ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਪਾਵਰਕਾਮ ਵਿਰੁੱਧ ਰੋਸ ਧਰਨਾ

06/28/2018 1:34:36 AM

 ਸ੍ਰੀ ਹਰਗੋਬਿੰਦਪੁਰ/ਘੁਮਾਣ,   (ਰਮੇਸ਼, ਬੱਬੂ)-  ਅੱਜ ਸਥਾਨਕ ਪਾਵਰਕਾਮ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਰੋਸ ਧਰਨਾ ਦਿੱਤਾ ਗਿਆ  ਤੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ 24 ਘੰਟਿਆਂ ਵਿਚੋਂ ਸਿਰਫ਼ 3 ਘੰਟੇ ਹੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਾਂਡਾ ਫੀਡਰ ਦੇ ਅਧੀਨ ਆਉਂਦੇ ਪਿੰਡ ਮਾਡ਼ੀ ਟਾਂਡਾ ਦੇ ਕਿਸਾਨਾਂ ਜਸਵਿੰਦਰ ਸਿੰਘ ਧੂਰੀ, ਗੁਲਜ਼ਾਰ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ  ਤੇ ਰਾਜੂ ਨੇ  ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਨਾਮਾਤਰ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧ ਵਿਚ ਪਿੰਡ ਵਾਸੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲੇ ਅਤੇ ਆਪਣੀ ਪ੍ਰੇਸ਼ਾਨੀ ਬਾਰੇ ਦੱਸਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਾਵਰਕਾਮ ਨੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਬਿਜਲੀ ਦੀ ਸਪਲਾਈ ਪੂਰੀ ਨਾ ਦਿੱਤੀ ਤਾਂ ਉਹ ਚੱਕਾ ਜਾਮ ਕਰਨਗੇ ਅਤੇ  ਸੰਘਰਸ਼ ਆਰੰਭ ਕਰਨਗੇ। 
 ਕਾਦੀਆਂ, (ਜ਼ੀਸ਼ਾਨ)-ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਖੇਤਰ ਅੰਦਰ ਚੁੱਕੇ ਜਾ ਰਹੇ ਲੋਕ ਅਤੇ ਮੁਲਾਜ਼ਮ ਵਿਰੋਧੀ ਕਦਮਾਂ ਖਿਲਾਫ਼ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਮੰਡਲ ਦਫ਼ਤਰ ਕਾਦੀਆਂ ਅੱਗੇ ਧਰਨਾ ਦੇਣ ਉਪਰੰਤ ਬਿਜਲੀ ਘਰ ਚੌਕ ’ਚ ਚੱਕਾ ਜਾਮ ਕਰ ਕੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ, ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਰਣਜੀਤ ਸਿੰਘ ਨੇ ਕੀਤੀ। ਇਸ ਮੌਕੇ ਮੰਡਲ ਕਮੇਟੀ ਦੀ ਅਗਵਾਈ ਹੇਠ ਡੈਪੂਟੇਸ਼ਨ ਵੱਲੋਂ ਤਹਿਸੀਲਦਾਰ ਕਾਦੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਵੀ ਭੇਜਿਆ ਗਿਆ।  ਇਸ ਮੌਕੇ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਜਾਰੀ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਹਨ, ਬਿਜਲੀ ਪੈਦਾਵਾਰ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਕੇ ਮਹਿੰਗੀ ਬਿਜਲੀ ਰਾਹੀਂ ਲੋਕਾਂ ਦਾ ਖੂਨ ਨਿਚੋਡ਼ਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਰਕਸ਼ਾਪਾਂ ਬੰਦ ਕੀਤੀਆਂ ਗਈਆਂ ਹਨ, 66 ਕੇ. ਵੀ. ਸਬ ਸਟੇਸ਼ਨ ਠੇਕੇਦਾਰਾਂ ਦੇ ਹਵਾਲੇ ਕਰਨ ਦੇ ਕਦਮ ਚੁੱਕੇ ਜਾ ਰਹੇ ਹਨ, ਨਵੀਂ ਪੱਕੀ ਭਰਤੀ ਚਾਲੂ ਨਹੀਂ ਕੀਤੀ ਜਾ ਰਹੀ, ਤਨਖਾਹ ਸਕੇਲ  ਵਿਚ ਵਾਧਾ ਨਹੀਂ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਨਵੇਂ ਭਰਤੀ ਹੋਏ ਅਤੇ  ਰਿਟਾ. ਇੰਜੀ. ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿਚ ਰਿਆਇਤ ਦਿੱਤੀ ਜਾਵੇ, ਕੰਟਰੀਬਿਊਟਰੀ ਪੈਨਸ਼ਨ ਸਕੀਮ ਬੰਦ ਕਰ ਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕੀਤੀ ਜਾਵੇ, ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ। ਇਸ ਮੌਕੇ ਸੰਤੋਖ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਭਜਨ ਸਿੰਘ, ਫ਼ਕੀਰ ਚੰਦ, ਅਨਾਇਤ ਆਦਿ ਮੌਜੂਦ ਸਨ।
 


Related News