਾਰਮਰਾਂ ਨੂੰ ਜ਼ਮੀਨ ਤੋਂ ਚੁੱਕ ਕੇ ਵੱਡੇ ਸਟੈਂਡ ’ਤੇ ਰਖਵਾਇਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੁਣ ਵੀ ਕਈ ਥਾਵਾਂ ’ਤੇ ਰੱਖੇ ਟ੍ਰਾਂਸਫਾਰਮਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਟ੍ਰਾਂਸਫਾਰਮਰਾਂ ਲਈ ਉਚਿਤ ਪ੍ਰਬੰਧ ਕਰਨਾ ਚਾਹੀਦਾ ਤੇ ਵੱਧ ਜਗ੍ਹਾ ਘੇਰਣ ਵਾਲੇ ਟ੍ਰਾਂਸਫਾਰਮਰਾਂ ਦੇ ਬਦਲ ਪ੍ਰਬੰਧ ਕਰ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਲਟਕ ਰਹੀਆਂ ਤਾਰਾਂ ਕਾਰਨ ਫਾਇਰ ਬ੍ਰਿਗੇਡ ਦਾ ਦਾਖਲਾ ਮੁਸ਼ਕਿਲ
ਕਈ ਥਾਵਾਂ ’ਤੇ ਤਾਰਾਂ ਲਟਕ ਰਹੀ ਹੈ ਜੋ ਕਿ ਐਮਰਜੈਂਸੀ ਸਥਿਤੀ ’ਚ ਫਾਇਰ ਬ੍ਰਿਗੇਡ ਵਰਗੇ ਵਾਹਨਾਂ ਦੇ ਘਟਨਾ ਵਾਲੀਆਂ ਥਾਵਾਂ ’ਚ ਪਹੁੰਚਣ ’ਚ ਮੁਸ਼ਕਿਲ ਪੈਦਾ ਕਰ ਸਕਦੀਆਂ ਹਨ। ਪਿਛਲੇ ਸਮੇਂ ਦੌਰਾਨ ਜਦੋਂ ਅੱਗ ਲੱਗੀ ਸੀ ਤਾਂ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਦਾ ਦਾਖਲਾ ਨਹੀਂ ਹੋ ਪਾ ਰਿਹਾ ਹੈ। ਭਾਰਤੀ ਫੌਜ ਦੇ ਜਵਾਨ ਆ ਕੇ ਸਥਿਤੀ ਨਾ ਸੰਭਲਦੇ ਤਾਂ ਨੁਕਸਾਨ ’ਚ ਬਹੁਤ ਵੱਧ ਹੋ ਸਕਦੀ ਸੀ। ਅੱਗ ਲੱਗਣ ਦੇ ਕਈ ਘੰਟਿਆਂ ਬਾਅਦ ਫੌਜ ਨੂੰ ਬੁਲਾਇਆ ਗਿਆ ਸੀ ਤੇ ਇਸ ਦੌਰਾਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ। ਇਨ੍ਹਾਂ ਤਾਰਾਂ ਦਾ ਉਪਰ ਉਠਾਇਆ ਜਾਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਰੰਗਲੇ ਪੰਜਾਬ ਦੇ ਹਰ ਰੰਗ ਨਾਲ ਸੈਲਾਨੀਆਂ ਨੂੰ ਕਰਵਾਵਾਂਗੇ ਰੂ-ਬ-ਰੂ : ਅਨਮੋਲ ਗਗਨ
ਬੰਧਤ ਸਬ-ਡਵੀਜ਼ਨ ਸਟਾਫ ਹੋਵੇਗਾ ਜ਼ਿੰਮੇਵਾਰ : ਦੁਕਾਨਦਾਰ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਾਦਸਿਆਂ ਤੋਂ ਬਾਅਦ ਵਿਭਾਗੀ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ’ਚ ਅੱਗ ਲੱਗਣਾ ਜਾਂ ਜਾਨੀ ਨੁਕਸਾਨ ਹੋਣ ਲਈ ਸਬੰਧਤ ਸਬ-ਡਵੀਜ਼ਨ ਦਾ ਸਟਾਫ ਜ਼ਿੰਮੇਵਾਰ ਹੋਵੇਗਾ, ਕਿਉਂਕਿ ਸਮੇਂ-ਸਮੇਂ ’ਤੇ ਹੋਣ ਵਾਲੀਆਂ ਸ਼ਿਕਾਇਤਾਂ ਦੇ ਬਾਵਜੂਦ ਜ਼ਰੂਰੀ ਕਦਮ ਨਹੀਂ ਉਠਾਏ ਗਏ, ਜਿਸ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਦਾ ਹੱਲ ਨਹੀਂ ਹੋ ਸਕਿਆ ਹੈ।
ਇੰਟਰਨੈੱਟ ਤੇ ਕੇਬਲ ਦੀਆਂ ਤਾਰਾਂ ਨਾਲ ਵਧੀਆਂ ਉਲਝਣਾਂ : ਅਧਿਕਾਰੀ
ਪਾਵਰਕਾਮ ਦੇ ਸੀਨੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਰਾਂ ਦੇ ਜੰਜਾਲ ਲਈ ਪਾਵਰਕਾਮ ਨੂੰ ਬਿਨਾਂ ਵਜ੍ਹਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਸਲ ’ਚ ਇੰਟਰਨੈੱਟ ਤੇ ਕੇਬਲ ਆਦਿ ਦੀਆਂ ਤਾਰਾਂ ਕਾਰਨ ਤਾਰਾਂ ਦੇ ਗੁੱਛੇ ਬਣ ਚੁੱਕੇ ਹਨ। ਲੋਕ ਜਦੋਂ ਆਪਣਾ ਇੰਟਰਨੈੱਟ ਕੁਨੈਕਸ਼ਨ ਬਦਲ ਲੈਂਦੇ ਹਨ ਤਾਂ ਉਹ ਕੰਪਨੀ ਵੱਲੋਂ ਆਪਣੀਆਂ ਤਾਰਾਂ ਨੂੰ ਨਹੀਂ ਹਟਾਇਆ ਜਾਂਦਾ, ਜਿਸ ਦੀ ਵਜ੍ਹਾ ਨਾਲ ਤਾਰਾਂ ਲਟਕ ਜਾਂਦੀਆਂ ਹਨ। ਬਿਜਲੀ ਦੀਆਂ ਤਾਰਾਂ ਘੱਟ ਹਨ, ਜਦਕਿ ਦੂਜੀਆਂ ਤਾਰਾਂ ਕਈ ਗੁਣਾ ਵੱਧ ਹਨ।ਇਨ੍ਹਾਂ ਤਾਰਾਂ ਕਾਰਨ ਪਾਵਰਕਾਮ ਦੇ ਸਟਾਫ ਨੂੰ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।
ਇਹ ਵੀ ਪੜ੍ਹੋ : ਮਾਂ-ਪਿਓ ਨੇ ਰੋ-ਰੋ ਸੁਣਾਈ ਨਸ਼ੇੜੀ ਪੁੱਤ ਦੀ ਦਾਸਤਾਨ, ਪੰਜਾਬ ਪੁਲਸ ਦੇ SHO ਨੇ ਕਾਇਮ ਕੀਤੀ ਅਨੋਖੀ ਮਿਸਾਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8